Breaking News
Home / ਨਜ਼ਰੀਆ / ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ

ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ

ਕਈ ਮਿਲੀਅਨ ਅਮਰੀਕਨਾਂ ਦਾ ਦਿਲ ਤੇ ਸਮਰਥਨ ਜਿੱਤ ਚੁਕਿਆ ਹੈ!
ਬਲਰਾਜ ਚੀਮਾ
ਪ੍ਰਧਾਨ ਦੇ ਚੋਣ ਅਖਾੜੇ ਦੀ ਪ੍ਰਿਸ਼ਟਭੂਮੀ ਵਿੱਚ, ਭਾਰੀ ਦੈਂਤ ਕਦ, ਵੇਖਣ ਨੂੰ ਵੀ ਅੱਖੜ, ਔਝੜ ਸੁਭਾਅ, ਬੋਲ ਕਬੋਲ, ਢਲ਼ਦੀ ਆਯੂ ਤੇ ਵਧਦੀ ਲਾਲਸਾ ਦਾ ਮੁਜੱਸਮਾਂ, ਕਈ ਤਰਾਂ ਦੇ ਲੋਸ਼ਨ ਸ਼ੋਸ਼ਨਾਂ ਨਾਲ ਅਸਲ ਉਮਰ ਨੂੰ ਕੱਜਦਾ, ਅਸਧਾਰਨ ਮਨੁੱਖ ਸਾਧਾਰਨ ਮਨੁੱਖਾਂ ਲਈ ਡਰਨੇ ਦਾ ਪ੍ਰਤੀਕ, ਅਮਰੀਕਨ ਰਿਪਬਲਿਕ ਪਾਰਟੀ ਲਈ ਖ਼ਾਸ ਕਰਕੇ ਅਤੇ ਬਾਕੀ ਦੇ ਮਨੁੱਖਾਂ ਲਈ ਆਮ ਕਰਕੇ ਚਿੰਤਾ ਦਾ ਅਨਿਸਚਿਤ ਚਿੰਨ ਬਣਿਆ ਹੋਇਆ ਹੈ। ਡਾਨਲਡ ਟਰੰਪ ਅਮਰੀਕਨ ਸਿਆਸੀ ਇਤਿਹਾਸ ਵਿੱਚ ਇੱਕ ਵਚਿੱਤਰ, ਹੁਣ ਤੀਕ ਅਣਸੁਣਿਆ ਤੇ ਅਣਵੇਖਿਆ ਅਜਨਬੀ ਵਰਤਾਰਾ ਬਣ ਕੇ ਵੋਟਰਾਂ ਮੂਹਰੇ ਆ ਖਲੋਤਾ ਹੈ। ਜਿਸ ਪਾਰਟੀ ਦਾ ਸਹਾਰਾ ਲੈ ਕੇ ਉਹ ਚੋਣ ਲੜ ਰਿਹਾ ਹੈ ਉਸ ਵੱਲੋਂ ਕਈ ਤਰਾਂ ਦੇ ਡਰ ਤੇ ਖ਼ਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਰਿਪਬਲੀਕਨ ਪਾਰਟੀ ਅੰਦਰ ਇੱਕ ਦੋ ਮੁਕਾਬਲੇ ਦੇ ਉਮੀਦਵਾਰ ਝੜ ਗਏ ਹਨ ਅਤੇ ਗੁੱਸੇ ਵਿੱਚ ਨਵੰਬਰ ਵਿੱਚ ਹੋਣ ਵਾਲੀ ਅੰਤਮ ਚੋਣ ਲਈ ਉਸ ਨੂੰ ਸਮਰਥਨ ਦੇਣ ਤੋਂ ਵੀ ਇਨਕਾਰੀ ਹੋ ਗਏ ਹਨ।
ਇਹੋ ਜਿਹਾ ਦ੍ਰਿਸ਼ ਅਮਰੀਕਾ ਦੇ ਪ੍ਰਧਾਨ ਪਦ ਦੀਆਂ ਚੋਣਾਂ ਦੌਰਾਨ ਵੇਖਣ ਵਿੱਚ ਪਹਿਲਾਂ ਕਦੇ ਨਹੀਂ ਆਇਆ।
ਇਸੇ ਕਰਕੇ ਅਮਰੀਕਨ ਵੋਟਰ, ਸਿਆਸੀ ਮਾਹਰ, ਆਲੋਚਕ ਤੇ ਟਿਪੱਣੀਕਾਰ ਡਾਨਲਡ ਟਰੰਪ ਦੀ ਵੱਧਦੀ ਚੜਤ ਵਲ ਵੇਖ ਕੇ ਹੈਰਾਨ ਹੋ ਰਹੇ ਹਨ। ਇਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਅੰਦਰ ਪਰਧਾਨ ਦੀ ਚੋਣ ਦੀ ਤਰਾਸਦੀ ਇਹ ਹੈ ਕਿ ਇਹ ਚੋਣ ਸਿਰਫ਼ ਦੋ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰਲੀ ਸੌੜੀ ਸਪੇਸ ਦੀ ਕੈਦੀ ਬਣ ਕੇ ਰਹਿ ਗਈ ਹੈ। ਤੀਜੀ ਪਾਰਟੀ ਦੇ ਉਮੀਦਵਾਰ, ਭਾਵੇਂ ਉਹ ਅਤਿ ਸੁਹਿਰਦ, ਸ੍ਰੇਸ਼ਟ, ਉਤਕ੍ਰਿਸ਼ਟ, ਬੁੱਧੀਮਾਨ ਤੇ ਰੌਸ਼ਨ ਦਿਮਾਗ਼ ਹੁੰਦੇ ਹਨ ਫ਼ਿਰ ਵੀ ਚੋਣ ਪ੍ਰਬੰਧਕ ਢਾਂਚੇ ਦੇ ਮੈਨੇਜਰ ਇਸ ਚੋਣ ਨੂੰ ਇਸ ਤਰਾਂ ਸੀਮਤ ਤੇ ਸੁਗੇੜ ਕੇ ਪੇਸ਼ ਕਰਦੇ ਹਨ ਕਿ ਤੀਜੇ ਉਮੀਦਵਾਰ ਨੂੰ ਉਖਾੜੇ ਅੰਦਰ ਦਾਖ਼ਲ ਹੋਣ ‘ਤੇ ਬੰਧਸ਼ ਲਗਾ ਦਿੱਤੀ ਜਾਂਦੀ ਹੈ; ਇਸ ਘਾਤਕ ਬੰਧਸ਼ ਦਾ ਅਸੁਖਾਵਾਂ ਨਤੀਜਾ ਇਹ ਹੁੰਦਾ ਹੈ ਕਿ ਸੀਮਤ ਚੋਣ ਸ਼ਰਤਾਂ ਵੱਸ ਅਮਰੀਕਾ ਦੇ ਸਭ ਤੋਂ ਉਤਮ ਦਿਮਾਗ਼ ਤੇ ਅਮਰੀਕਾ ਦੇ ਭਵਿੱਖ ਦਾ ਦਰਦ ਤੇ ਦ੍ਰਿਸ਼ਟੀ ਰੱਖਣ ਵਾਲੇ ਉਮੀਦਵਾਰ ਬੇਹੱਦ ਸੁਬਕ ਚਾਲਾਕੀ ਨਾਲ ਇਸ ਦੰਗਲ ਤੋਂ ਬਾਹਰ ਰੱਖ ਦਿੱਤੇ ਜਾਂਦੇ ਹਨ। ਜ਼ਾਹਰ ਹੈ, ਅਮਰੀਕਾ ਦੀ ਹੋਣੀ ਦੀ ਵਾਗਡੋਰ ਰਾਨਲਡ ਰੀਗਨ ਤੇ ਜੋਰਜ ਬੁਸ਼ ਜਿਹੇ ਮਧਰੇ ਮਾਨਸਿਕ ਕਦ ਵਾਲੇ ਉਮੀਦਵਾਰਾਂ ਹੱਥ ਆ ਜਾਂਦੀ ਹੈ ਤੇ ਅਮਰੀਕਨ ਅਰਥਚਾਰਾ, ਸਮਾਜ, ਅਤੇ ਅਮਰੀਕਾ ਦੇ ਇਮੇਜ (ਅਕਸ, ਬਿੰਬ) ਨੂੰ ਭਾਰੀ ਹਾਨੀ ਪਹੁੰਚਦੀ ਹੈ।
ਗੁਣਦੋਸ਼ ਜਾਂਚਕਾਰ ਸੰਕੇਤ ਕਰਦੇ ਹਨ ਕਿ ਅਮਰੀਕਾ ਦੇ ਪ੍ਰਧਾਨ ਦੀ ਚੋਣ ਵਿਧੀ, ਢਾਂਚਾ, ਸੀਮਾਵਾਂ ਤੇ ਸ਼ਰਤਾਂ ਕਾਰਨ ਪਿਛਲੀ ਸਦੀ ਦੌਰਾਨ ਦੇ ਵਰਤਾਰਿਆਂ ਨੇ ਡਾਨਲਡ ਟਰੰਪ ਜਿਹੇ ਅਜੂਬੇ ਨੂੰ ਪ੍ਰਧਾਨ ਬਣ ਜਾਣ ਦੇ ਸੁਫ਼ਨੇ ਬਖ਼ਸ਼ੇ ਹਨ। ਸਦੀਵੀ ਯੁਧ ਗ੍ਰਸਤ, ਯੁਧ ਉਦਯੋਗ ‘ਤੇ 50% ਨਾਲੋਂ ਵੱਧ ਬਜਟ ਖ਼ਰਚੇ, ਵਿਦਿਆ, ਸਿਹਤ, ਬੁਨਿਆਦੀ ਢਾਂਚੇ ਤੇ ਹੋਰ ਸਮਾਜਕ ਸੇਵਾਵਾਂ ਲਈ ਲੋੜੀਂਦੇ ਸਾਧਨਾਂ ਨੂੰ ਭੁੱਖੇ ਮਾਰਨਾ, ਅਤੇ ਅਮਰੀਕਨਾਂ ਦੀਆਂ ਭਵਿੱਖ ਦੀਆਂ ਪੁਸ਼ਤਾਂ ਦੇ ਭਲੇ ਨੂੰ ਅਣਡਿੱਠ ਕਰਨਾ ਅਤੇ 9/11 ਪਿੱਛੋਂ ਆਰਥਕਤਾ ਦਾ ਵੱਡਾ ਭਾਗ ਸਕਿਉਰਿਟੀ ‘ਤੇ ਸਰਫ਼ ਕਰਨ ਕਰਕੇ ਆਮ ਅਮਰੀਕਨ ਆਪਣੇ ਆਪ ਨੂੰ ਹਾਸ਼ੀਏ ਲੱਗੇ ਵੇਖ ਰਹੇ ਹਨ। ਨਿਰਾਸਤਾ ਘਟਣ ਦੀ ਬਜਾਏ ਵਧ ਰਹੀ ਹੈ। ਨਿਰਾਸ ਤੇ ਸ਼ੰਤੁਸ਼ਟ ਅਮਰੀਕਨ ਹੁਣ ਤੱਕ ਦੇ ਸਿਸਟਮ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ। ਅਜਿਹੀ ਵਿਆਪਕ ਦੁਰਦਸ਼ਾ ਵੱਸ ਡਾਨਲਡ ਟਰੰਪ ਅਮਰੀਕਾ ਅਤੇ ਸੰਸਾਰ ਦੀ ਸਭ ਤੋਂ ਤਾਕਤਵਰ ਹਸਤੀ ਦਾ ਪ੍ਰਧਾਨ ਬਣ ਸਕਦਾ ਹੈ। ਹੁਣ ਤੱਕ, ਅਮਰੀਕਨਾਂ ਨੇ ਟਰੰਪ ਦੇ ਭਾਸ਼ਣ ਈ ਸੁਣੇ ਹਨ, ਮੁਸਲਮਾਨਾਂ, ਮੈਕਸੀਕਨਾਂ, ਔਰਤਾਂ, ਸਮਲਿੰਗੀਆਂ, ਰਿਫਿਊਜੀਆਂ ਆਦਿ ਵਿਸ਼ਿਆਂ ਬਾਰੇ ਜ਼ਹਿਰ ਉਗਲਦਿਆਂ ਸੁਣਿਆ ਹੈ। ਜ਼ਰਾ ਸੋਚੋ! ਜੇ ਰੀਅਲ ਐਸਟੇਟ ਦਾ ਸੀ.ਈ. ਓ. ਡਾਨਲਡ ਟਰੰਪ ਸਚ-ਮੁੱਚ ਅਮਰੀਕਾ ਦਾ ਪ੍ਰਧਾਨ ਬਣ ਜਾਂਦਾ ਹੈ ਤਾਂ ਦਹਾਕਿਆਂ ਤੋਂ ਵਸਦੇ ਰੱਸਦੇ ਲੱਖਾਂ ਮੁਸਲਮਾਨ, ਕਾਲਿਆਂ, ਮੈਕਸੀਕਨ, ਰਿਫਿਊਜੀਆਂ ਤੇ ਹੋਰ ਕਈ ਘੱਟ ਗਿਣਤੀ ਦੇ ਅਮਰੀਕਨਾਂ ਦਾ ਭਵਿੱਖ ਕਿੰਨਾ ਹਨੇਰਾ, ਬੇਯਕੀਨੀ, ਘਿਨਾਉਣਾ, ਘ੍ਰਿਣਤ ਬਣ ਜਾਂਦਾ ਹੈ।
ਅਸਲ ਵਿੱਚ, ਦੂਜੇ ਸੰਸਾਰ ਯੁੱਧ ਪਿੱਛੋਂ ਦੇ ਅਮਰੀਕਨ ਇਤਿਹਾਸ ਵਿੱਚ ਕੇਵਲ ਦੋ ਪਾਰਟੀਆਂ ਦੀ ਅਜਾਰਾਦਾਰੀ, ਅਤੇ ਇਨਾਂ ਦੋ ਪਾਰਟੀਆਂ ਦੀਆਂ ਫੌਲਾਦੀ ਦੀਵਾਰਾਂ ਵਿਚਕਾਰ ਲੋਕ ਤੰਤਰ, ਸਿਆਸਤ, ਤੰਦਰੁਸਤ ਸਮਾਜ ਦੀਆਂ ਸੰਭਾਵਨਾਵਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ, ਅਤੇ ਅੱਜ ਸਥਿਤੀ ਇਹ ਹੈ ਕਿ ਸੀਮਤ ਚੋਣ ਪ੍ਰਣਾਲੀ ਨੇ ਲੋਕਤੰਤਰ ਦੀਆਂ ਜੜਾਂ ਨਸ਼ਟ ਕਰ ਦਿੱਤੀਆਂ ਹਨ; ਅਮਰੀਕਨ ਆਪਣੀਆਂ ਸਮੱਸਆਵਾਂ ਤੇ ਮੁਸ਼ਕਲਾਂ ਦੇ ਹੱਲ ਬਾਰੇ ਨਿਰਾਸ਼ ਹੋ ਚੁਕੇ ਹਨ।
ਇਸ ਪ੍ਰਣਾਲੀ ਸਹਾਰੇ 5% ਅਮਰੀਕਨ ਦੌਲਤ ਦੇ ਅੱਧ ਨਾਲੋਂ ਵੱਧ ਹਿੱਸੇ ‘ਤੇ ਕਾਬਜ਼ ਹੋ ਚੁਕੇ ਹਨ। ਸੱਚ ਹੈ ਕਿ ਅਮਰੀਕਨ ਸਮਾਜ ਦੀ ਮੌਜੂਦਾ ਦੁਰਦਸ਼ਾ ਰਿਪਬਲੀਕਨਾਂ ਤੇ ਡਿਮਾਕਰੇਟਾਂ ਦੀ ਅੱਧੀ ਸਦੀ ਨਾਲੋਂ ਵੱਧ ਦੌਰਾਨ ਮਿਲਵੀਂ ਸਾਜ਼ਿਸ਼ ਦਾ ਸਿੱਟਾ ਹੈ। ਇਨਾਂ ਦੋਹਾਂ ਪਾਰਟੀਆਂ ਨੇ ਦੇਸ਼ ਨੂੰ ਉਸ ਪੜਾਅ ‘ਤੇ ਲਿਆ ਖੜਾ ਕੀਤਾ ਹੈ ਜਿੱਥੇ ਅਮਰੀਕਨਾਂ ਦੀ ਵੱਡੀ ਗਿਣਤੀ ਡਾਨਲਡ ਟਰੰਪ ਨੂੰ ਮਸੀਹੇ ਦੇ ਰੂਪ ਵਿੱਚ ਵੇਖਣ ਲਈ ਮਜਬੂਰ ਹੋ ਗਈ ਹੈ। ਉਸ ਦੀਆਂ ਵਧੀਕੀਆਂ ਤੇ ਕਪਟੀ ਕਾਰੋਬਾਰੀ ਕਰਤੂਤਾਂ (ਮਸਾਲ ਵਜੋਂ, 1995 ਦੀ ਟੈਕਸ ਰਿਟਰਨਜ਼ ਵਿੱਚ ਡਾਨਲਡ ਟਰੰਪ ਨੇ $916 ਮਿਲੀਅਨ ਦਾ ਘਾਟਾ ਵਖਾਇਆ ਸੀ; ਇਸ ਘਾਟੇ ਕਾਰਨ ਉਹ ਅਗਲੇ 18 ਸਾਲ ਟੈਕਸ ਅਦਾ ਕਰਨ ਤੋਂ ਮੁਕਤ ਰਹਿ ਸਕਦਾ ਹੈ) ਦੀ ਥਾਂ ਬਹੁਤੇ ਲੋਕ ਉਸ ਨੂੰ ਮੁਕਤੀਦਾਤੇ ਵਾਂਗ ਉਡੀਕ ਰਹੇ ਹਨ। ਕਿਆਸ ਕਰੋ ਕਿ ਇਹ ਰਕਮ ਉਸ ਨੂੰ ਆਮ ਅਮਰੀਕਨ ਤੋਂ ਮੀਲਾਂ ਦੂਰ ਲੈ ਜਾਂਦੀ ਹੈ। ਆਮ ਅਮਰੀਕਨ ਵੱਲੋਂ ਘਾਟੇ ਦੀ ਇਹ ਭਾਰੀ ਰਕਮ (ਕਈ ਹੇਰਾਫ਼ੇਰੀਆਂ ਦੀ ਤਾਂ ਗੱਲ ਹੀ ਨਹੀਂ ਕਰਦੇ) ਹਜ਼ਾਰ ਜਨਮਾਂ ਵਿੱਚ ਵੀ ਨਹੀਂ ਕਮਾਈ ਜਾ ਸਕਦੀ। ਸਪੱਸ਼ਟ ਹੈ ਕਿ ਏਨੇ ਭਿਆਨਕ ਤੇ ਅਣਕਿਆਸੇ ਬਿਲੀਅਨਾਂ ਡਾਲਰਾਂ ਵਾਲੇ ਧਨਾਢ ਨੂੰ ਆਮ ਮਨੁੱਖ ਦੀਆਂ ਤੰਗੀਆਂ ਤੁਰਸ਼ੀਆਂ ਦਾ ਕੀ ਅੰਦਾਜ਼ਾ ਹੋ ਸਕਦਾ ਹੈ। ਪਰ ਦੂਜੀ ਸੰਸਾਰ ਜੰਗ ਪਿੱਛੋਂ, ਦੋਹਾਂ ਸਿਆਸੀ ਪਾਰਟੀਆਂ ਦੀਆਂ ਨਿਰੰਤਰ ਹੀਣੀਆਂ ਅਣ-ਅਮਰੀਕਨ ਪਾਲਸੀਆਂ ਤੇ ਪ੍ਰੋਗਰਾਮਾਂ ਨੇ ਅਮਰੀਕਨਾਂ ਨੂੰ ਟਰੰਪ ਜਿਹੇ ਅਤੰਕਨੀਤੀ ਵਾਲੇ ਉਮੀਦਵਾਰ ਪਿੱਛੇ ਲੱਗਣ ਲਈ ਤਿਆਰ ਕਰ ਦਿੱਤਾ ਹੈ।
ਕੁਝ ਅਹਿਮ ਵਿਸ਼ਿਆਂ ਬਾਰੇ ਉਸ ਦੇ ਅਤਿ ਅਧਿਕਤਮ ਕੱਟੜ ਤੇ ਇੰਤਿਹਾਪਸੰਦ ਵਿਚਾਰ ਜਾਣ ਕੇ ਅਸੀਂ ਕੰਬ ਜਾਂਦੇ ਹਾਂ ਕਿ ਟਰੰਪ ਸੰਸਾਰ ਨੂੰ ਪਰਮਾਨੂ ਜੰਗ ਦੇ ਨਰਕੀ ਸ਼ੋਲਿਆਂ ਵਿੱਚ ਝੋਕ ਦੇਵੇਗਾ। ਉਹ ਸਰਕਾਰ ਵੱਲੋਂ ਬਜਟ ਵਿੱਚ ਵਧੇਰੇ ਖ਼ਰਚੇ ਕਰਨ ‘ਤੇ ਬੰਧਸ਼ ਲਾਉਣਾ ਚਾਹੁੰਦਾ ਹੈ ਜਿਸ ਨਾਲ ਆਮ ਅਮਰੀਕਨ ਦਾ ਕਾਫੀਆ ਵੱਧ ਤੰਗ ਹੋਵੇਗਾ। ਵਾਤਾਵਰਣ ਅੰਦਰ ਵਾਪਰ ਰਹੀਆਂ ਘੋਰ ਅਤੇ ਘਾਤਕ ਤਬਦੀਲੀਆਂ ਨੂੰ ਤੁੱਛ ਤੇ ਫ਼ਰਜ਼ੀ ਗਰਦਾਨਦਾ ਹੈ।
ਪਾਠਕ ਪੜ ਕੇ ਹੈਰਾਨ ਹੋਣਗੇ ਕਿ ਫ਼ਾਕਸ ਨਿਊਜ਼ (ਫ਼ਾਕਸ ਟੀ ਵੀ ਉਸ ਦਾ ਮੁੱਖ ਧੂਤਾ ਹੈ) ‘ਤੇ ਉਸ ਕਿਹਾ ਸੀ ਕਿ ਵਾਤਾਵਰਣ ਦੀ ਤਬਾਹੀ ਦਾ ਸ਼ੋਸ਼ਾ ਅਮਰੀਕਨ ਆਰਥਕਤਾ ਨੂੰ ਥੱਲੇ ਲਾਉਣ ਦੇ ਮੰਤਵ ਨਾਲ ਚੀਨ ਵੱਲੋਂ ਛੱਡਿਆ ਗਿਆ ਹੈ। ਇਸ ਹਾਸੋਹੀਣੇ ਚਰਿਤਰ ਦੇ ਬੇਇਤਬਾਰ ਭਾਸ਼ਣਾਂ ‘ਤੇ ਟਿੱਪਣੀਆਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਜਾ ਸਕਦਾ ਕਿਉਂਕਿ ਬਆਦ ਵਿੱਚ ਕਿਸੇ ਹੋਰ ਜਗਾ ਉਸ ਨੇ ਇਸ ਘਟੀਆ ਕਥਨ ਤੋਂ ਇਨਕਾਰੀ ਹੁੰਦਿਆਂ ਕਹਿ ਦਿੱਤਾ ਕਿ ਉਕਤ ਗੱਲ ਤਾਂ ਇਸ ਨੇ ਹਾਸੇ ਮਖ਼ੌਲ ਨਾਲ ਕੀਤੀ ਸੀ। ਇੰਜ ਹੀ, ਸੋਸ਼ਲ ਸਕਿਉਰਿਟੀ ਅਤੇ ਮੈਡੀਕੇਅਰ ਬਾਰੇ ਵੀ ਉਸ ਦੇ ਵਿਚਾਰ ਬੇਦਲੀਲ ਤੇ ਬੇਥਵੇ ਹਨ। ਗੰਨ-ਕੰਟਰੋਲ ਅਮਰੀਕਾ ਅੰਦਰ ਬਹੁਤ ਈ ਸੰਵੇਦਨਸ਼ੀਲ ਮਸਲਾ ਹੈ। ਅਸੀਂ ਨਿੱਤ ਪੜਦੇ/ਸੁਣਦੇ ਹਾਂ ਕਿ ਹਥਿਆਰਾਂ ਦੀ ਬੇਮੁਹਾਰੀ ਖੁੱਲ ਹੋਣ ਕਰਕੇ ਹਰ ਸਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਪਰ ਗੰਨਾਂ ਬਣਾਉਣ ਵਾਲੀਆਂ ਸ਼ਕਤੀਸ਼ਾਲੀ ਕੰਪਨੀਆਂ ਇਨਹਾਂ ‘ਤੇ ਬੰਧਸ਼ ਨਹੀਂ ਲੱਗਣ ਦੇ ਰਹੀਆਂ, ਇਥੋਂ ਤੀਕ ਕਿ ਅਮਰੀਕਾ ਦਾ ਮੌਜੂਦਾ ਪਰਧਾਨ ਓਬਾਮਾ ਵੀ ਦਬੀ ਜੀਭ ਨਾਲ ਨਿਰਦਈ ਤੇ ਲਾਲਚੀ ਗੰਨ ਲੌਬੀ ਦਾਵਿਰੋਧ ਕਰਦਾ ਹੈ। ਟਰੰਪ ਵੀ ਦੁਮੂਹੀਂ ਬਿਆਨਾਂ ਨਾਲ ਬੁੱਤਾ ਸਾਰ ਰਿਹਾ ਹੈ। ਪਰ ਵਾਸਤਵ ਵਿੱਚ ਅਮਰੀਕਾ ਦੀਆਂ ਦੋਵੇ ਪਾਰਟੀਆਂ ਗੰਨਾਂ ਬਣਾਉਣ ਵਾਲੀ ਲੌਬੀ ਨੂੰ ਵਿਕੀਆਂ ਹੋਈਆਂ ਹਨ ਜਿਸ ਕਰਕੇ ਉਹ ਗੰਨਾਂ ਤੇ ਹਥਿਆਰ ਬਣਾਉਣ ਵਾਲਿਆਂ ਦੀ ਵਿਰੋਧਤਾ ਨਹੀਂ ਕਰਦੀਆਂ।
ਹਾਲਾਂਕਿ ਸਰਸਰੀ ਨਜ਼ਰ ਨਾਲ ਵੇਖਿਆਂ ਟਰੰਪ ਹੱਦ ਦਰਜੇ ਦਾ ਕਰੂਰ ਤੇ ਕਰੂਪ ਉਮੀਦਵਾਰ ਲੱਗਦਾ ਹੈ ਪਰ ਕੁਝ ਗੱਲਾਂ ਵਿੱਚ ਉਹ ਸਹੀ ਵੀ ਲੱਗਦਾ ਹੈ। ਬੁੱਸ਼ ਵੱਲੋਂ ਇਰਾਕ ‘ਤੇ ਹਮਲੇ ਦੀ ਸਖ਼ਤ ਨਿਖੇਦੀ ਕਰਦਾ ਹੈ; ਅਮਰੀਕਾ ਵਿੱਚ ਵੱਡੇ ਟੈਕਸ ਨਾ ਦੇਣ ਵਾਲਿਆਂ ਨੂੰ ਨਿੰਦਦਾ ਹੈ (ਇਥੋਂ ਤੀਕ ਕਿ ਇੱਕ ਧਨਾਢ ਨੇ ਬੇਹਿਸਾਬਾ ਟੈਕਸ ਬਚਾਉਣ ਲਈ ਅਮਰੀਕਾ ਦੀ ਸ਼ਹਿਰੀਅਤ ਤਿਆਗ ਦਿੱਤੀ)। ਇਨਾਂ ਕੁਝ ਕੁ ਸਾਊ ਪੱਖਾਂ ਬਿਨਾਂ ਉਹ ਅਕਸਰ ਅਜਿਹੀਆਂ ਹਰਕਤਾਂ, ਬਿਆਨ ਦੇ ਬੈਠਦਾ ਹੈ ਜੋ ਮੀਡੀਏ ਤੇ ਕਾਮਡੀ ਸ਼ੋਆਂ ਦੇ ਠੱਠੇ ਦਾ ਕੇਂਦਰ ਬਣੇ ਰਹਿੰਦੇ ਹਨ।  ਮੈਕਸੀਕੋ ਅਤੇ ਦੱਖਣੀ ਅਮਰੀਕਾ ਤੋਂ ਆਉਣ ਵਾਲੇ ਆਵਾਸੀਆਂ ‘ਤੇ ਰੋਕ ਲਾਉਣ ਵਾਸਤੇ ਅਮਰੀਕਾ ਦੀ ਮੈਕਸੀਕੋ ਦੀ ਸਾਂਝੀ ਸਾਰੀ ਸਰਹੱਦ ਨਾਲ ਦੀਵਾਰ ਬਣਾਉਣ ਦਾ ਹਾਮੀ ਹੈ; ਵਾਧਾ ਇਹ ਕਿ ਇਸ ਦੀਵਾਰ ਦੀ ਕੀਮਤ ਅਜਿਹੇ ਗ਼ੈਰ-ਕਨੂਨੀ ਇੰਮੀਗਰਾਂਟਾਂ ਤੋਂ ਉਨਾਂ ਦੀ ਰਕਮ ਕਬਜ਼ੇ ਕਰਕੇ ਭਰੀ ਜਾਵੇਗੀ। ਗ਼ੈਰ ਕਨੂੰਨੀ ਇੰਮੀਗਰੇਸ਼ਨ ਨੂੰ ਰੋਕ ਪਾਉਣ ਲਈ ਅਧਿਕ ਕਸਟਮ ਅਫਸਰ ਤੇ ਐਨਫੋਰਸਮੈਂਟ ਅਮਲਾ ਭਰਤੀ ਕੀਤਾ ਜਾਵੇਗਾ। ਇਥੇ ਈ ਬੱਸ ਨਹੀਂ ਸਗੋਂ ਅਮਰੀਕਾ ਅੰਦਰ 11 ਮਿਲੀਅਨ ਗ਼ੈਰ-ਕਨੂੰਨੀ ਇਮੀਗਰਾਂਟਾਂ ਨੂੰ ਡਿਪੋਰਟ ਕਰਨ ਵਾਸਤੇ ਡਿਪੋਰਟੇਸ਼ਨ ਫੋਰਸ ਕਾਇਮ ਕਰੇਗਾ। ਕੈਨੇਡਾ ਦੇ ਪਰਧਾਨ ਮੰਤਰੀ ਹਾਰਪਰ ਵਾਂਗ ਅਮਰੀਕਨ ਸਿਟੀਜ਼ਨਸ਼ਿੱਪ ਜਨਮ ਅਧਿਕਾਰ ਨਹੀਂ ਰਹਿਣ ਦੇਵੇਗਾ। ਗਰੀਨ ਕਾਰਡ ਜਾਰੀ ਕਰਨੇ ਬੰਦ ਕਰ ਦੇਵੇਗਾ; ਅਮਰੀਕਾ ਤੋਂ ਬਾਹਰ ਜਨਮੇਂ ਲੋਕਾਂ ਨੂੰ ਆਟੋਮੈਟਿਕ ਸ਼ਹਿਰੀਅਤ ਨਹੀਂ ਮਿਲ ਸਕੇਗੀ। ਬਦੇਸ਼ਾਂ ਤੋਂ ਭੱਜ ਕੇ ਆਏ ਰਿਫੂਜੀਆਂ ਲਈ ਬਣੇ ਪਨਾਹਘਰਾਂ ਨੂੰ ਸਰਕਾਰੀ ਗਰਾਂਟ ਬੰਦ ਕਰ ਦਿੱਤੀ ਜਾਵੇਗੀ। ਉਹ ਇਸ ਹੱਦ ਤੀਕ ਗੈਰ ਜ਼ੁੰਮੇਵਾਰ ਬਿਆਨ ਵੀ ਦਿੰਦਾ ਹੈ ਕਿ ਬਾਹਰੋ ਆਉਣ ਵਾਲੇ ਗ਼ਰ-ਕਨੂੰਨੀ ਲੋਕਾਂ ਵਿੱਚੋਂ ਅੱਧੇ ਮੁਜਰਮ ਹੁੰਦੇ ਹਨ। ਗ਼ੈਰ ਯੌਰਪੀ ਲੋਕਾਂ ਦੀ ਆਮਦ ‘ਤੇ ਰੋਕ ਲਗਾ ਕੇ ਯੌਰਪੀ ਲੋਕਾਂ ਦੀ ਇਮੀਗਰੇਸ਼ਨ ਖੋਲਣ ਦੇ ਹੱਕ ਵਿੱਚ ਹੈ। ਪੈਰਸ ਵਿੱਚ ਹੋਏ ਹਮਲੇ ਪਿੱਛੋਂ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵਿੱਚ ਸਾਰੇ ਮੁਸਲਮਾਨਾਂ ਦੀ ਆਉਣ/ਆਮਦ ‘ਤੇ ਬੰਧਸ਼ ਲੱਗਣੀ ਚਾਹੀਦੀ ਹੈ।
ਮੌਜੂਦਾ ਪ੍ਰਧਾਨ ਵੱਲੋਂ ਚਲਾਈ ਸਿਹਤ ਸੰਭਾਲ ਸੰਬੰਧੀ-ਓਬਾਮਾਕੇਅਰ ਵਿੱਚ ਤਰਮੀਮ ਕਰਨ ਜਾਂ ਇਸ ਨੂੰ ਮੁਕੰਮਲ ਤੌਰ ਤੇ ਬਦਲ ਦੇਣ ਦੇ ਹੱਕ ਵਿੱਚ ਖਲੋਂਦਾ ਹੈ। ਕੱਟੜ ਪੰਥੀ ਸੋਚ ਵਿਚਾਰ ਵਾਲਾ ਇਹ ਦੈਂਤਨੁਮਾ ਉਮੀਦਵਾਰ ਕਈ ਗੱਲਾਂ ਸੋਝੀ ਵਾਲੀਆ ਵੀ ਕਰ ਜਾਂਦਾ ਹੈ ਜਿਵੇਂ ਕਿ ਅਮਰੀਕਾ ਵਿੱਚ ਕੈਨੇਡਾ ਵਾਂਗ ਸਰਕਾਰ ਵੱਲੋਂ ਚਲਾਈ ਜਾਂਦੀ ਯੂਨੀਵਰਸਲ ਹੈਲਥਕੇਅਰ ਸਰਵਿਸ ਦਾ ਸਮਰਥਣ ਕਰਦਾ ਹੈ। ਸਮਾਜਕ ਪ੍ਰਸ਼ਨਾਂ ਬਾਰੇ ਉਹ ਬਹੁਤ ਅੱਖੜ ਹੈ। ਸਮਲਿੰਗੀ ਵਿਆਹ ਜਾਂ ਰਿਸ਼ਤਿਆਂ ਅਤੇ ਔਰਤਾਂ ਦੀ ਖੁੱਲ ਦੇਣ ਦੇ ਵਿਰੁੱਧ ਹੈ। ਉਹ ਕਹਿੰਦਾ ਹੈ ਕਿ ਵਿਆਹ ਸਿਰਫ਼ ਪੁਰਸ਼ ਅਤੇ ਇਸਤਰੀ ਵਿਚਕਾਰ ਹੀ ਜਾਇਜ਼ ਹੈ। ਗਰਭਪਾਤ ਬਾਰੇ ਵੀ ਉਸ ਦੇ ਵਿਚਾਰ ਵਿਰੋਧਭਾਸੀ ਹਨ। ਕੁਝ ਬੰਧਸ਼ਾਂ ਅਧਿਨ ਉਹ ਗਰਭਪਾਤ ਦੇ ਹੱਕ ਵਿੱਚ ਬੋਲਦਾ ਹੈ। ਇੰਜ ਈ ਇਰਾਨ, ਇਜ਼ਰਾਈਲ ਅਤੇ ਦੂਜੇ ਕਈ ਵਿਵਾਦਗ੍ਰਸਤ ਦੇਸ਼ਾਂ ਬਾਰੇ ਉਸ ਦੇ ਵਿਚਾਰ ਤੇ ਟਿਪਣੀਆਂ ਦੁਧਾਰੀ ਬੁਝਾਰਤਾਂ ਜਾਂ ਪਹੇਲੀਆਂ ਵਾਂਗ ਲੱਗਦੀਆਂ ਹਨ।
ਆਈ ਐਸ ਆਈ ਐਸ ਬਾਰੇ ਉਹ ਸਖ਼ਤ ਰਵੱਈਆ ਅਖ਼ਤਿਆਰ ਕਰਦਾ ਹੈ ਪਰ ਤਰਾਸਦੀ ਇਹ ਹੈ ਕਿ ਉਹ ਅਮਰੀਕਾ ਦੀਆਂ ਅੰਦਰੂਨੀ ਕਾਰਵਾਈਆਂ ਤੋਂ ਅਣਜਾਣ ਵੀ ਲੱਗਦਾ ਹੈ। ਉਹ ਕਹਿੰਦਾ ਹੈ ਅਮਰੀਕਾ ਨੂੰ ਤੇਲ ਵਾਲੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੀਦਾ ਹੈ। ਅਕਸਰ ਵਿਰੋਧਭਾਸੀ ਬਿਆਨ, ਟਿੱਪਣੀਆਂ ਤੇ ਵਿਚਾਰ ਖਲੇਰਦਾ ਉਹ ਆਪਣੀ ਸਾਖ ਨੂੰ ਇੱਕ ਸਾਰਤਾ ਵਿੱਚ ਰੱਖਣ ਤੋਂ ਆਤੁਰ ਹੈ।
ਅਮਰੀਕਾ ਦੇ ਇਹ ਪਰਧਾਨ, ਜੇ ਬਣ ਜਾਂਦਾ ਹੈ, ਵੈਸੇ ਤਾ ਸਾਬਕਾ ਪਰਧਾਨ ਜਾਰਜ ਬੁਸ਼ ਅਤੇ ਰਾਨਲਡ ਰੀਗਨ ਵੀ ਕੋਈ ਉੱਚ ਬੌਧਕ ਪੱਧਰ ਦੇ ਮਹਾਰਥੀ ਨਹੀਂ ਸਨ, ਤਾਂ ਟਰੰਪ ਦਾ ਪਰਧਾਨ ਬਣਨਾ ਕੋਈ ਅਲੌਕਿਕ ਗੱਲ ਨਹੀਂ ਹੋਵੇਗੀ।
ਸੋ, ਟਰੰਪ ਵੀ ਉਸੇ ਲੜੀ ਦਾ ਇੱਕ ਵੱਧ ਉਭਰਵਾਂ ਤੇ ਨੁਮਾਇਆਂ ਮਨਕਾ ਬਣ ਕੇ ਅਮਰੀਕਾ ਦੀ ਢਹਿ ਰਹੀ ਸਾਖ ‘ਤੇ ਪ੍ਰਧਾਨਗੀ ਕਰ ਜਾਵੇਗਾ। ਟਰੰਪ ਤੋਂ ਵੀ ਬਹੁਤੀ ਆਸ ਤਾਂ ਨਹੀਂ ਰੱਖੀ ਜਾ ਸਕਦੀ ਪਰ ਚੋਣ ਘੜੀ ਤੀਕ ਭੜਕੀਲੇ, ਚਮਕੀਲੇ ਝਲਕਦਾਰ ਸ਼ਰਾਰੇ, ਫੁਲਝੜੀਆਂ ਤੇ ਆਤਿਸ਼ਬਾਜ਼ੀਆਂ ਦੀ ਛਹਿਬਰ ਨਾਲ ਮੀਡੀਏ ਦੀ ਸਕਰੀਨ ਅਤੇ ਸਮਾਚਾਰ ਪੱਤਰਾਂ ਦੇ ਸਫੇ ਸਾਡਾ ਧਿਆਣ ਖਿੱਚੀ ਰੱਖਣਗੇ ਅਤੇ ਮਨੋਰੰਜਣ ਦਾ ਸਾਧਨ ਬਣੇ ਰਹਿਣਗੇ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …