Breaking News
Home / ਮੁੱਖ ਲੇਖ / ਕਰੋਨਾਵਾਇਰਸ ਦਾ ਕਹਿਰ

ਕਰੋਨਾਵਾਇਰਸ ਦਾ ਕਹਿਰ

ਡਾ ਬਲਜਿੰਦਰ ਸਿੰਘ ਸੇਖੋਂ

ਸਭ ਤੋਂ ਸੂਖਮ ਕਿਸਮ ਦੇ ਇੱਕ ਨਿਰਜੀਵ, ਜੀਵ, ਕਰੋਨਾਵਾਇਰਸ ਨੇ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਸ ਨੂੰ ਮੈਂ ਨਿਰਜੀਵ ਵੀ ਲਿਖ ਰਿਹਾ ਹਾਂ , ਇਸ ਲਈ ਕਿ ਇਹ ਜੀਵ, ਵਾਇਰਸ, ਜਦ ਕਿਸੇ ਜੀਵ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦੇ ਗੁਣ ਨਿਰਜੀਵ ਵਸਤੂਆਂ ਨਾਲ ਮਿਲਦੇ ਹਨ, ਇਥੋਂ ਤੱਕ ਕਿ ਇਨ੍ਹਾਂ ਦੇ ਰਵੇ ਵੀ ਬਣਾਏ ਜਾ ਸਕਦੇ ਹਨ ਅਤੇ ਇਸੇ ਰਵੇਦਾਰ ਪਦਾਰਥ ਤੋਂ ਫਿਰ ਇਹ ਜੀਵਾਂ ਵਿਚ ਜਾ ਕੇ ਜੀਵਾਂ ਦੇ ਗੁਣ ਵਖਾਉਣ ਲਗਦੇ ਹਨ। ਇਹ ਜੀਵਾਂ ਅਤੇ ਨਿਰਜੀਵਾਂ ਦੀ ਲਕੀਰ ਤੇ ਕਹੇ ਜਾ ਸਕਦੇ ਹਨ, ਇਸ ਤੇ ਬਹਿਸ ਚਲਦੀ ਰਹੀ ਹੈ ਕਿ ਕੀ ਇਨ੍ਹਾਂ ਨੂੰ ਜੀਵ ਮੰਨਿਆਂ ਜਾਵੇ ਜਾਂ ਨਿਰਜੀਵ। ਇਹ ਇੱਕ ਸੈਲੀ ਜੀਵ ਜਿਨ੍ਹਾਂ ਨੂੰ ਆਮ ਖੁਰਦਬੀਨ ਨਾਲ ਵੇਖਿਆ ਜਾ ਸਕਦਾ ਹੈ, ਤੋਂ ਵੀ ਛੋਟੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਸਿਰਫ ਅਲੈਕਟਰਾਨ ਖੂਰਦਬੀਨ ਨਾਲ ਵੇਖਿਆ ਜਾ ਸਕਦਾ ਹੈ। ਇਹ ਅਪਣੇ ਆਪ ਰਹਿਣ, ਵਧਣ ਜਾਂ ਅਗਲੀ ਪੁਸ਼ਤ ਪੈਦਾ ਕਰਨ ਤੋਂ ਅਸਮਰਥ ਹੁੰਦੇ ਹਨ, ਇਨ੍ਹਾਂ ਨੂੰ ਵਧਣ ਤੇ ਅਗਲੀ ਪੁਸ਼ਤ ਪੈਦਾ ਕਰਨ ਲਈ ਕਿਸੇ ਹੋਰ ਜੀਵ ਦੇ ਸੈੱਲ ਦਾ ਸਹਾਰਾ ਲੈਣਾ ਪੈਂਦਾ ਹੈ। ਇਹੀ ਇੱਸ ਨਿਰਜੀਵ ਦੀ ਲੋੜ ਇਸ ਨੂੰ ਪਰਜੀਵੀ (ਜੋ ਅਪਣਾ ਜੀਵਨ ਪੂਰਾ ਕਰਨ ਲਈ ਕਿਸੇ ਹੋਰ ਜੀਵ ਤੇ ਨਿਰਭਰ ਹੋਵੇ) ਬਣਾਉਂਦੀ ਹੈ। ਇਹ ਅਪਣੀ ਇਹ ਲੋੜ ਪੂਰੀ ਕਰਨ ਲਈ, ਕਿਸੇ ਜਿਉਂਦੇ ਸੈੱਲ ਵਿਚ ਪਰਵੇਸ਼ ਕਰਦੇ ਹਨ। ਅੰਦਰ ਵੀ ਕੀ ਜਾਣਾ, ਇਨ੍ਹਾਂ ਦਾ ਪੂਰਾ ਸੂਰਾ ਢਾਂਚਾ ਬੱਸ ਇੱਕ ਪ੍ਰੋਟੀਨ ਦੇ ਖੋਲ ਵਿਚ ਲਪੇਟੀ ਗੁਣ ਸੂਤਰ (ਡੀ ਐਨ ਏ ਜਾਂ ਆਰ ਐਨ ਏ) ਦੀ ਕੜੀ ਹੁੰਦਾ ਹੈ। ਸੈੱਲ ਵਿਚ ਜਾਣ ਸਮੇਂ ਪ੍ਰੋਟੀਨ ਬਾਹਰ ਰਹਿ ਜਾਂਦਾ ਹੈ ਅਤੇ ਗੁਣ ਸੂਤਰ ਦੀ ਕੜੀ ਸੈੱਲ ਵਿਚ ਵੜ ਜਾਂਦੀ ਹੈ, ਜਿਥੇ ਜਾ ਕੇ ਇਹ ਜੀਵ ਦੇ ਉਸ ਸੈੱਲ ਦੇ ਡੀ ਐਨ ਏ ਵਿਚ ਸਮੋ ਕੇ ਅਪਣਾ ਹੁਕਮ ਚਲਾਉਣ ਲਗਦੀ ਹੈ। ਸੈੱਲ ਨੂੰ ਸਾਰੇ ਕੰਮ ਛੱਡ ਕੇ ਸਿਰਫ ਅਪਣੇ ਆਪ ਵਰਗੇ ਹੋਰ ਵਾਇਰਸ ਬਣਾਉਣ ਲਈ ਮਜ਼ਬੂਰ ਕਰ ਦਿੰਦੀ ਹੈ।

ਪਰੋਕਤ ਚਿੱਤਰ ਵਿਚ ਕਰੋਨਾਵਾਇਰਸ ਦਾ ਆਰ ਐਨ ਏ (ਗੁਣ ਸੂਤਰ) ਮਨੁੱਖੀ ਸੈੱਲ ਵਿਚ ਜਾਂਦਾ ਵਿਖਾਇਆ ਗਿਆ ਹੈ।

ਇਹੀ ਸੈੱਲ ਦੀ ਮਜ਼ਬੂਰੀ ਬਿਮਾਰੀ ਬਣਦੀ ਹੈ, ਕੋਵਿਡ 19 (ਜੋ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਨਾਂ ਦਿੱਤਾ ਗਿਆ ਹੈ) ਜਿਸ ਨਾਲ
1. ਬੁਖਾਰ ਹੋ ਜਾਂਦਾ ਹੈ,
2. ਸੁੱਖੀ ਖੰਘ ਆਉਂਦੀ ਹੈ ਤੇ
3. ਸਾਹ ਚੜ੍ਹਨ ਲਗਦਾ ਹੈ।
ਇਹ ਲੱਛਣ ਆਮ ਜ਼ੁਕਾਮ ਨਾਲੋਂ ਕੁਝ ਵੱਖਰੇ ਹਨ, ਜ਼ੁਕਾਮ ਨਾਲ ਆਮ ਤੌਰ ਤੇ ਬੁਖਾਰ ਨਹੀਂ ਚੜ੍ਹਦਾ ਪਰ ਕਰੋਨਾਵਾਇਰਸ ਨਾਲ ਚੜ੍ਹਦਾ ਹੈ। ਜ਼ੁਕਾਮ ਨਾਲ ਨੱਕ ਵਿਚੋਂ ਪਾਣੀ ਵਗਦਾ ਹੈ ਅਤੇ ਛਿੱਕਾਂ ਆਉਂਦੀਆਂ ਹਨ, ਜੋ ਇਸ ਬਿਮਾਰੀ ਵਿਚ ਨਹੀਂ ਆਉਂਦੀਆਂ। ਜ਼ੁਕਾਮ ਨਾਲ ਹੋਈ ਖੰਘ ਵਿਚ ਬਲਗਮ ਆਉਂਦੀ ਹੈ ਪਰ ਕਰੋਨਾ ਵਾਇਰਸ ਦੀ ਖੰਘ ਸੁੱਕੀ ਹੁੰਦੀ ਹੈ।
ਬਹੁਤ ਸਾਰੇ ਮਰੀਜ਼ ਠੀਕ ਹੋ ਜਾਂਦੇ ਹਨ, ਪਰ ਕਈਆਂ ਨੂੰ ਸਾਹ ਦੀ ਤਕਲੀਫ ਬਹੁੱਤ ਵਧ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਆਕਸੀਜਨ ਦੇਣ ਦੀ ਲੋੜ ਹੁੰਦੀ ਹੈ। ਵੱਡੀ ਉਮਰ ਦੇ ਬਿਮਾਰ, ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੋਵੇ, ਕਰੋਨਾਵਾਇਰਸ ਨਾਲ ਦੱਮ ਤੋੜ ਦਿੰਦੇ ਹਨ। ਇਹ ਗਿਣਤੀ ਪਹਿਲਾਂ ਆਏ ਇਸ ਤਰ੍ਹਾਂ ਦੇ ਵਾਇਰਸਾਂ ਨਾਲੋਂ ਬਹੁਤ ਘੱਟ ਹੈ, ਕੈਮਲ (ਉੱਠ) ਵਾਇਰਸ ਜੋ ਸਾਉਦੀ ਅਰਬ ਵਿਚ 2012 ਵਿਚ ਸ਼ੁਰੂ ਹੋਇਆ, ਦੇ 3 ਬਿਮਾਰਾਂ ਵਿਚੋਂ ਇੱਕ ਦੀ ਮੌਤ ਹੋ ਜਾਂਦੀ ਰਹੀ ਹੈ, ਸਾਰਸ ਜੋ 2003 ਵਿਚ ਚੀਨ ਵਿਚੋਂ ਸ਼ੁਰੂ ਹੋਇਆ, ਦੇ ਸੌ ਵਿਚੋਂ 9-10 ਮਰੀਜ ਮਰਦੇ ਰਹੇ ਹਨ, ਕਰੋਨਾ ਵਾਇਰਸ ਦੇ 100 ਵਿਚੋਂ 2-4 ਮਰੀਜ਼ ਮਰ ਰਹੇ ਹਨ। ਇਹ ਲੇਖ ਲਿਖਣ ਵੇਲੇ ਤੱਕ ਦੁਨੀਆਂ ਵਿਚ 1,90,943 ਲੋਕ ਬਿਮਾਰ ਹੋ ਚੁੱਕੇ ਸਨ, ਜਿਨ੍ਹਾਂ ਵਿਚੋਂ 80, 889 ਰਾਜ਼ੀ ਹੋ ਗਏ ਅਤੇ 7546 ਬਿਮਾਰੀ ਦੀ ਤਾਬ ਨਾ ਝਲਦੇ ਹੋਏ ਚੱਲ ਵਸੇ। ਇਸ ਤਰ੍ਹਾਂ ਮਰਨ ਵਾਲਆਂ ਦੀ ਔਸਤ ਤਕਰੀਬਨ 2 ਪ੍ਰਤੀਸ਼ਤ ਬਣਦੀ ਹੈ। ਪਰ ਇਸ ਵਾਇਰਸ ਨਾਲ ਪਹਿਲਾਂ ਨਾਲੋਂ ਕੁਲ ਮੌਤਾਂ ਜਿਆਦਾ ਹੋ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਸ ਵਾਇਰਸ ਦੇ ਕਣਾਂ ਦੀ ਬਿਮਾਰੀ ਦੇ ਲੱਛਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੂਸਰੇ ਵਿਅੱਕਤੀ ਨੂੰ ਬਿਮਾਰ ਕਰਨ ਦੀ ਸਮਰੱਥਾ ਹੈ। ਸਰੀਰ ਵਿਚ ਇਸ ਦੇ ਜ਼ਰਮ ਜਾਣ ਦੇ ਚਾਰ ਕੁ ਦਿੱਨ ਬਾਅਦ ਹੀ ਇਹ ਉਸ ਦੇ ਥੁੱਕ ਵਿਚੋਂ ਬਾਹਰ ਆਉਣ ਲਗਦੇ ਹਨ। ਜਦ ਕਿ ਇਸ ਵੱਕਤ ਤੱਕ ਮਰੀਜ਼ ਵਿਚ ਬਿਮਾਰੀ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਉਹ ਬਿਲਕੁਲ ਤੰਦਰੁਸਤ ਲਗਦਾ ਹੈ। ਇਸ ਹਾਲਤ ਵਿਚ ਦੂਸਰੇ ਲੋਕ, ਜਾਂ ਉਹ ਆਪ ਵੀ ਕਿਸੇ ਕਿਸਮ ਦੀ ਸਾਵਧਾਨੀ ਨਹੀਂ ਵਰਤਦਾ ਜਿਸ ਕਾਰਨ ਬਿਮਾਰੀ ਅਛੋਪਲੇ ਜਿਹੇ ਅੱਗੇ ਵੱਧ ਰਹੀ ਹੈ। ਜ਼ਰਮਾਂ ਦੇ ਸਰੀਰ ਵਿਚ ਜਾਣ ਤੋਂ ਤਕਰੀਬਨ 5 ਦਿਨ ਬਾਅਦ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲ ਰਹੇ ਹਨ, ਪਰ ਕਈਆਂ ਨੂੰ ਇਹ ਲੱਛਣ 14-15 ਦਿਨ ਬਾਅਦ ਵੀ ਸ਼ੁਰੂ ਹੋਏ ਹਨ। ਬੇੇਸ਼ੱਕ ਇਸ ਦੇ ਸੁੱਕੀ ਹਵਾ ਵਿਚ ਰਹਿਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ, ਪਰ ਕਿਸੇ ਦੇ ਖੰਘਣ ਨਾਲ ਜੋ ਥੱੁਕ ਦੇ ਛਿੱਟੇ ਬਾਹਰ ਆਉਂਦੇ ਹਨ, ਉਨ੍ਹਾਂ ਵਿਚਲੇ ਜ਼ਰਮਾਂ ਦੇ ਦੂਸਰੇ ਵਿਅੱਕਤੀ ਦੇ ਨੱਕ, ਮੂੰਹ ਜਾਂ ਅੱਖਾਂ ਵਿਚੋਂ ਅੰਦਰ ਜਾਣ ਨਾਲ ਉਹ ਵੀ ਬਿਮਾਰ ਹੋ ਰਹੇ ਹਨ।
ਸੋ ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਕਣਾਂ ਨੂੰ ਅਪਣੇ ਮੂੰਹ, ਨੱਕ ਜਾਂ ਅੱਖਾਂ ਤੱਕ ਜਾਣ ਤੋਂ ਰੋਕਿਆ ਜਾਵੇ। ਇਸ ਲਈ:
1. ਭੀੜ ਭੜੱਕੇ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
2. ਅਪਣੇ ਹੱਥ ਸਾਬਣ ਪਾਣੀ ਨਾਲ ਦਿਨ ਵਿਚ ਕਈ ਵਾਰ ਧੋਵੋ। ਜੇ ਹੋ ਸਕੇ ਤਾਂ ਅਲਕੋਹਲ ਵਾਲਾ ਸੈਨੀਟਾਈਜਰ ਵੀ ਵਰਤੋ।
3. ਕਿਸੇ ਨੂੰ ਮਿਲਣ ਸਮੇਂ ਉਸ ਤੋਂ ਦੂਰ ਰਹੋ, ਹੱਥ ਆਦਿ ਨਾ ਮਿਲਾE।
4. ਜੇਕਰ ਕੋਈ ਖੰਘ ਰਿਹਾ ਹੈ ਤਾਂ ਉਸ ਤੋਂ ਬਚਾਅ ਰੱਖੋ, ਜੇਕਰ ਤੁਹਾਨੂੰ ਖੰਘ ਆ ਰਹੀ ਹੈ ਤਾਂ ਚੰਗੀ ਗੱਲ ਹੈ ਕਿ ਅਪਣੇ ਮੂੰਹ ਅੱਗੇ ਟਿਸ਼ੂ ਪੇਪਰ ਰੱਖੋ, ਜਾਂ ਘੱਟੋ ਘੱਟ ਅਪਣੀ ਬਾਂਹ ਮੂੰਹ ਅੱਗ ਕਰ ਲE ਤਾਂ ਕਿ ਥੁੱਕ ਦੇ ਕਣ ਦੂਰ ਨਾ ਜਾਣ।
5. ਜੇਕਰ ਬੁਖਾਰ ਤੇ ਸੁੱਕੀ ਖੰਘ ਹੋ ਗਈ ਹੈ ਤਾਂ ਡਾਕਟਰ ਦੀ ਸਲਾਹ ਲE
6. ਬਾਹਰ ਜਾ ਕੇ ਜੇਕਰ ਕਿਸੇ ਅਣਜਾਣੇ ਥਾਂ ਅਪਣੇ ਹੱਥ ਲਗਦੇ ਹਨ, ਤਾਂ ਇਨ੍ਹਾਂ ਨੂੰ ਮੂੰਹ ਤੱਕ ਨਾ ਲਿਜਾਇਆ ਜਾਵੇ। ਅਸੀਂ ਅਣਜਾਣੇ ਵਿਚ ਹੀ ਆਮ ਤੌਰ ਤੇ ਅਪਣੇ ਹੱਥਾਂ ਨਾਲ ਅਪਣਾ ਮੂੰਹ, ਨੱਕ, ਅੱਖਾਂ ਆਦਿ ਛੂੰਹਦੇ ਰਹਿੰਦੇ ਹਾਂ। ਕੋਸਿ਼ਸ਼ ਕੀਤੀ ਜਾਵੇ ਕਿ ਇਸ ਤਰ੍ਹਾਂ ਸਾਬਣ ਨਾਲ ਹੱਥ ਧੋਣ ਤੋਂ ਪਹਿਲਾਂ ਨਾ ਕੀਤਾ ਜਾਵੇ।
ਇਸ ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ, ਇਸ ਨੂੰ ਅਪਣੇ ਸਰੀਰ ਦੀ ਬਚਾਅ ਪ੍ਰਣਾਲੀ ਨੇ ਹੀ ਕਾਬੂ ਕਰਨਾ ਹੈ। ਐਵੇਂ ਕਿਸੇ ਦੇਸੀ ਇਲਾਜ ਦੇ ਚੱਕਰ ਵਿਚ ਨਾ ਪE। ਇਸ ਤੋਂ ਬਚਾਅ ਦਾ ਟੀਕਾ ਬਣਨ ਵਿਚ ਵੀ ਹਾਲੀ ਤਕਰੀਬਨ 10-12 ਮਹੀਨੇ ਦਾ ਸਮਾਂ ਲੱਗੇਗਾ। ਸੋ ਅਜੇ ਤੱਕ ਕੋਈ ਵੈਕਸੀਨ ਇਸ ਤੋਂ ਬਚਣ ਦੀ ਨਹੀਂ। ਸਰਕਾਰਾਂ ਅਪਣੇ ਵਲੋਂ ਇਸ ਤੇ ਕਾਬੂ ਪਾਉਣ ਲਈ ਕੋਸਿ਼ਸ਼ਾਂ ਕਰ ਰਹੀਆਂ ਹਨ, ਚੀਨ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਿਆ ਹੈ, ਜਿੱਥੇ ਇਹ ਬਿਮਾਰੀ ਸ਼ੁਰੂ ਹੋਈ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਅੱਜ ਕੱਲ੍ਹ ਚੀਨ ਵਿਚ ਕਹਿਣ ਨੂੰ ਹੀ ਸਮਾਜਵਾਦੀ ਪ੍ਰਬੰਧ ਹੈ, ਪਰ ਫਿਰ ਵੀ ਉਹ ਅਪਣੇ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੇ ਕਾਬਲ ਹਨ, ਉਨ੍ਹਾਂ ਲਈ ਆਰਥਕਤਾ ਬਾਅਦ ਵਿਚ ਅਤੇ ਲੋਕਾਂ ਦੀ ਸਿਹਤ ਪਹਿਲਾਂ ਹੈ, ਇਲਾਜ ਕਰਨ ਸਮੇਂ ਇਹ ਨਹੀਂ ਵੇਖਿਆ ਜਾਂਦਾ ਕਿਸੇ ਕੋਲ ਬੀਮਾ ਹੈ ਜਾ ਨਹੀਂ। ਇਹ ਚੀਨ ਹੀ ਸੀ ਜਿਸ ਨੇ ਕੁਝ ਦਿਨਾ ਵਿਚ ਹੀ ਇਸ ਬਿਮਾਰੀ ਦੇ ਇਲਾਜ ਲਈ 1000 ਬੈਡਾਂ ਵਾਲਾ ਹਸਪਤਾਲ ਕੁਝ ਦਿਨਾਂ ਵਿਚ ਹੀ ਬਣਾ ਲਿਆ। ਜੇ ਕੋਈ ਬਿਮਾਰ ਘਰੋਂ ਹਸਪਤਾਲ ਨਹੀਂ ਜਾਂਦਾ, ਉਸ ਨੂੰ ਸਰਕਾਰੀ ਕਰਮਚਾਰੀ ਜ਼ਬਰਦਸਤੀ ਵੀ ਲੈ ਜਾਂਦੇ ਹਨ। ਲੋਕਾਂ ਦੇ ਇਲਾਜ ਲਈ ਕਨੇਡਾ ਵਿਚ ਵੀ ਸਹੀ ਪ੍ਰਬੰਧ ਹੈ, ਹਰ ਇੱਕ ਦੇ ਇਲਾਜ ਦੀ ਜਿਮੇਵਾਰੀ ਸਰਕਾਰ ਦੇ ਸਿਰ ਹੈ। ਪਰ ਸਾਡੇ ਗੁਆਂਢੀ ਮੁੱਲਕ ਅਮਰੀਕਾ ਵਿਚ ਜੋ ਸਭ ਤੋਂ ਅਮੀਰ ਦੇਸ਼ਾਂ ਵਿਚ ਗਿਣਿਆਂ ਜਾਂਦਾ ਹੈ, ਸ਼ਾਇਦ ਇਸ ਬਿਮਾਰੀ ਦੇ ਸਾਰੇ ਮਰੀਜ਼ਾਂ ਨੂੰ ਚੰਗਾ ਇਲਾਜ ਨਾ ਮਿਲ ਸਕੇ ਕਿਉਂਕਿ ਸਾਰਾ ਪ੍ਰਬੰਧ ਮੁਨਾਫੇ ਨਾਲ ਬੱਝਿਆ ਹੋਇਆ ਹੈ।
905 781 1197

Check Also

ਭਾਰਤ ‘ਚ ਕਿਸਾਨ ਮੁੜ ਸੜਕਾਂ ‘ਤੇ ਨਿੱਤਰੇ

ਮੋਹਨ ਸਿੰਘ (ਡਾ.) ਭਾਰਤ ਵਿਚ ਦਿੱਲੀ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਨੂੰ ਬੈਰੀਕੇਡਾਂ ਦਾ ਫਿਰ ਸਾਹਮਣਾ …