Breaking News
Home / Special Story / ਵਿਦੇਸ਼ਾਂ ਨੂੰ ਜਾਣਾ ਜਾਂ ਬੱਚਿਆਂ ਨੂੰ ਭੇਜਣਾ ‘ਸਟੇਟਸ ਸਿੰਬਲ’

ਵਿਦੇਸ਼ਾਂ ਨੂੰ ਜਾਣਾ ਜਾਂ ਬੱਚਿਆਂ ਨੂੰ ਭੇਜਣਾ ‘ਸਟੇਟਸ ਸਿੰਬਲ’

ਵਿਦੇਸ਼ ਜਾਣ ਦਾ ਮੋਹ – ਡਾਲਰ ਚਿਣ ਕੇ ਬਣਾਈਆਂ ਕੋਠੀਆਂ ਹੋਈਆਂ ਸੁੰਨੀਆਂ
ਹੁਸ਼ਿਆਰਪੁਰ : ਪਿੰਡ ਮਿਆਣੀ ਦਾ 70 ਸਾਲਾ ਬਜ਼ੁਰਗ ਬਲਦੇਵ ਸਿੰਘ (ਅਸਲੀ ਨਾਂ ਨਹੀਂ) ਕੁਝ ਦਿਨ ਪਹਿਲਾਂ ਸਿਰ ਦੀ ਨਸ ਫ਼ਟਣ ਕਰ ਕੇ ਆਪਣੇ ਕਮਰੇ ਵਿਚ ਡਿੱਗ ਪਿਆ। ਘਰ ‘ਚ ਹੋਰ ਕੋਈ ਨਹੀਂ ਸੀ। ਜਿਵੇਂ-ਕਿਵੇਂ ਟੈਲੀਫ਼ੋਨ ਕਰ ਕੇ ਪਿੰਡ ਦੇ ਇਕ ਵਾਕਿਫ਼ ਨੂੰ ਦੱਸਿਆ। ਉਹ ਭਲਾ ਮਾਨਸ ਸਾਥੀਆਂ ਨੂੰ ਲੈ ਕੇ ਘਰ ਤਾਂ ਆ ਗਿਆ, ਪਰ ਅੰਦਰੋਂ ਜਿੰਦਾ ਲੱਗਿਆ ਹੋਇਆ ਸੀ। ਕੰਧ ਟੱਪ ਕੇ ਮਦਦਗਾਰ ਅੰਦਰ ਪੁੱਜੇ। ਸਬੱਬੀ ਅੰਦਰਲਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਨ੍ਹਾਂ ਬਜ਼ੁਰਗ ਨੂੰ ਗੱਡੀ ਵਿਚ ਪਾ ਕੇ ਹਸਪਤਾਲ ਪਹੁੰਚਾਇਆ। ਦੋ-ਤਿੰਨ ਦਿਨ ਉਸ ਦੀ ਖਿਦਮਤ ਕੀਤੀ ਤੇ ਫ਼ਿਰ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਸੱਦ ਕੇ ਉਸ ਦੇ ਹਵਾਲੇ ਕੀਤਾ। ਅਜੇ ਵੀ ਉਹ ਬਜ਼ੁਰਗ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪਤਨੀ ਤੇ ਬੱਚੇ ਵਿਦੇਸ਼ ਵਿਚ ਹਨ। ਸੂਚਨਾ ਦੇ ਦਿੱਤੀ ਗਈ ਹੈ। ਕਦੋਂ ਆਉਂਦੇ ਹਨ, ਆਉਂਦੇ ਵੀ ਹਨ ਜਾਂ ਨਹੀਂ, ਕੁਝ ਪਤਾ ਨਹੀਂ।
ਦੋਆਬੇ ਵਿਚ ਇਸ ਤਰ੍ਹਾਂ ਦੇ ਕਈ ਬਲਦੇਵ ਸਿੰਘ ਆਪਣੇ ਪੁੱਤਾਂ-ਧੀਆਂ ਨੂੰ ਵਿਦੇਸ਼ ਭੇਜ ਕੇ ਖਾਲੀ ਹੋਏ ਬੈਠੇ ਹਨ। ਪੁਰਸ਼ਾਂ ਨਾਲੋਂ ਔਰਤਾਂ ਅਜਿਹੇ ਹਾਲਾਤ ਦਾ ਸਾਹਮਣਾ ਜ਼ਿਆਦਾ ਕਰ ਰਹੀਆਂ ਹਨ। ਦੋਆਬੇ ਦੇ ਪਿੰਡਾਂ ਵਿਚ ਖ਼ਾਸ ਤੌਰ ‘ਤੇ ਬਿਆਸ ਦਰਿਆ ਨਾਲ ਲੱਗਦੇ ਬੇਟ ਇਲਾਕੇ ਵਿਚ ਵਿਦੇਸ਼ਾਂ ਨੂੰ ਜਾਣਾ ਜਾਂ ਬੱਚਿਆਂ ਨੂੰ ਬਾਹਰ ਭੇਜਣਾ ‘ਸਟੇਟਸ ਸਿੰਬਲ’ ਹੈ। ਤਾਹੀਓਂ 4-5 ਸਾਲ ਪਹਿਲਾਂ ਪਿੰਡ ਜਲਾਲਪੁਰ ਅਤੇ ਟਾਹਲੀ ਦੇ ਦੋ ਨਾਬਾਲਗ ਲੜਕੇ ਜਦੋਂ ਕੋਲੰਬੀਆ ਵਿਚ ਬਿਨਾਂ ਵੀਜ਼ਾ ਫੜੇ ਗਏ ਸਨ ਤਾਂ ਦੂਤਾਵਾਸ ਨੂੰ ਉਨ੍ਹਾਂ ਦੇ ਮਾਪਿਆਂ ਦੀਆਂ ਮਿੰਨਤਾਂ ਕਰਨੀਆਂ ਪਈਆਂ ਸਨ ਕਿ ਟਿਕਟਾਂ ਭੇਜ ਕੇ ਉਨ੍ਹਾਂ ਨੂੰ ਵਾਪਸ ਮੰਗਵਾ ਲਓ। ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕੀਟੋ ਛੱਡ ਦਿੱਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਉਹ ਅੱਗੇ ਚਲੇ ਜਾਣ। ਉਦੋਂ ਤਾਂ ਲੜਕੇ ਵਾਪਸ ਆ ਗਏ, ਪਰ ਪਤਾ ਲੱਗਿਆ ਹੈ ਕਿ ਬਾਅਦ ਵਿਚ ਉਹ ਅਮਰੀਕਾ ਪਹੁੰਚ ਗਏ।
ਦੋਆਬੇ ਵਿਚ ਵਿਦੇਸ਼ੀਂ ਜਾਣ ਦਾ ਮੋਹ ਇੰਨਾ ਭਾਰੂ ਹੈ ਕਿ ਘਰਾਂ ਦੇ ਘਰ ਖਾਲੀ ਹੋਏ ਪਏ ਹਨ। ਡਾਲਰ ਚਿਣ ਕੇ ਬਣਾਈਆਂ ਇਮਾਰਤਾਂ ਅੰਦਰੋਂ ਸੁੰਨੀਆਂ ਪਈਆਂ ਹਨ। ਕਿਸੇ ਘਰ ਵਿਚ ਕੋਈ ਬਜ਼ੁਰਗ ਬੈਠਾ ਹੈ ਤੇ ਕਿਸੇ ਵਿਚ ਕੋਈ ਨੌਜਵਾਨ ਵੀਜ਼ੇ ਦੀ ਉਡੀਕ ਵਿਚ ਹੈ। ਵਿਦੇਸ਼ਾਂ ਵਿਚ ਪਰਵਾਸ ਕਰਨ ਦਾ ਰੁਝਾਨ 70ਵਿਆਂ ਵਿਚ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ।
ਅੱਜ ਆਈਲੈੱਟਸ ਕੇਂਦਰਾਂ ਦੇ ਨਾਲ-ਨਾਲ ਟਰੈਵਲ ਏਜੰਟਾਂ ਦੀ ਗਿਣਤੀ ਵੀ ਵਧ ਗਈ ਹੈ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਕਰਾਉਣੀ ਸ਼ੁਰੂ ਕੀਤੀ ਹੈ। ਇਸ ਵੇਲੇ ਸਿਰਫ਼ 130 ਦੇ ਕਰੀਬ ਰਜਿਸਟਰਡ ਏਜੰਟ ਹਨ।
ਪਿੰਡ ਗਿਲਜੀਆਂ ਦਾ ਨੌਜਵਾਨ ਗੁਰਮੀਤ ਸਿੰਘ ਵਿਦੇਸ਼ ਜਾਣ ਦੀ ਉਡੀਕ ਵਿਚ ਪੜ੍ਹਾਈ ਛੱਡ ਕੇ ਬੈਠਾ ਹੈ। ਮਾਪਿਆਂ ਨੇ ਕਰਜ਼ਾ ਲੈ ਕੇ ਉਸ ਦੇ ਵੱਡੇ ਭਰਾ ਨੂੰ ਬਾਹਰ ਭੇਜ ਦਿੱਤਾ ਸੀ। ਹੁਣ ਇੰਤਜ਼ਾਰ ਹੈ ਕਿ ਉਹ ਪੈਸੇ ਭੇਜ ਕੇ ਕਰਜ਼ਾ ਉਤਾਰੇ ਤੇ ਛੋਟੇ ਭਰਾ ਨੂੰ ਵਿਦੇਸ਼ ਲਿਜਾਣ ਲਈ ਪੈਸੇ ਦਾ ਬੰਦੋਬਸਤ ਕਰੇ। ਵਿਦੇਸ਼ ਜਾਣ ਦੀ ਚਾਹਤ ਕਈ ਵਾਰ ਭਾਰੀ ਵੀ ਪੈ ਜਾਂਦੀ ਹੈ, ਇਸ ਦੇ ਬਾਵਜੂਦ ਪਰਵਾਸ ਦਾ ਰੁਝਾਨ ਜਾਰੀ ਹੈ। ਮਾਲਟਾ ਕਿਸ਼ਤੀ ਕਾਂਡ ਵਰਗੇ ਹਾਦਸੇ ਵੀ ਇਹ ਰੁਝਾਨ ਰੋਕ ਨਹੀਂ ਸਕੇ। ਪਿੰਡ ਕਲਿਆਣਪੁਰ ਦੇ ਮਨਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਖਤਰਾ ਮੁੱਲ ਲੈ ਕੇ ਬਾਹਰ ਜਾਣ ਦਾ ਕੀ ਫ਼ਾਇਦਾ ਤਾਂ ਉਸ ਦਾ ਜਵਾਬ ਸੀ ਕਿ ਨਸ਼ੇ ਵੀ ਸਿਹਤ ਲਈ ਹਾਨੀਕਾਰਕ ਹਨ, ਪਰ ਫ਼ਿਰ ਵੀ ਲੋਕ ਨਸ਼ੇ ਕਰਦੇ ਹਨ। ਵਿਦੇਸ਼ ਜਾਣ ਦੀ ਲਾਲਸਾ ਵੀ ਇਕ ਨਸ਼ਾ ਹੈ। ਇਸੇ ਪਿੰਡ ਦੇ ਸੁਰਿੰਦਰਪਾਲ ਸਿੰਘ ਨੂੰ ਪਿਛਲੇ ਸਾਲ ਏਜੰਟਾਂ ਨੇ ਬੰਗਲੌਰ ਜਾ ਕੇ ਕਤਲ ਕਰ ਦਿੱਤਾ ਸੀ ਤੇ ਘਰਦਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਕੈਨੇਡਾ ਪੁੱਜ ਗਿਆ ਹੈ। ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਰਦੇਸ ਗਏ ਕਈ ਲੋਕਾਂ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਕਾਫ਼ੀ ਬਿਹਤਰ ਬਣਾ ਲਿਆ। ਜ਼ਿਲ੍ਹੇ ਦੇ ਕਈ ਐਨਆਰਆਈਜ਼ ਨੇ ਵਿਦੇਸ਼ਾਂ ਵਿਚ ਵੀ ਚੰਗਾ ਨਾਮਣਾ ਖੱਟਿਆ ਹੈ।
ਨੰਗਲ ਸ਼ਹੀਦਾਂ ਦੇ ਲਾਲਾ ਲਾਜਪਤ ਰਾਏ ਮੁੰਗੇਰ ਕੈਲੀਫੋਰਨੀਆ ਵਿਚ ‘ਪਿਸਤਾ ਕਿੰਗ’ ਵਜੋਂ ਉੱਭਰੇ। ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿਚ ਹੀ ਵਸਿਆ ਹੋਇਆ ਹੈ। ਉਨ੍ਹਾਂ ਬਜਵਾੜਾ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਲਜ ਬਣਵਾਇਆ, ਜੋ ਅੱਜ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਵਜੋਂ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਦੀਦਾਰ ਸਿੰਘ ਬੈਂਸ ਯੂਬਾ ਸਿਟੀ ਅਮਰੀਕਾ ਵਿਚ ਸਭ ਤੋਂ ਵੱਡੇ ਆੜੂ ਉਤਪਾਦਕ ਬਣੇ। ਬੰਬੇਲੀ ਦੇ ਕੁੰਦਨ ਸਿੰਘ ਲਗਭਗ 45 ਸਾਲ ਪਹਿਲਾਂ ਕੈਨੇਡਾ ਗਏ ਸਨ। ਅੱਜ ਉਨ੍ਹਾਂ ਦਾ ਬੇਟਾ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਰੱਖਿਆ ਮੰਤਰੀ ਹੈ। ਦੋ ਐਨਆਰਆਈਜ਼ ਗੁਰਦੇਵ ਸਿੰਘ ਗਿੱਲ ਅਤੇ ਰਘੁਵੀਰ ਸਿੰਘ ਬੱਸੀ ਦੇ ਯਤਨਾਂ ਨਾਲ ਖੜੌਦੀ ਪਿੰਡ ਇਕ ਮਾਡਲ ਵਜੋਂ ਸਥਾਪਿਤ ਹੋਇਆ ਹੈ।

ਗੈਰਕਾਨੂੰਨੀ ਪਰਵਾਸ ਦਾ ਪੰਜਾਬ ‘ਤੇ ਪਵੇਗਾ ਡੂੰਘਾ ਅਸਰ
ਚੰਡੀਗੜ੍ਹ ; ਸੁਨਹਿਰੇ ਭਵਿੱਖ ਅਤੇ ਉੱਚ ਵਿਦਿਆ ਲਈ ਹੋਰਾਂ ਥਾਵਾਂ ਜਾਂ ਵਿਦੇਸ਼ ਵਿਚ ਜਾਣਾ ਕੋਈ ਗਲਤ ਰੁਝਾਨ ਨਹੀਂ ਹੁੰਦਾ, ਪਰ ਜਦੋਂ ਆਪਣੀ ਧਰਤੀ ਤੋਂ ਮਨ ਉਚਾਟ ਹੋ ਜਾਵੇ ਅਤੇ ਕਿਸੇ ਵੀ ਹਾਲਤ ਵਿਚ ਭੱਜ ਜਾਣ ਨੂੰ ਮਨ ਕਰੇ ਤਾਂ ਸਥਿਤੀ ਚਿੰਤਾਜਨਕ ਮੰਨੀ ਜਾਣ ਲੱਗਦੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਪੰਜਾਬ ਵਿਚ ਹੁਣ ਕਿਸੇ ਦਾ ਜੀਅ ਨਹੀਂ ਲੱਗ ਰਿਹਾ। ਪੰਜਾਬ ਦੀ ਅਰਥਵਿਵਸਥਾ ਵਿਚ ਪਰਵਾਸੀਆਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦਾ ਸੰਤੁਲਨ ਵੀ ਹੁਣ ਵਿਦੇਸ਼ਾਂ ਦੇ ਪੱਖ ਵਿਚ ਭੁਗਤਦਾ ਜਾ ਰਿਹਾ ਹੈ। ਇਸ ਕਾਨੂੰਨੀ ਅਤੇ ਗੈਰਕਾਨੂੰਨੀ ਪਰਵਾਸ ਦਾ ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਉੱਤੇ ਡੂੰਘਾ ਅਸਰ ਪੈਣਾ ਸੁਭਾਵਿਕ ਹੈ।
ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕ੍ਰਿਡ) ਵੱਲੋਂ ਸਾਲ 2015 ਵਿਚ ਕੀਤੇ ਗਏ ਸਰਵੇਖਣ ਅਨੁਸਾਰ ਸਾਹਮਣੇ ਆਇਆ ਕਿ 133 ਪਿੰਡਾਂ ਵਿਚੋਂ ਸਿਰਫ ਇੱਕ ਪਿੰਡ ਵਿਚੋਂ ਕੋਈ ਵਿਦੇਸ਼ ਨਹੀਂ ਗਿਆ ਸੀ। ਪੰਜਾਬ ਦੇ ਸਾਰੇ 55 ਲੱਖ ਪਰਿਵਾਰਾਂ ਵਿਚੋਂ 11 ਫੀਸਦ ਪਰਿਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਵਿਦੇਸ਼ ਵਿਚ ਹਨ। ਦੋਆਬੇ ਵਿਚ 23.7 ਫੀਸਦ ਪਰਿਵਾਰਾਂ ਵਿਚੋਂ, ਮਾਝੇ ਵਿਚੋਂ 11.5 ਫੀਸਦ ਅਤੇ ਮਾਲਵਾ ਦੇ 5 ਫੀਸਦ ਘਰਾਂ ਵਿਚੋਂ ਇੱਕ ਜਾਂ ਇੱਕ ਤੋਂ ਵੱਧ ਵਿਅਕਤੀ ਵਿਦੇਸ਼ਾਂ ਵਿਚ ਹਨ। ਪੇਂਡੂ ਵਸੋਂ ਦੇ 13 ਫੀਸਦ ਅਤੇ ਸ਼ਹਿਰੀ ਵਸੋਂ ਦੇ 6 ਫੀਸਦ ਪਰਿਵਾਰਾਂ ਦੇ ਇੱਕ ਜਾਂ ਇਸ ਤੋਂ ਵੱਧ ਵਿਅਕਤੀ 60 ਫੀਸਦ ਵਿਕਸਿਤ ਦੇਸ਼ਾਂ ਜਿਵੇਂ ਕੈਨੇਡਾ, ਇਟਲੀ, ਅਮਰੀਕਾ, ਆਸਟਰੇਲੀਆ, ਯੂਕੇ ਅਤੇ ਹੋਰਾਂ ਦੇਸ਼ਾਂ ਵਿਚ ਹਨ, ਜਦਕਿ 40 ਫੀਸਦ ਦੇ ਕਰੀਬ ਮੱਧ ਪੂਰਬੀ ਦੇਸ਼ਾਂ ਵਿਚ ਹਨ।
ਪ੍ਰਾਜੈਕਟ ਡਾਇਰੈਕਟਰ ਅਸ਼ਵਨੀ ਕੁਮਾਰ ਨੰਦਾ ਅਨੁਸਾਰ ਹੁਣ ਇਹ ਰੁਝਾਨ ਤੇਜ਼ ਹੋਇਆ ਹੈ। ਇਸ ਦਾ ਕਾਰਨ ਕੇਵਲ ਬੇਰੁਜ਼ਗਾਰੀ ਹੀ ਨਹੀਂ ਹੈ ਬਲਕਿ ਬਹੁਤ ਸਾਰੇ ਚੰਗੀਆਂ ਨੌਕਰੀਆਂ ਵਾਲੇ ਜਾਂ ਆਰਥਿਕ ਪੱਖੋਂ ਮਜ਼ਬੂਤ ਲੋਕ ਵੀ ਵਿਦੇਸ਼ ਜਾ ਰਹੇ ਹਨ। ਪੰਜਾਬੀਆਂ ਲਈ ਕਿਸੇ ਮੈਂਬਰ ਨੂੰ ਬਾਹਰ ਭੇਜਣਾ ਸਟੇਟਸ ਸਿੰਬਲ ਬਣਿਆ ਹੋਇਆ ਹੈ। ਇਸ ਲਈ ਖਾਸ ਸਮਾਗਮ ਰਚਾ ਕੇ ਖੁਸ਼ੀ ਮਨਾਈ ਜਾਂਦੀ ਹੈ। ਇਸ ਵੇਲੇ ਬਾਹਰ ਜਾਣ ਵਾਲਿਆਂ ਵਿਚੋਂ 93 ਫੀਸਦ ਗਰੀਬ ਨਹੀਂ ਹਨ ਤੇ ਗਰੀਬ ਲੋਕ ਖਾੜੀ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ।
ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਇਕ ਸਮੇਂ ਪੰਜਾਬ ਵਿਚੋਂ ਬਰੇਨ ਡਰੇਨ ਹੁੰਦਾ ਸੀ, ਫਿਰ ਹੁਨਰ ਵੀ ਜਾਣ ਲੱਗਾ ਅਤੇ ਹੁਣ ਨਾਲ ਪੂੰਜੀ ਵੀ ਜਾ ਰਹੀ ਹੈ।
ਵਿਦਿਆਰਥੀਆਂ ਵੱਲੋਂ ਲੱਖਾਂ ਰੁਪਏ ਫੀਸਾਂ ਦੇ ਰੂਪ ਵਿਚ ਵਿਦੇਸ਼ੀ ਵਿੱਦਿਅਕ ਸੰਸਥਾਵਾਂ ਵਿਚ ਖਰਚ ਹੋ ਰਹੇ ਹਨ। ਇਸ ਦਾ ਅਸਰ ਸਥਾਨਕ ਵਿੱਦਿਅਕ ਸੰਸਥਾਵਾਂ ਦੇ ਬੰਦ ਹੋਣ ਜਾਂ ਆਰਥਿਕ ਤੌਰ ਉੱਤੇ ਕਮਜ਼ੋਰ ਹੋਣ ਵਿਚ ਨਿਕਲਣਾ ਸੁਭਾਵਿਕ ਹੈ। ਵਿਦਿਆਰਥੀਆਂ ਤੋਂ ਇਲਾਵਾ ਹੋਰ ਲੋਕ ਵੀ ਹੁਣ ਜਾਇਦਾਦਾਂ ਵੇਚ ਕੇ ਜਾਣ ਲੱਗੇ ਹਨ। ਇਸ ਦਾ ਜ਼ਿਆਦਾ ਅਸਰ ਅਗਲੇ ਦਸ-ਬਾਰਾਂ ਸਾਲਾਂ ਵਿਚ ਦਿਖਾਈ ਦੇਵੇਗਾ। ਇੱਕ ਅਨੁਮਾਨ ਅਨੁਸਾਰ 2018 ਵਿਚ ਪੰਜਾਬ ਦੇ ਲਗਪਗ 5.36 ਲੱਖ ਵਿਦਿਆਰਥੀਆਂ ਨੇ ਆਈਲੈਟਸ ਦੀ ਪ੍ਰੀਖਿਆ ਦਿੱਤੀ। ਸਾਲ 2017 ਦੌਰਾਨ ਡੇਢ ਲੱਖ ਪੰਜਾਬੀ ਵਿਦਿਆਰਥੀ ਵੀਜ਼ੇ ‘ਤੇ ਵਿਦੇਸ਼ ਗਏ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋ. ਸ਼ਿੰਦਰ ਸਿੰਘ ਥਾਂਦੀ ਦਾ ਕਹਿਣਾ ਹੈ ਕਿ ਪੰਜਾਬੀ ਮੁੱਖ ਤੌਰ ਉੱਤੇ ਸਿੱਖ 2.5 ਕਰੋੜ ਦੇ ਲਗਪਗ ਪਰਵਾਸੀ ਭਾਰਤੀਆਂ ਵਿਚੋਂ 20 ਲੱਖ ਭਾਵ ਅੱਠ ਫੀਸਦ ਦੇ ਕਰੀਬ ਹਨ।

ਦੋਆਬੇ ਤੋਂ ਬਾਅਦ ਮਾਝੇ ਦਾ ਬਾਹਰਲੇ ਦੇਸ਼ਾਂ ਵੱਲ ਰੁਖ਼
ਅੰਮ੍ਰਿਤਸਰ : ਦੋਆਬੇ ਤੋਂ ਬਾਅਦ ਹੁਣ ਮਾਝੇ ਖਿੱਤੇ ਵਿਚ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ ਹੈ, ਖ਼ਾਸ ਕਰ ਕੇ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਜਾ ਰਿਹਾ ਹੈ ਤੇ ਉਥੇ ਹੀ ਵਸਣ ਨੂੰ ਤਰਜੀਹ ਦੇ ਰਿਹਾ ਹੈ। ਇਹ ਨੌਜਵਾਨ ਵਿਦੇਸ਼ ਜਾ ਕੇ ਵਸਣ ਮਗਰੋਂ ਆਪਣੇ ਪਰਿਵਾਰਾਂ ਨੂੰ ਵੀ ਉਥੇ ਪੱਕੇ ਤੌਰ ‘ਤੇ ਵਸਾ ਲੈਂਦੇ ਹਨ।
ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਸਟੱਡੀ ਵੀਜ਼ੇ ‘ਤੇ ਜਾਣ ਲਈ ਆਈਲੈੱਟਸ ਲਾਜ਼ਮੀ ਹੈ ਤੇ ਇਹੀ ਕਾਰਨ ਹੈ ਕਿ ਵਧੇਰੇ ਨੌਜਵਾਨ ਬਾਰ੍ਹਵੀਂ ਜਮਾਤ ਪਾਸ ਕਰਦਿਆਂ ਹੀ ਆਈਲੈੱਟਸ ਦੇ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈਣ ਲੱਗ ਜਾਂਦੇ ਹਨ। ਰਣਜੀਤ ਐਵੇਨਿਊ, ਬਸ ਅੱਡਾ, ਰਾਣੀ ਕਾ ਬਾਗ ਤੇ ਮਾਡਲ ਟਾਊਨ ਸਮੇਤ ਹੋਰ ਕਈ ਇਲਾਕਿਆਂ ਵਿਚ ਅਜਿਹੇ ਕੇਂਦਰ ਵੱਡੀ ਗਿਣਤੀ ਵਿਚ ਹਨ। ਧਵਨ ਟਰੈਵਲ ਅਤੇ ਐਜੂਕੇਸ਼ਨ ਕੰਸਲਟੈਂਸੀ ਨਾਂ ਦੀ ਟਰੈਵਲ ਏਜੰਸੀ ਦੇ ਮਾਲਕ ਚਿਤਰੇਸ਼ ਧਵਨ ਪਿਛਲੇ ਲਗਭਗ 25 ਸਾਲ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਤਾਂ ਉਹ ਇਕੱਲੇ ਹੀ ਵੱਖ-ਵੱਖ ਮੁਲਕਾਂ ਦਾ ਵੀਜ਼ਾ ਦਿਵਾ ਚੁੱਕੇ ਹਨ। ਸਰਹੱਦੀ ਪਿੰਡ ਮੁਹਾਵਾ ਵਿਚ ਲਗਭਗ 2 ਹਜ਼ਾਰ ਤੋਂ ਵੱਧ ਵੋਟ ਹੈ ਤੇ ਇਕੱਲੇ ਇਸ ਪਿੰਡ ਵਿਚੋਂ ਹੀ 70 -80 ਨੌਜਵਾਨ ਵਿਦੇਸ਼ ਵਿਚ ਗਏ ਹੋਏ ਹਨ। ਨੰਬਰਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 19- 20 ਜੀਅ ਵੱਖ-ਵੱਖ ਮੁਲਕਾਂ ਵਿਚ ਹਨ। ਉਸ ਦੇ ਆਪਣੇ ਦੋਵੇਂ ਬੇਟੇ ਆਸਟਰੇਲੀਆ ਵਿਚ ਹਨ। ਵੱਡਾ ਬੇਟਾ ਪ੍ਰਿਤਪਾਲ ਸਿੰਘ ਤਾਂ 2009 ਤੋਂ ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿਚ ਹੈ ਅਤੇ ਹੁਣ ਉਥੋਂ ਦਾ ਪੱਕਾ ਵਸਨੀਕ ਹੈ। ਉਸ ਦੀ ਪਤਨੀ ਤੇ ਦੋ ਬੱਚੇ ਵੀ ਉਥੇ ਹੀ ਹਨ। ਹੁਣ ਛੋਟਾ ਬੇਟਾ ਰਾਜਵਿੰਦਰ ਸਿੰਘ ਵੀ ਪਿਛਲੇ ਸਾਲ ਉਥੇ ਚਲਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸਰਹੱਦੀ ਪਿੰਡਾਂ ਵਿਚ ਸਹੂਲਤਾਂ ਦੀ ਘਾਟ ਹੈ ਤੇ ਨਸ਼ਿਆਂ ਦਾ ਰੁਝਾਨ ਵੱਧ ਹੈ, ਇਸ ਲਈ ਮਾੜੀ ਸੰਗਤ ਤੋਂ ਬਚਣ ਲਈ ਵਿਦੇਸ਼ ਜਾਣਾ ਹੀ ਬਿਹਤਰ ਹੈ। ਪਿੰਡ ਵਿਚ ਹੀ ਉਸ ਦੇ ਚਾਚੇ ਦਾ ਬੇਟਾ ਨਾਮਦੇਵ ਸਿੰਘ ਅਤੇ ਸ਼ਾਮ ਸਿੰਘ ਤੇ ਅਗਾਂਹ ਉਨ੍ਹਾਂ ਦੇ ਬੱਚੇ ਵੀ ਵਿਦੇਸ਼ ਵਿਚ ਹਨ।
ਨਾਮਦੇਵ ਦਾ ਬੇਟਾ ਹਰਪਿਆਰ ਤੇ ਕਬੀਰ ਸਮੇਤ ਪਰਿਵਾਰ ਅਮਰੀਕਾ ਵਿਚ ਅਤੇ ਸ਼ਾਮ ਸਿੰਘ ਤੇ ਉਸ ਦਾ ਇਕ ਬੇਟਾ ਸਰਪ੍ਰੀਤ ਅਮਰੀਕਾ ਵਿਚ ਤੇ ਇਕ ਬੇਟਾ ਕੈਨੇਡਾ ਵਿਚ ਹੈ। ਇਸੇ ਤਰ੍ਹਾਂ ਉਸ ਦੇ ਇਕ ਹੋਰ ਚਾਚੇ ਦੇ ਪੁੱਤਰ ਦਿਆਲ ਸਿੰਘ ਦਾ ਬੇਟਾ ਦੁਬਈ ਵਿਚ ਹੈ। ਉਹ ਆਖਦਾ ਹੈ ਕਿ ਵਿਦੇਸ਼ ਵਿਚ ਚੰਗੀ ਤੇ ਬਿਹਤਰ ਜ਼ਿੰਦਗੀ ਹੈ, ਚੰਗਾ ਵਾਤਾਵਰਨ ਹੈ ਤੇ ਭ੍ਰਿਸ਼ਟਾਚਾਰ ਨਹੀਂ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਇਸ ਵਿਸ਼ੇ ‘ਤੇ ਇਕ ਖੋਜ ਕਾਰਜ ਵੀ ਕੀਤਾ ਗਿਆ ਸੀ, ਜੋ ਏਸ਼ੀਆ ਪੈਸੇਫਿਕ ਜਨਰਲ ਆਫ ਰਿਸਰਚ ਵਿਚ ਪ੍ਰਕਾਸ਼ਿਤ ਵੀ ਹੋਇਆ ਸੀ। ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਵੱਲੋਂ ਇਹ ਖੋਜ ਅੰਮ੍ਰਿਤਸਰ ਜ਼ਿਲ੍ਹੇ ਨੂੰ ਆਧਾਰ ਬਣਾ ਕੇ ਹੀ ਕੀਤੀ ਗਈ ਸੀ। ਇਸ ਖੋਜ ਕਾਰਜ ਵਿਚ ਦੱਸਿਆ ਗਿਆ ਕਿ 16 ਤੋਂ 25 ਵਰ੍ਹੇ ਤਕ ਦੀ ਉਮਰ ਦੇ ਨੌਜਵਾਨ ਹੀ ਵਧੇਰੇ ਵਿਦੇਸ਼ ਗਏ ਹਨ। ਵਿਦੇਸ਼ ਜਾਣ ਵਾਲਿਆਂ ਵਿਚ ਵਧੇਰੇ ਜਨਰਲ ਸ਼੍ਰੇਣੀ ਨਾਲ ਸਬੰਧਤ ਹਨ ਅਤੇ 90 ਫ਼ੀਸਦ ਸਿੱਖ ਪਰਿਵਾਰਾਂ ਨਾਲ ਸਬੰਧਤ ਹਨ। ਵਿਦੇਸ਼ ਗਏ ਬੱਚਿਆਂ ਵਿਚੋਂ ਵਧੇਰੇ ਲਗਭਗ 57 ਫ਼ੀਸਦ ਖੇਤੀਬਾੜੀ ਕਿੱਤੇ ਤੇ ਨੌਕਰੀ ਕਰਦੇ ਪਰਿਵਾਰਾਂ ਨਾਲ ਸਬੰਧਤ ਹਨ। ਵਧੇਰੇ ਬੱਚੇ 12ਵੀਂ ਜਮਾਤ ਪਾਸ ਕਰਨ ਮਗਰੋਂ ਵਿਦੇਸ਼ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ ਲਗਭਗ 45 ਫ਼ੀਸਦ ਹੈ। ਗ੍ਰੈਜੂਏਸ਼ਨ ਕਰਨ ਮਗਰੋਂ ਲਗਭਗ 16 ਫ਼ੀਸਦ ਅਤੇ 10ਵੀਂ ਮਗਰੋਂ ਵਿਦੇਸ਼ ਜਾਣ ਵਾਲਿਆਂ ਵਿਚ 30 ਫ਼ੀਸਦ ਬੱਚੇ ਸ਼ਾਮਲ ਹਨ। ਇਨ੍ਹਾਂ ਵਿਚੋਂ ਲਗਭਗ 57 ਫ਼ੀਸਦ ਬੱਚਿਆਂ ਦੇ ਪਰਿਵਾਰ ਦਿਹਾਤ ਨਾਲ ਸਬੰਧਤ ਹਨ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …