Breaking News
Home / Special Story / ਫਿਰਿ ਬਾਬਾ ਆਇਆ ਕਰਤਾਰਪੁਰਿ

ਫਿਰਿ ਬਾਬਾ ਆਇਆ ਕਰਤਾਰਪੁਰਿ

ਸੰਗ੍ਰਹਿ ਕਰਤਾ
ਗਿਆਨੀ ਭਰਪੂਰ ਸਿੰਘ ਜੀ
ਭਾਈ ਵਿਕਰਮਜੀਤ ਸਿੰਘ
ਕਰਤਾਰਪੁਰ ਗੁਰੂਆਂ ਦੀ ਵਰੋਸਾਈ ਧਰਤੀ ਹੈ। ਇਹ ਭਾਵੇਂ ਗੁਰੂ ਨਾਨਕ ਦੇਵ ਜੀ ਵਲੋਂ ਪਾਕਿਸਤਾਨ ‘ਚ ਰਾਵੀ ਦਰਿਆ ਦੇ ਸੱਜੇ ਕੰਢੇ ਵਸਾਇਆ ਨਗਰ ਹੋਵੇ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਵਲੋਂ ਜਲੰਧਰ-ਅੰਮ੍ਰਿਤਸਰ ਜਰਨੈਲੀ ਸੜਕ ‘ਤੇ ਵਸਾਇਆ ਨਗਰ ਕਰਤਾਰਪੁਰ ਹੋਵੇ। ਇਹ ਦੋਵੇਂ ਨਗਰ ਹੀ ਸਿੱਖ ਸੰਗਤਾਂ ਲਈ ਸ਼ਰਧਾ ਅਤੇ ਅਕੀਦਤ ਦੇ ਅਸਥਾਨ ਹਨ। ਦੇਸ਼-ਦੇਸ਼ਾਂਤਰ ‘ਚ ਸਿੱਖ ਧਰਮ ਦਾ ਉਪਦੇਸ਼ ਦੇਣ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੂਲ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਨੂੰ ਜ਼ਿੰਦਗੀ ‘ਚ ਹਕੀਕੀ ਰੂਪ ਦੇਣ ਲਈ ਜਿਸ ਅਸਥਾਨ ਦੀ ਚੋਣ ਕੀਤੀ ਉਹ ਸਿੱਖ ਇਤਿਹਾਸ ‘ਚ ਕਰਤਾਰਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਜਗਤ ਗੁਰੂ ਨੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਆਪਣੇ ਹੱਥੀਂ ਕਿਰਤ ਕਰ ਕੇ ਲੋਕਾਈ ਨੂੰ ਧਰਮ ਦੇ ਅਸਲ ਅਰਥਾਂ ਨਾਲ ਜੋੜ ਕੇ ਸਾਦਗੀ, ਨਿਮਰਤਾ, ਸੱਚੀ ਸੁੱਚੀ ਕਿਰਤ ਤੇ ਭਾਈਚਾਰੇ ਦਾ ਪਾਠ ਪੜ੍ਹਾਇਆ। ਇਸ ਤਰ੍ਹਾਂ ਉਨ੍ਹਾਂ ਕਿਰਤ ਨੂੰ ਸਤਿਕਾਰ ਦੇਣ ਦੇ ਆਪਣੇ ਸਿਧਾਂਤ ਨੂੰ ਅਮਲੀ ਤੌਰ ‘ਤੇ ਲਾਗੂ ਕਰ ਕੇ ਭਾਈ ਲਾਲੋਆਂ ਦੀ ਅਗਵਾਈ ਕੀਤੀ। ਅੱਜ ਦੇ ਯੁਗ ਵਿਚ ਉਨ੍ਹਾਂ ਦੇ ਇਸ ਫਲਸਫ਼ੇ ਨੂੰ ਦ੍ਰਿੜਾਉਣ ਦੀ ਬਹੁਤ ਜ਼ਰੂਰਤ ਹੈ।
ਇਤਿਹਾਸਕ ਪਿਛੋਕੜ
ਕਰਤਾਰਪੁਰ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1504 ਵਿਚ ਵਸਾਇਆ। ਕਰਤਾਰਪੁਰ ਦਾ ਅਰਥ ਹੈ ‘ਕਰਤਾਰ ਦਾ ਘਰ’। ਇਹ ਨਗਰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿਚ ਸਥਿਤ ਹੈ। ਇਸ ਨਗਰ ਦੀ ਸਮੁੰਦਰ ਤਲ ਤੋਂ ਉਚਾਈ 511 ਫੁੱਟ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੌਰਾਨ ਲਾਹੌਰ ਮੁੜਦੇ ਹੋਏ ਰਾਵੀ ਦਰਿਆ ਦੇ ਕਿਨਾਰੇ ਪੱਖੋਕੇ ਰੰਧਾਵੇ ਪਿੰਡ ਪਹੁੰਚੇ ਤਾਂ ਚੌਧਰੀ ਅਜਿੱਤਾ ਰੰਧਾਵਾ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ। ਉਸ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਦੇ ਬੇਨਤੀ ਕੀਤੀ। ਗੁਰੂ ਜੀ ਨੇ ਜਿੱਥੇ ਡੇਰਾ ਜਮਾਇਆ ਉੱਥੇ ਅਜਿੱਤਾ ਰੰਧਾਵਾ ਨੇ ਗੁਰੂ ਜੀ ਅਤੇ ਸਿੱਖ ਸੰਗਤਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਿਹਾਇਸ਼ ਦਾ ਬੰਦੋਬਸਤ ਕਰ ਦਿੱਤਾ। ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਹਾਂ ਬੱਚਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਮੋੜ੍ਹੀ ਗੱਡੀ ਗਈ।
ਡਾ. ਗੁਰਸ਼ਰਨ ਜੀਤ ਸਿੰਘ ਅਨੁਸਾਰ, ‘ਲਗਪਗ ਦੋ ਸਾਲ ਬਾਅਦ ਗੁਰੂ ਜੀ ਦੂਜੀ ਉਦਾਸੀ ਪੂਰੀ ਕਰਕੇ 1514 ਈ. ਨੂੰ ਤਲਵੰਡੀ ਪਰਤੇ। ਇਥੇ ਸਭ ਪਰਿਵਾਰ ਵਾਲੇ ਖ਼ੁਸ਼ ਸਨ ਤੇ ਰੋਜ਼ ਗੁਰਬਾਣੀ ਦਾ ਕੀਰਤਨ ਤੇ ਵਿਖਿਆਨ ਹੁੰਦਾ। ਸਾਰੇ ਨਗਰ ਵਿਚ ਜਿਵੇਂ ਅਨੰਦ ਦੀ ਵਰਖਾ ਹੋ ਰਹੀ ਸੀ। ਰਾਇ ਬੁਲਾਰ ਕਾਫ਼ੀ ਬੁੱਢਾ ਹੋ ਚੁੱਕਾ ਸੀ ਅਤੇ ਉਸ ਦੀਆਂ ਬੁੱਢੀਆਂ ਅੱਖਾਂ ਵਿਚ ਚਮਕ ਆ ਗਈ। ਹੁਣ ਸਮਾਂ ਆ ਚੁੱਕਾ ਸੀ ਕਿ ਸਿੱਖੀ ਦਾ ਇਕ ਕੇਂਦਰ ਸਥਾਪਤ ਕੀਤਾ ਜਾਵੇ। ਗੁਰੂ ਜੀ ਚਾਹੁੰਦੇ ਸਨ ਕਿ ਕੇਂਦਰ ਉਸ ਸਥਾਨ ਉੱਪਰ ਬਣਾਇਆ ਜਾਵੇ ਜਿੱਥੇ ਸਭ ਧਰਮਾਂ ਦੇ ਲੋਕ ਰਹਿੰਦੇ ਹੋਣ ਤੇ ਲਾਹੌਰ ਵਰਗੇ ਵੱਡੇ ਸ਼ਹਿਰ ਦੇ ਨੇੜੇ ਹੋਵੇ।
ਗੁਰੂ ਜੀ ਦਾ ਇਕ ਸਿੱਖ ਅਜਿੱਤਾ ਪੱਖੋਕੇ ਦਾ ਰਹਿਣ ਵਾਲਾ ਸੀ। ਪੱਖੋਕੇ ਪਿੰਡ ਤਲਵੰਡੀ ਤੋਂ 110 ਮੀਲ ਦੂਰੀ ‘ਤੇ ਸਥਿਤ ਸੀ। ਅਜਿੱਤਾ ਰੰਧਾਵਾ ਇਸ ਪਿੰਡ ਦਾ ਚੌਧਰੀ ਸੀ। ਉਸ ਨੇ ਪੱਖੋਕੇ ਵਿਖੇ ਇਹ ਕੇਂਦਰ ਬਣਾਉਣ ਦੀ ਤਜਵੀਜ਼ ਰੱਖੀ ਜਿਹੜੀ ਕਿ ਗੁਰੂ ਜੀ ਨੂੰ ਪਸੰਦ ਆ ਗਈ। ਅਜਿੱਤੇ ਰੰਧਾਵੇ ਨੇ ਨਵਾਂ ਕੇਂਦਰ ਸਥਾਪਤ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ।
ਅਖੀਰ 9 ਜਨਵਰੀ 1516 ਈ. ਨੂੰ ਇਸ ਅਸਥਾਨ ਉੱਪਰ ਕਰਤਾਰਪੁਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ ਗਈ। ਰਾਵੀ ਦਰਿਆ ਦੇ ਕੰਢੇ ਵਸੇ ਸ਼ਹਿਰ ਵਿਚ ਰੌਣਕ ਵਧਣ ਲੱਗ ਪਈ। ਗੁਰੂ ਜੀ ਦੇ ਅਨੇਕਾਂ ਪ੍ਰੇਮੀ ਇਥੇ ਇਸ ਤਰ੍ਹਾਂ ਆਉਂਦੇ ਜਿਵੇਂ ਇਹ ਕੋਈ ਤੀਰਥ ਸਥਾਨ ਹੋਵੇ।
ਇਕ ਹੋਰ ਕਥਾ ਅਨੁਸਾਰ ਸਿੱਖ ਇਤਿਹਾਸ ‘ਚ ਅਹਿਮ ਸਥਾਨ ਰੱਖਣ ਵਾਲੇ ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਨੇ ਵਸਾਇਆ ਸੀ। ਦੇਸ਼ ਦੇਸਾਂਤਰ ਦਾ ਚੱਕਰ ਲਾਉਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਸੰਨ 1522 ਈ. ਨੂੰ ਪਰਿਵਾਰ ਸਮੇਤ ਪੱਕੇ ਤੌਰ ‘ਤੇ ਇਥੇ ਵਸ ਗਏ। ਇਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ :
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖ ਉਦਾਸੀ ਸਗਲ ਉਤਾਰਾ।
ਪਹਰਿ ਸੰਸਾਰੀ ਕਪੜੇ ਮੰਜੀ ਬੈਠਿ
ਕੀਆ ਅਵਤਾਰਾ (1/38)
ਥਾਂ ਦੀ ਚੋਣ
ਜਗਤ ਗੁਰੂ ਕੁਦਰਤ ਪ੍ਰੇਮੀ ਹੋਣ ਕਾਰਨ ਸਦਾ ਇਸ ਨਾਲ ਸੰਵਾਦ ‘ਚ ਰਹਿੰਦੇ। ਉਨ੍ਹਾਂ ਦੁਆਰ ਰਚੀ ਬਾਣੀ ‘ਚੋਂ ਵੀ ਅਜਿਹੇ ਹਵਾਲੇ ਮਿਲਦੇ ਹਨ। ਜਿਵੇਂ –
ਬਲਿਹਾਰੀ ਕੁਦਰਤ ਵੱਸਿਆ,
ਤੇਰਾ ਅੰਤ ਨਾ ਜਾਈ ਲੱਖਿਆ।
ਉਹ ਪ੍ਰਭੂ ਨੂੰ ਕੁਦਰਤ ਦੇ ਕਣ-ਕਣ ‘ਚ ਵਸਿਆ ਮਹਿਸੂਸਦੇ ਸਨ। ਪੌਣ-ਪਾਣੀ ਦੀ ਸ਼ੁਧਤਾ ਉਨ੍ਹਾਂ ਲਈ ਬਹੁਤ ਅਹਿਮੀਅਤ ਰੱਖਦੀ ਸੀ। ਪੌਣ ਉਨ੍ਹਾਂ ਲਈ ਗੁਰੂ ਅਤੇ ਪਾਣੀ ਪਿਤਾ ਸਮਾਨ ਅਤੇ ਧਰਤ ਮਾਤਾ ਵਾਂਗ ਪੂਜਣ ਯੋਗ ਰਹੀ ਹੈ। ਇਸੇ ਵਜ੍ਹਾ ਕਰਕੇ ਉਨ੍ਹਾਂ ਕਰਤਾਰਪੁਰ ਵਸਾਉਣ ਲਈ ਰਾਵੀ ਦਰਿਆ ਦੇ ਕੰਢੇ ਦੀ ਚੋਣ ਕੀਤੀ। ਉਹ ਸਵੇਰ-ਸ਼ਾਮ ਦਰਿਆ ਦੇ ਵਗਦੇ ਪਾਣੀ ਸੰਗ ਸੰਵਾਦ ਕਰਦੇ ਅਤੇ ਸ਼ਾਂਤ ਵਾਤਾਵਰਨ ‘ਚ ਅੰਤਰ ਧਿਆਨ ਹੁੰਦੇ।
ਪਹਿਲਾ ਸਿੱਖ ਕਮਿਊਨ
ਇਥੇ ਸਾਰੇ ਲੋਕ ਧਰਮਾਂ ਅਤੇ ਜਾਤਾਂ ਤੋਂ ਉੱਪਰ ਉਠ ਕੇ ਪਿਆਰ-ਭਾਵਨਾ ਨਾਲ ਰਹਿੰਦੇ ਸਨ। ਇਸ ਤਰ੍ਹਾਂ ਪਹਿਲੇ ਸਿੱਖ ਕਮਿਊਨ ਦੀ ਜਨਮ ਭੂਮੀ ਕਰਤਾਰਪੁਰ ਬਣੀ। ਭਾਈ ਮਰਦਾਨਾ, ਭਾਈ ਮੂਲਾ, ਹੱਸੂ ਲੁਹਾਰ ਅਤੇ ਸੀਹੋ ਛੀਂਬਾ ਸਥਾਪਤੀ ਦੇ ਸਮੇਂ ਗੁਰੂ ਜੀ ਦੇ ਨਾਲ ਸਨ। ਇਥੇ ਰਹਿੰਦਿਆਂ ਗੁਰੂ ਜੀ ਨੇ ਕਿਰਤ ਦੀ ਮਹਾਨਤਾ ਦਾ ਪਾਠ ਸਾਰੀ ਲੋਕਾਈ ਨੂੰ ਪੜ੍ਹਾਉਣ ਵਾਸਤੇ ਹੱਥੀਂ ਖੇਤੀ ਕੀਤੀ। ਇਸ ਦ੍ਰਿਸ਼ ਦਾ ਵਰਣਨ ਜਸਬੀਰ ਮੰਡ ਨੇ ਆਪਣੇ ਨਾਵਲ ‘ਬੋਲ ਮਰਦਾਨਿਆ’ ਵਿਚ ਇੰਜ ਕੀਤਾ ਹੈ :
‘ਕਰਤਾਰਪੁਰ ਅੱਜ-ਕੱਲ੍ਹ ਬਹੁਤ ਰੌਣਕੀ ਹੋ ਗਿਆ ਸੀ। ਕਦੇ-ਕਦੇ ਇਸ ਰੌਣਕ ਤੋਂ ਬਾਹਰ ਜਦੋਂ ਬਾਬਾ ਖੇਤਾਂ ਵਿਚ ਹਲ਼ ਵਾਹੁੰਦਾ ਦਿਸਦਾ ਤਾਂ ਗੁਰੂ ਨੂੰ ਵੇਖਣ ਲਈ ਭਾਈ ਲਹਿਣਾ (ਗੁਰੂ ਅੰਗਦ ਦੇਵ) ਉਸੇ ਖੇਤ ਦੀ ਵੱਟ ਉੱਤੇ ਜਾ ਬੈਠਦਾ। ਉਸ ਨੂੰ ਵੇਖ ਭਗੀਰਥ, ਅਜਿੱਤਾ ਰੰਧਾਵਾ ਤੇ ਸਜਾਦਾ ਵੀ ਆ ਬੈਠਦੇ। ਬਾਬੇ ਦੇ ਹਰ ਲੰਘਦੇ ਸਿਆੜ ਨੂੰ ਉਹ ਰਬਾਬ ਦੀ ‘ਟੁਣਕਾਰ’ ਨਾਲ ਛੇੜਦਾ।’
ਕਰਤਾਰਪੁਰ ‘ਚ ਹੀ ਗੁਰੂ ਬਾਬੇ ਨੇ ਸੰਗਤ ਤੇ ਪੰਗਤ ਦੀ ਰੀਤ ਆਰੰਭ ਕੀਤੀ। ਸਾਰੀ ਸੰਗਤ ਇਕੋ ਪੰਗਤ ਵਿਚ ਬੈਠ ਇਕੋ ਹੀ ਭੋਜਨ ਛਕਦੀ ਸੀ। ਇਸ ਤਰ੍ਹਾਂ ਉਨ੍ਹਾਂ ਸਮਾਜ ਵਿਚ ਜਾਤਪਾਤ, ਅਮੀਰੀ-ਗ਼ਰੀਬੀ ਕਾਰਨ ਜਿਹੜੀਆਂ ਸਮਾਜਿਕ ਵੰਡੀਆਂ ਪਈਆਂ ਸਨ, ਉਨ੍ਹਾਂ ਨੂੰ ਮੇਟਣ ਦੇ ਯਤਨ ਆਰੰਭੇ। ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਵਿਚ ਸਭ ਨੂੰ ਬਰਾਬਰੀ ‘ਤੇ ਬੈਠਣਾ ਪੈਂਦਾ ਸੀ। ਇੰਝ ਉਨ੍ਹਾਂ ਨੇ ਨਿਮਾਣਿਆਂ ਨੂੰ ਮਾਣ ਤੇ ਨਿਤਾਣਿਆਂ ਨੂੰ ਤਾਣ ਦੀ ਬਖ਼ਸ਼ਿਸ਼ ਕੀਤੀ। ਗੁਰੂ ਜੀ ਦੇ ਅਜਿਹੇ ਪ੍ਰਬੰਧ ਨੂੰ ਸਿੱਖ ਕਮਿਊਨ ਆਖਿਆ ਗਿਆ ਹੈ। ਉਨ੍ਹਾਂ ਕੇਵਲ ਆਪਣੀ ਸੋਚ ਨੂੰ ਵਿਚਾਰਾਂ ਤਕ ਹੀ ਸੀਮਤ ਨਾ ਰੱਖ ਕੇ ਜ਼ਿੰਦਗੀ ਦੀ ਪ੍ਰਯੋਗਸ਼ਾਲਾ ਵਿਚ ਉਸ ਨੂੰ ਅਮਲੀ ਰੂਪ ਦਿੱਤਾ।
ਮੁੜ ਸਥਾਪਨਾ
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ 18 ਵਰ੍ਹੇ ਨਿਵਾਸ ਕੀਤਾ। ਇਥੋਂ ਹੀ ਉਹ ਅੱਚਲ-ਬਟਾਲਾ ਅਤੇ ਹੋਰ ਕਈ ਸਥਾਨਾਂ ‘ਤੇ ਧਰਮ ਪ੍ਰਚਾਰ ਲਈ ਜਾਂਦੇ ਰਹੇ। ਕਿਰਤ ਕਰਨ ਦੇ ਨਾਲ-ਨਾਲ ਉਹ ਲੋਕਾਂ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਗੁਰਿਆਈ ਬਖ਼ਸ਼ ਕੇ 7 ਸਤੰਬਰ ਸੰਨ 1539 ਆਪਣਾ ਸੰਸਾਰਿਕ ਸਫ਼ਰ ਸਮਾਪਤ ਕੀਤਾ। ਇਹ ਨਗਰ ਬਾਅਦ ਵਿਚ ਰਾਵੀ ‘ਚ ਆਏ ਹੜ੍ਹ ‘ਚ ਅਭੇਦ ਹੋ ਗਿਆ। ਬਾਅਦ ਵਿਚ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਗੁਰੂ ਜੀ ਦਾ ਨਵਾਂ ਦੇਹਰਾ ਰਾਵੀ ਦਰਿਆ ਦੇ ਖੱਬੇ ਕੰਢੇ ‘ਤੇ ਬਣਵਾਇਆ ਜੋ ਹੁਣ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਦੇਹਰੇ ਦੇ ਆਲੇ ਦੁਆਲੇ ਵਸਿਆ ਨਗਰ ਹੁਣ ਡੇਰਾ ਬਾਬਾ ਨਾਨਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੋਂ ਹੀ ਸਿੱਖ ਸ਼ਰਧਾਲੂ ਦੂਰਬੀਨ ਰਾਹੀਂ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ। ਰਾਵੀ ਦਰਿਆ ਦੇ ਸੱਜੇ ਕੰਢੇ ਵਸੇ ਨਗਰ ਕਰਤਾਰਪੁਰ ਨੂੰ ਹੜ੍ਹਾਂ ਦੁਆਰਾ ਰੋੜ ਲਏ ਜਾਣ ਦੇ ਕਾਫ਼ੀ ਸਮੇਂ ਬਾਅਦ ਗੁਰੂ ਘਰ ਦੇ ਸ਼ਰਧਾਲੂਆਂ ਅਤੇ ਪ੍ਰੇਮੀਆਂ ਨੇ ਪੁਰਤਾਨ ਨਗਰ ਦੀ ਨਿਸ਼ਾਨਦੇਹੀ ਕਰ ਕੇ ਕਰਤਾਰਪੁਰ ਨਗਰ ਦੀ ਪੁਨਰ ਉਸਾਰੀ ਕੀਤੀ ਅਤੇ ਗੁਰੂ ਨਾਨਕ ਜੀ ਦੀ ਯਾਦ ‘ਚ ਘਰ ਘਰ ਦੀ ਉਸਾਰੀ ਕਰਵਾਈ। ਇਹ ਨਗਰ ਹੁਣ ਪਾਕਿਸਤਾਨ ਦੇ ਸਿਆਲ ਕੋਟ ਜ਼ਿਲ੍ਹੇ ਵਿਚ ਹੈ।
ਗੁਰਦੁਆਰਾ ਦਰਬਾਰ ਸਾਹਿਬ
ਗੁਰਦੁਆਰਾ ਦਰਬਾਰ ਸਾਹਿਬ, ਨਾਰੋਵਾਲ ਪਾਕਿਸਤਾਨ ਵਿਚ ਲਾਹੌਰ ਤੋਂ 120 ਕਿਲੋਮੀਟਰ ਦੂਰੀ ‘ਤੇ ਹੈ। ਇਹ ਉਸ ਇਤਿਹਾਸਕ ਅਸਥਾਨ ‘ਤੇ ਬਣਾਇਆ ਗਿਆ ਹੈ, ਜਿੱਥੇ ਗੁਰੂ ਨਾਨਕ ਦੇਵ ਜੀ 23 ਅੱਸੂ, ਸੰਮਤ 1596 (22 ਸਤੰਬਰ 1539) ਨੂੰ ਦੂਜੀ ਦੁਨੀਆ ਨੂੰ ਚਲੇ ਗਏ। ਇਸ ਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸ ਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਅਿਾ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪਏ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸ. ਭੁਪਿੰਦਰ ਸਿੰਘ ਨੇ ਬਣਾਈ ਸੀ।
ਕਰਤਾਰਪੁਰ ਲਾਂਘਾ
ਕਰਤਾਰਪੁਰ ਲਾਂਘਾ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਉਸਾਰੀ ਅਧੀਨ ਸਰਹੱਦੀ ਲਾਂਘਾ ਹੈ। ਇਹ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ (ਪੰਜਾਬ, ਭਾਰਤ ਵਿਚ ਸਥਿਤ) ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪੰਜਾਬ, ਪਾਕਿਸਤਾਨ) ਵਿਚਕਾਰ ਖੋਲ੍ਹਿਆ ਜਾ ਰਿਹਾ ਹੈ। ਇਸ ਯੋਜਨਾਬੰਦੀ ਤਹਿਤ ਇਹ ਲਾਂਘਾ ਭਾਰਤ ਦੇ ਸਿੱਖਾਂ ਅਤੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ‘ਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦੀ ਖੁੱਲ੍ਹ ਹੈ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰ ਕੇ ਆਪਣੇ ਫਲਸਫ਼ੇ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਹੀ ਨਹੀਂ ਹੈ ਬਲਕਿ ਭਾਰਤ ਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ। ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਟੂਰਿਜ਼ਮ ਵੀ ਵਿਕਸਿਤ ਹੋਵੇਗਾ। ਕਰਤਾਰਪੁਰ ਲਾਂਘੇ ਨੂੰ ਪਹਿਲੀ ਵਾਰ 1999 ਵਿਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਇਹ ਕੋਰੀਡੋਰ ਦਾ ਉਦਘਾਟਨ 9 ਨਵੰਬਰ 2019 ਨੂੰ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਤੋਂ ਤਿੰਨ ਦਿਨ ਪਹਿਲਾਂ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ‘ਚ ਵਰਣਿਤ ਪੇੜ-ਪੌਦੇ
ਗੁਰਬਾਣੀ ਵਿਚ ਰੁੱਖਾਂ ਦੀ ਬਹੁਤ ਮਹਿਮਾ ਹੈ। ਜਿਸ ਦੀ ਰੋਸ਼ਨੀ ਵਿਚ ਵਾਤਾਵਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਅਮਲ ਕਰਨ ਦੀ ਲੋੜ ਹੈ…
ਘਾਹ ਬੂਟ
ਘਾਹ
ਘਾਹੁ ਖਾਨਿ ਤਿਨਾ ਮਾਸੁ
ਖਵਾਲੇ ਏਹਿ ਚਲਾਏ ਰਾਹ॥
(ਅੰਗ : 144)
ਕਾਹ (ਕਾਹੀ ਦੇ ਬੂਟੇ)
ਝੂਠ ਵਿਗੁਤੀ ਤਾ ਪਿਰ
ਮੁਤੀ ਕੁਕਰ ਕਾਹ ਸਿ ਫੂਲੇ॥
(ਅੰਗ : 1108)
ਕੁਕਹ (ਪਿਲਛੀ)
(ਖਿਲਜੀ-ਰੇਤਲੀ ਜ਼ਮੀਨ ਵਿਚ ਹੋਣ ਵਾਲਾ ਬੂਟਾਵੇਲਾਂ
ਮੇਵਾ (ਸੌਗੀ)
ਕਿਆ ਮੇਵਾ ਕਿਆ
ਘਿਉ ਗੁੜੁ ਮਿਠਾ
ਕਿਆ ਮੈਦਾ ਕਿਆ ਮਾਸੁ॥
(ਅੰਗ : 142)
ਪਾਨ
ਪਾਨਾ ਵਾੜੀ ਹੋਇ
ਘਰਿ ਖਰੁ ਸਾਰ ਨ ਜਾਣੈ॥
(ਅੰਗ : 725)
ਦਾਖ
ਫਰੀਦਾ ਲੋੜੈ ਦਾਖ
ਬਿਜਉਰੀਆ ਕਿਰਿ ਬੀਜੈ ਜਟੁ॥
(ਅੰਗ : 1379)
ਤੂੰਬੜੀ
ਜਿਨਾ ਵੇਲਿ ਨ ਤੂੰਬੜੀ
ਮਾਇਆ ਠਗੇ ਠਗਿ॥
(ਅੰਗ : 1413)
ਲਉਕੀ, ਤੁਮਾ ਅਤੇ ਤੂੰਬੜੀ
ਲਉਕੀ ਅਠ ਸਠਿ
ਤੀਰਥ ਨ੍ਰਾਈ॥
(ਅੰਗ : 656)
ਛਾਂ-ਦਾਰ ਦਰੱਖਤ
ਬੋਹੜ (ਬਟਕ)
ਬਟਕ ਬੀਜ ਮਹਿ ਰਵਿ ਰਹਿਓ
ਜਾ ਕੋ ਤੀਨਿ ਲੋਕ ਬਿਸਥਾਰ॥
(ਅੰਗ : 340)
ਸਿੰਮਲ
ਸਿੰਮਲ ਰੁਖੁ ਸਰਾਇਰਾ ਅਤਿ
ਦੀਰਘ ਅਤਿ ਮੁਚੁ॥
(ਅੰਗ : 470)
ਨਿੰਮ
ਨਿੰਮੁ ਬਿਰਖੁ ਬਹੁ ਸੰਚੀਐ
ਅੰਮ੍ਰਿਤ ਰਸ ਪਾਇਆ॥
(ਅੰਗ : 1244)
ਪਿੱਪਲ (ਪੀਪ)
ਸੰਗਤਿ ਸੰਤ ਸੰਗਿ ਲਗਿ ਊਚੇ
ਜਿਉ ਪੀਖ ਪਲਾਸ ਖਾਇ ਲੀਜੈ॥
(ਅੰਗ : 1325)
ਕਿੱਕਰ
ਫਰੀਦਾ ਲੋੜੈ ਦਾਖ ਬਿਜਉਰੀਆ
ਕਿਕਰਿ ਬੀਜੈ ਜਟੁ॥
(ਅੰਗ : 1379)
ਮੌਲਸਰੀ
ਕੀਰਤਿ ਰਵਿ ਕਿਰਣਿ ਪ੍ਰਗਟਿ
ਸੰਸਾਰਹ ਸਾਖ ਤਰੋਵਰ ਮਵਲਸਰਾ॥
(ਅੰਗ : 1392)
ਖੁਸ਼ਬੂਦਾਰ ਬੂਟੇ
ਚੰਦਨ
ਚੋਆਚੰਦਨ ਦੇਹ ਫੂਲਿਆ
(ਅੰਗ : 210)
ਕੇਸਰ
ਕੇਸਰਿ ਕੁਸਮ ਮਿਰਗਮੈ
ਹਰਣਾ ਸਰਬ ਸਰੀਰੀ ਚੜਨਾ॥
(ਅੰਗ : 721)
ਅਗਰ
(ਉਦ ਵੀ ਆਖਦੇ ਹਨ)
ਚੰਦਨ ਅਗਰ ਕਪੂਰ
2ਲੇਪਨ ਤਿਸੁ ਸੰਗੇ ਨਹੀਂ ਪ੍ਰੀਤਿ॥
(ਅੰਗ : 1018)
ਮੁਸ਼ਕਪੂਰ
ਚੰਦਨ ਅਗਰ ਕਪੂਰ
ਲੇਪਨ ਤਿਸੁ ਸੰਗੇ ਨਹੀਂ ਪ੍ਰੀਤਿ॥
(ਅੰਗ : 1018)
ਮਹਿੰਦੀ
ਕਬੀਰ ਮਹਿਦੀ ਕਰਿ
ਘਾਲਿਆ ਆਪੁ ਪੀਸਾਇ ਪੀਸਾਇ॥
(ਅੰਗ : 1367)
ਫਲਦਾਰ ਦਰੱਖਤ
ਅੰਬ
ਜਿਉ ਕੋਕਿਲ ਕਉ ਅੰਬੁ ਬਾਲਹਾ
ਤਿਉ ਮੇਰੈ ਮਨਿ ਰਾਮਈਆ॥
(ਅੰਗ : 693)
ਖਜੂਰ
ਜਲ ਕੀ ਮਾਛੁਲੀ ਚਰੈ ਖਜੂਰਿ॥
(ਅੰਗ : 718)
ਨਾਰੀਅਲ
ਨਾਲੀਏਰ ਫਲੁ ਸੇਬਰਿ ਪਾਕਾ
ਮੂਰਖ ਮੁਗਧ ਗਵਾਰ॥
(ਅੰਗ : 972)
ਕੇਲਾ
ਨੀਬੁਛਇਓ ਆਂਬੁਆਂਬੁ ਭਇਓ
ਨੀਬਾ ਕੇਲਾ ਪਾਕਾ ਝਾਰਿ॥
(ਅੰਗ : 972)
ਰੁਦ੍ਰਾਖ
(ਰੁਦਰ ਦੀ ਅੱਖ ਜਿਹਾ, ਜਿਸਦਾ ਫਲ)
ਰਿਦੈ ਕੂੜੁ ਕੰਠਿ ਰੁਦ੍ਰਾਖੰ॥
(ਅੰਗ : 1351)
ਬੇਰੀ
ਕਬੀਰ ਮਾਰੀ ਮਰਉ ਕੁਸੰਗ ਕੀ
ਕੇਲੇ ਨਿਕਟਿ ਜੂ ਬੇਰਿ॥
(ਅੰਗ : 1369)
ਅਨਾਜ
ਤਿਲ
ਛੁਟੇ ਤਿਲ ਬੂਆੜ ਜਿਉਂ ਸੁੰਞੇ
ਅੰਦਰਿ ਖੇਤ॥
(ਅੰਗ : 463)
ਕਪਾਹ
ਦਇਆ ਕਪਾਹ ਸੰਤੋਖੁ ਸੂਤੁ
ਜਤੁ ਗੰਢੀ ਸਤੁ ਵਟ॥
(ਅੰਗ : 471)
ਕਮਾਦ
ਤੋਇਅਹੁ ਅੰਨੁ ਕਮਾਦੁ ਕਪਾਹਾ
ਤੋਇਅਹੁ ਤ੍ਰਿਭਵਣ ਗੰਨਾ॥
(ਅੰਗ : 1290)
ਕਣਕ
ਜਤੁ ਸਤੁ ਚਾਵਲ ਦਇਆ ਕਣਕ
ਕਰਿ ਪ੍ਰਾਪਤਿ ਪਾਤੀ ਧਾਨੁ॥
(ਅੰਗ : 1329)
ਧਾਨ (ਚੌਲਾਂ ਦਾ ਬੂਟਾ)
ਜਤੁ ਸਤੁ ਚਾਵਲ ਦਇਆ ਕਣਕ
ਕਰਿ ਪ੍ਰਾਪਤਿ ਧਾਨੁ॥
(ਅੰਗ : 1329)
ਰਾਈ
ਕਬੀਰ ਮੁਕਤਿ
ਦੁਆਰਾ ਸੰਕੁਰਾ
ਰਾਈ ਦਸਏ ਭਾਇ॥
(ਅੰਗ :1367)
ਜਉਂ
ਕਬੀਰ ਸਾਧੂ ਕੀ
ਸੰਗਤਿ ਰਹਉ ਜਉ
ਕੀ ਫੂਸੀ ਖਾਉ॥
(ਅੰਗ : 1369)
ਸਰੋਂ
ਕਾਚੀ ਸਰਸਉਂ
ਖੇਲਿ ਕੈ ਨਾ ਖਲਿ
ਭਈ ਨ ਤੇਲ॥
(ਅੰਗ : 1377)
ਕ੍ਰੋਧਾ
ਗਹਿਲਾ ਲੋਕੁ ਨ
ਜਾਣਦਾ ਹੰਸੁ ਨ
ਕੋਧ੍ਰਾ ਖਾਇ॥
(ਅੰਗ : 1381)
ਫੁੱਲਦਾਰ ਬੂਟੇ
ਕਵੀਆ
(ਕੁਮੁਦਨੀ, ਕੰਮੀ, ਚੰਦ ਦੇ ਚਾਨਣੇ ਵਿਚ ਖਿੜਣ ਵਾਲੀ)
ਕਉਲ ਤੂ ਹੈ ਕਵੀਆਤੁ ਹੈ
ਆਪੇ ਵੇਖਿ ਵਿਗਸੁ॥
(ਅੰਗ : 23)
ਕੁਸਮ
ਜਿਉ ਉਦਿਆਨ ਕੁਸਮ
ਪਰਫਲਿਤ ਕਿਨਹਿ ਨ ਘਾਉ ਲਇਓ॥
(ਅੰਗ : 339)
ਕਮਲ
ਜੈਸੇ ਜਲ ਮਹਿ ਕਮਲੁ
ਨਿਰਾਲਮੁ ਮੁਰਗਾਈ ਨੈ ਸਾਣੈ॥
(ਅੰਗ : 938)
ਮਹੂਆ (ਧਾਵਾ)
ਗੁੜੁ ਕਰਿ ਗਿਆਨੁ ਧਿਆਨੁ
ਕਰਿ ਮਹੂਆ ਭਉ ਭਾਨੀ ਮਨਧਾਰਾ॥ (ਅੰਗ : 969)
ਕਲਪਿਤ ਰੱਖ
ਪਾਰਜਾਤ
ਪਾਰਜਾਤੁ ਇਹੁ ਹਰਿ
ਕੋ ਨਾਮ॥
(ਅੰਗ : 265)
ਕਲਪਤਰ
ਅੰਮ੍ਰਿਤ ਸਸੀਅ ਧੇਨ ਲਛਮੀ ਕਲਪਤਰ
ਸਿਖਰਿ ਸੁਨਾਗਰ ਨਦੀ ਦੇ ਨਾਥੰ॥
(ਅੰਗ : 695)
ਜੜੀਆਂ ਬੂਟੀਆਂ
ਕੰਦ ਅਤੇ ਮੂਲ
(ਗਾਜਰ, ਗਠਾ, ਪਿਆਜ਼, ਮੂੰਗਫਲੀ, ਸ਼ਕਰਕੰਦੀ ਆਦਿਕ ਜ਼ਮੀਨ ਅੰਦਰ ਹੋਣ ਵਾਲੇ ਪਦਾਰਥ)
ਇਕਿ ਕੰਦ ਮੂਲੁ ਚਣਿ
ਖਾਹਿ ਵਣ ਖੰਡਿ ਵਾਸਾ॥
(ਅੰਗ : 140)
ਅੱਕ
ਤੁਮੀ ਤੁਮਾ ਵਿਸੁ ਅਕੁ
ਧਤੂਰਾ ਨਿਮੁ ਫਲੁ॥
(ਅੰਗ : 147)
ਤੁਮਾ (ਕੌੜਤੁਮਾ)
ਤੁਮੀ ਤੁਮਾ ਵਿਸੁ ਅਕੁ
ਧਤੂਰਾ ਨਿਮੁ ਫਲੁ॥
(ਅੰਗ : 147)
ਇਰੰਡ (ਹਿਰਡ)
ਤੁਮ ਚੰਦਨ ਹਮ ਇਰੰਡ
ਬਾਪੁਰੇ ਸੰਗਿ ਤੁਮਾਰੇ ਬਾਸਾ॥
(ਅੰਗ : 486)
ਬਿਸਲਿ
ਦਾਧੀਲੇ ਲੰਕਾ ਗੜੁ
ਉਪਾੜੀਏ ਰਾਵਣ ਬਣੁ
ਸਲਿ ਬਿਸਲਿ ਆਣਿ
ਤੋਖੀਲੇ ਹਰੀ॥
(ਅੰਗ : 695)
ਕੰਦਮੂਲ
(ਇਕ ਬੂਟਾ ਜੋ ਤਿੰਨ ਚਾਰ ਹੱਥ ਉਚਾ ਹੁੰਦਾ ਹੈ, ਇਸ ਦੇ ਪੱਤੇ ਸਿੰਮਲ ਜਹੇ ਹੁੰਦੇ ਹਨ ਅਤੇ ਜੜ ਮੋਟੀ ਹੁੰਦੀ ਹੈ, ਇਸ ਦੀ ਭਾਜੀ ਬਣਦੀ ਹੈ।) ਕੰਦੁ ਮੂਲੁ ਆਹਾਰੋ ਖਾਈਐ ਅਉਧੁ ਬੋਲੈ ਗਿਆਨੇ॥
(ਅੰਗ : 938)
ਲੌਂਗ
ਕਿਨਹੀ ਬਨਜਿਆ ਕਾਂਸੀ
ਤਾਂਬਾ ਕਿਨਹੀ ਲਉਗ ਸੁਪਾਰੀ॥
(ਅੰਗ : 1123) ਤੁਲਸੀ
ਮ੍ਰਿਗ ਆਸਣੁ ਤੁਲਸੀ ਮਾਲਾ॥
(ਅੰਗ : 1351)
ਲਸਨ
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ॥
(ਅੰਗ : 1365)
ਹਲਦੀ
ਕਬੀਰ ਹਰਦੀ ਪੀਅਰੀ
ਚੂੰਨਾਂ ਊਜਲ ਭਾਇ॥ (ਅੰਗ : 1367)
ਭੰਗ (ਸੁੱਖਾ)
ਕਬੀਰ ਭਾਂਗ ਮਾਛੁਲੀ ਸੁਰਾ
ਪਾਨ ਜੋ ਜੋ ਪ੍ਰਾਨੀ ਖਾਹਿ॥
(ਅੰਗ : 1377)
ਕਲਪਿਤ ਰੁੱਖ
ਫੁਟਕਲ
ਪਬਣਿ (ਪੁਰੈਨ)
(ਪਾਣੀ ਕੰਡੇ ਉਗਣ ਵਾਲਾ ਇਕ ਪੌਦਾ)
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ
ਰਵਿਦਾਸ ਜਨਮੇ ਜਗਿ ਓਇ॥
(ਅੰਗ : 858)
ਰਤੀ
ਤਨੁ ਬੈਸਤਰਿ ਹੋਮੀਐ ਇਕ ਰਤੀ ਤੋਲਿ ਕਟਾਇ॥ (ਅੰਗ : 62)
ਕਾਨਾ
ਮਨਮੁਖਿ ਨਾਮ ਵਿਸਾਰਿਆ
ਜਿਉ ਡਵਿ ਦਧਾ ਕਾਨੁ॥
(ਅੰਗ : 63)
ਮਜੀਠ
ਮੇਰੇ ਰਮਈਏ ਰੰਗੁ ਮਜੀਠਕਾ
ਕਹੁ ਰਵਿਦਾਸ ਚਮਾਰ॥
(ਅੰਗ : 346)
ਸੁਪਾਰੀ
ਪਾਨ ਸੁਪਾਰੀ ਖਾਤੀਆ ਮੁਖਿ
ਬੀੜੀਆ ਲਾਈਆ॥
(ਅੰਗ : 726)
ਕਸੁੰਭ
ਕਚਾ ਰੰਗੁ ਕਸੁੰਭ ਕਾ
ਥੋੜੜਿਆ ਦਿਨ ਚਾਰਿ ਜੀਉ॥
(ਅੰਗ : 751)
ਖੂੰਬ
ਜੈਸੇ ਭਾਦਉ ਖੂੰਬਰਾਜੁ ਤੂ
ਤਿਸ ਤੇ ਖਰੀ ਉਤਾਵਲੀ॥
(ਅੰਗ : 1196)
ਬਾਂਸ
ਕਬੀਰ ਬਾਂਸੁ ਬਡਾਈ ਬੂਡਿਆ
ਇਉ ਮਤ ਡੂਬਹੂ ਕੋਇ॥
(ਅੰਗ: 1365)
ਢਾਕ, ਪਲਾਸ (ਛਿਛਰਾ)
ਕਬੀਰ ਚੰਦਨਕਾ ਬਿਰਵਾ
ਭਲਾ ਬੇੜਿਓ ਢਾਕ ਪਲਾਸ॥
(ਅੰਗ : 1365)

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …