4.3 C
Toronto
Friday, November 7, 2025
spot_img
Homeਦੁਨੀਆਬਰਤਾਨੀਆ 'ਚ ਸੁਏਲਾ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ

ਬਰਤਾਨੀਆ ‘ਚ ਸੁਏਲਾ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ

ਕਲੈਵਰਲੀ ਹੋਣਗੇ ਨਵੇਂ ਗ੍ਰਹਿ ਮੰਤਰੀ; ਕੈਮਰੋਨ ਨੂੰ ਵਿਦੇਸ਼ ਮੰਤਰੀ ਥਾਪਿਆ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕੈਬਨਿਟ ‘ਚ ਫੇਰਬਦਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੂੰ ਨਵਾਂ ਵਿਦੇਸ਼ ਮੰਤਰੀ ਥਾਪ ਦਿੱਤਾ। ਜੇਮਸ ਕਲੈਵਰਲੀ ਨੂੰ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸੂਨਕ ਕੈਬਨਿਟ ‘ਚ ਫੇਰਬਦਲ ਉਸ ਸਮੇਂ ਹੋਇਆ ਹੈ ਜਦੋਂ ਵਿਦੇਸ਼ ਮੰਤਰੀ ਕਲੈਵਰਲੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕਰਨੀ ਸੀ ਜੋ ਯੂਕੇ ਦੇ ਪੰਜ ਦਿਨਾਂ ਦੌਰੇ ‘ਤੇ ਹਨ। ਜੈਸ਼ੰਕਰ ਨੇ ਸੂਨਕ ਨਾਲ 10 ਡਾਊਨਿੰਗ ਸਟਰੀਟ ‘ਚ ਗੱਲਬਾਤ ਕੀਤੀ ਸੀ।
ਕੈਮਰੋਨ ਨੇ ਕਿਹਾ ਕਿ ਉਹ ਭਾਵੇਂ ਕੁਝ ਵਿਅਕਤੀਗਤ ਫ਼ੈਸਲਿਆਂ ਨਾਲ ਅਸਹਿਮਤ ਹੋ ਸਕਦੇ ਹਨ ਪਰ ਇਹ ਸਪੱਸ਼ਟ ਹੈ ਕਿ ਰਿਸ਼ੀ ਸੂਨਕ ਮਜ਼ਬੂਤ ਅਤੇ ਯੋਗ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਮੁਸ਼ਕਲ ਸਮੇਂ ‘ਚ ਮਿਸਾਲੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸੂਨਕ ਦੀ ਮਦਦ ਕਰਨਗੇ। ਬ੍ਰੇਵਰਮੈਨ ਦੇ ਕੈਬਨਿਟ ‘ਚੋਂ ਲਾਂਭੇ ਹੋਣ ਦੇ ਹਾਲਾਤ ਉਸ ਸਮੇਂ ਬਣ ਗਏ ਸਨ ਜਦੋਂ 10 ਡਾਊਨਿੰਗ ਸਟਰੀਟ ਤੋਂ ਪ੍ਰਵਾਨਗੀ ਲਏ ਬਿਨਾਂ ਉਸ ਨੇ ਅਖ਼ਬਾਰ ‘ਚ ਪੁਲਿਸ ਨੂੰ ਨਿਸ਼ਾਨਾ ਬਣਾਉਂਦਿਆਂ ਵਿਵਾਦਤ ਲੇਖ ਲਿਖਿਆ ਸੀ।
ਜੈਸ਼ੰਕਰ ਨੇ ਡੇਵਿਡ ਕੈਮਰੋਨ ਨਾਲ ਕੀਤੀ ਮੁਲਾਕਾਤ
ਲੰਡਨ : ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਵੇਂ ਬਣੇ ਆਪਣੇ ਬਰਤਾਨਵੀ ਹਮਰੁਤਬਾ ਡੇਵਿਡ ਕੈਮਰੋਨ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਦੁਵੱਲੇ ਰਣਨੀਤਕ ਮੁੱਦਿਆਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ‘ਐਕਸ’ ‘ਤੇ ਲਿਖਿਆ ਕਿ ਉਨ੍ਹਾਂ ਨੂੰ ਡੇਵਿਡ ਕੈਮਰੋਨ ਦੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਮੁਲਾਕਾਤ ਕਰਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕੈਮਰੋਨ ਨੂੰ ਵਿਦੇਸ਼ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਕੈਮਰੋਨ ਨਾਲ ਪੱਛਮੀ ਏਸ਼ੀਆ ਦੇ ਹਾਲਾਤ, ਯੂਕਰੇਨ ਜੰਗ ਅਤੇ ਹਿੰਦ-ਪ੍ਰਸ਼ਾਂਤ ਜਿਹੇ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

 

 

RELATED ARTICLES
POPULAR POSTS