Breaking News
Home / ਦੁਨੀਆ / ਪਾਕਿ ਵਿਚ ਮੁਸਲਮਾਨ ਭਾਈਚਾਰੇ ਨੇ ਗੁਰਦੁਆਰੇ ਦਾ ਨਵੀਨੀਕਰਨ ਕਰਕੇ ਬੰਦੀ ਛੋੜ ਦਿਵਸ ਮਨਾਇਆ

ਪਾਕਿ ਵਿਚ ਮੁਸਲਮਾਨ ਭਾਈਚਾਰੇ ਨੇ ਗੁਰਦੁਆਰੇ ਦਾ ਨਵੀਨੀਕਰਨ ਕਰਕੇ ਬੰਦੀ ਛੋੜ ਦਿਵਸ ਮਨਾਇਆ

ਭੋਗਪੁਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਜ਼ਿਲ੍ਹਾ ਫੈਸਲਾਬਾਦ (ਲਾਇਲਪੁਰ) ਦੇ ਪਿੰਡ ਖਿਆਲਾ ਕਲਾਂ ਵਿੱਚ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਅਤੇ ਅੰਮ੍ਰਿਤਸਰ ਵਿੱਚ ਪਹਿਲੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਯੋਧੇ ਬਾਬਾ ਦਿੱਤ ਮੱਲ ਦੀ ਯਾਦ ਵਿੱਚ ਬਣੇ ਗੁਰਦੁਆਰੇ ਦਾ 76 ਸਾਲ ਬਾਅਦ ਨਵੀਨੀਕਰਨ ਕੀਤਾ ਗਿਆ ਹੈ। ਇਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ‘ਤੇ ਦੀਵੇ ਬਾਲ ਕੇ ਉੱਥੇ ਰਹਿੰਦੇ ਮੁਸਲਮਾਨ ਭਾਈਚਾਰੇ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ।
ਗੌਰਤਲਬ ਹੈ ਕਿ 1947 ਤੋਂ ਪਹਿਲਾਂ ਪਿੰਡ ਖਿਆਲਾ ਕਲਾਂ ਚੱਕ ਨੰਬਰ-57 ਜੇ ਬੀ ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਸਿੱਖ ਬਰਾਦਰੀ ਦਾ ਪਿੰਡ ਸੀ ਜਿਨ੍ਹਾਂ ਨੇ ਉੱਥੇ ਗੁਰਦੁਆਰਾ ਸ਼ਹੀਦ ਬਾਬਾ ਦਿੱਤਾ ਮੱਲ ਜੀ ਬਣਾਇਆ।
ਦੇਸ਼ ਵੰਡ ਤੋਂ ਬਾਅਦ ਪੂਰਬੀ ਪੰਜਾਬ ਵਿੱਚੋਂ ਇਸ ਪਿੰਡ ਵਿਚ ਗਏ ਮੁਸਲਮਾਨ ਭਾਈਚਾਰੇ ਨੇ ਉਸ ਗੁਰਦੁਆਰੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਜਦ ਉਨ੍ਹਾਂ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰਦੁਆਰੇ ਦੀ ਇਮਾਰਤ ਦਾ ਨਵੀਨੀਕਰਨ ਕਰਕੇ ਦਸ ਗੁਰੂ ਸਾਹਿਬਾਨ ਦੀ ਫੋਟੋ, ਕੇਸਰੀ ਨਿਸ਼ਾਨ ਸਾਹਿਬ ਅਤੇ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਗੁਰਦੁਆਰੇ ਦੇ ਇਤਿਹਾਸ ਦਾ ਬੋਰਡ ਲਗਾ ਕੇ ਪਵਿੱਤਰਤਾ ਕਾਇਮ ਕੀਤੀ। ਪਿੰਡ ਦੇ ਮੁਸਲਮਾਨ ਤੇ ਸਰਕਾਰੀ ਅਧਿਆਪਕ ਅੱਲ੍ਹਾ ਰੱਖਾ ਅਤੇ ਗੁਰਦੁਆਰੇ ਦੇ ਸੇਵਾਦਾਰ ਮੁਹੰਮਦ ਤਾਰਿਕ ਦੀ ਅਗਵਾਈ ਵਿਚ ਦੀਪਮਾਲਾ ਕਰਕੇ ਸਿੱਖ-ਮੁਸਲਮਾਨਾਂ ਦੀ ਆਪਸੀ ਪਿਆਰ ਤੇ ਸਤਿਕਾਰ ਵਾਲੀ ਸਾਂਝ ਨੂੰ ਮਜ਼ਬੂਤ ਕੀਤਾ। ਭੋਗਪੁਰ ਇਲਾਕੇ ਵਿੱਚ ਬਾਬਾ ਜੀ ਦੇ ਰਹਿ ਰਹੇ ਪੈਰੋਕਾਰਾਂ ਨੇ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ।

 

Check Also

ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ

ਆਪਣੇ ਵਿਰੋਧੀ ਉਮੀਦਵਾਰ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ ਤਹਿਰਾਨ/ਬਿਊਰੋ ਨਿਊਜ਼ : ਈਰਾਨ …