ਬਰੈਂਪਟਨ/ ਬਿਊਰੋ ਨਿਊਜ਼ : ਪੁਲਿਸ ਇਕ ਅਜਿਹੇ ਬਜ਼ੁਰਗ ਦੀ ਭਾਲ ਕਰ ਰਹੀ ਹੈ, ਜਿਹੜਾ ਕਿ 20 ਤੋਂ ਵਧੇਰੇ ਗੈਸ ਸਟੇਸ਼ਨਾਂ ‘ਤੇ ਤੇਲ ਭਰਵਾ ਕੇ ਭੱਜ ਜਾਂਦਾ ਸੀ। ਪੁਲਿਸ ਨੇ ਉਸ ਨੂੰ ‘ਮਿਸਟਰ ਫ਼ਿਲ ਐਂਡ ਲਾਈ’ ਦਾ ਨਾਂਅ ਦਿੱਤਾ ਹੈ। ਸੀਨੀਅਰ ਸਿਟੀਜ਼ਨ ਹੋਣ ਨਾਤੇ ਲੋਕ ਉਸ ‘ਤੇ ਜ਼ਿਆਦਾ ਸ਼ੱਕ ਵੀ ਨਹੀਂ ਕਰਦੇ।
ਪੁਲਿਸ ਨੇ ਇਸ ਸੀਨੀਅਰ ਗੈਸ ਚੋਰ ਨੂੰ ਫੜਨ ਲਈ ਕਾਫ਼ੀ ਯਤਨ ਕੀਤੇ ਹਨ ਪਰ ਅਜੇ ਤੱਕ ਸਫ਼ਲਤਾ ਨਹੀਂ ਮਿਲੀ। ਇਹ ਵਿਅਕਤੀ ਵੱਖ-ਵੱਖ ਖੇਤਰਾਂ ‘ਚ ਆਪਣਾ ਕਮਾਲ ਦਿਖਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਤਿੰਨ ਵਾਰ ਇਨ੍ਹਾਂ ਨੇ ਬਰੈਂਪਟਨ ‘ਚ ਹੀ ਕਾਂਡ ਕੀਤਾ ਹੈ। ਇਸ ‘ਮਿਸਟਰ ਫ਼ਿਲ ਐਂਡ ਲਾਈ’ ਨੇ ਆਪਣਾ ਕਮਾਲ ਬੀਤੇ ਸਾਲ ਅਕਤੂਬਰ ‘ਚ ਦਿਖਾਉਣਾ ਸ਼ੁਰੂ ਕੀਤਾ ਅਤੇ ਆਖ਼ਰੀ ਕਾਰਨਾਮਾ 22 ਅਗਸਤ ਨੂੰ ਮਿਲਟਨ ਵਿਚ ਕੀਤਾ ਹੈ।
ਪੁਲਿਸ ਅਨੁਸਾਰ ਇਸ ਵਿਅਕਤੀ ਦੀ ਉਮਰ 65 ਤੋਂ 70 ਸਾਲ ਦੇ ਵਿਚਾਲੇ ਹੈ ਅਤੇ ਅਕਸਰ ਚਸ਼ਮਾ ਅਤੇ ਦਸਤਾਨੇ ਪਹਿਨ ਕੇ ਰੱਖਦਾ ਹੈ। ਉਸ ਦੇ ਵਾਲ ਸਫ਼ੇਦ ਹਨ। ਉਸ ਨੂੰ ਅਕਸਰ ਇਕ ਕਾਲੀ ਜੀਪ ਗ੍ਰੈਂਡ ਚੇਰੋਕੀ ਅਤੇ ਇਕ ਪੁਰਾਣੀ ਨੀਲੇ ਰੰਗ ਦੀ ਜੀ.ਐਮ.ਸੀ. ਸਫ਼ਾਰੀ ‘ਚ ਦੇਖਿਆ ਗਿਆ ਸੀ। ਪੁਲਿਸ ਅਨੁਸਾਰ ਉਹ ਅਕਸਰ ਸੁਪਰੀਮ ਜਾਂ ਰੈਗੂਲਰ ਗੈਸ ਭਰਵਾਉਂਦਾ ਹੈ। ਗੱਡੀ ਵਿਚ ਗੈਸ ਭਰਨ ਤੋਂ ਬਾਅਦ ਉਹ ਇਕ ਜੇਰੀ ਕੈਨ ਵੀ ਭਰਵਾਉਂਦਾ ਸੀ। ਇਕ ਵਾਰ ਵਿਚ ਉਹ 50 ਤੋਂ 110 ਡਾਲਰ ਦੀ ਗੈਸ ਭਰਵਾਉਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਚੋਰੀਆਂ ਕੀਤੀਆਂ ਸਨ ਅਤੇ ਲਾਇਸੰਸ ਪਲੇਟ ਦੀ ਵੀ ਵਰਤੋਂ ਕੀਤੀ ਹੈ। ਹੁਣ ਤੱਕ ਉਸ ਨੇ ਬਰੈਂਪਟਨ, ਮਿਲਟਨ, ਬਰਲਿਗਟਨ, ਓਕਵਿਲ, ਹੈਲਿਡਮੰਡ ਕਾਉਂਟੀ, ਬ੍ਰੈਂਟਫ਼ੋਰਡ, ਕੇਲੇਡਨ, ਵਾਘਨ ਤੇ ਰਿਚਮੰਡ ਹਿਲ ਵਿਚ ਆਪਣਾ ਕਮਾਲ ਦਿਖਾਇਆ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸਬੰਧ ਵਿਚ ਕੋਈ ਜਾਣਕਾਰੀ ਹੋਣ ‘ਤੇ ਸੂਚਿਤ ਕੀਤਾ ਜਾਵੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …