‘ਰਿਪੋਰਟਰਜ਼ ਵਿਦਾਊਟ ਬਾਰਡਰ’ ਦੀ ਰਿਪੋਰਟ ਦਾ ਖੁਲਾਸਾ, ਮੋਦੀ ਦੀ ਗੈਰ ਗੰਭੀਰਤਾ ‘ਤੇ ਉਂਗਲ ਧਰੀ
ਵਾਸ਼ਿੰਗਟਨ : ਰਿਪੋਰਟਰਜ਼ ਵਿਦਾਊਟ ਬਾਰਡਰ (ਆਰਸੀਐਫ) ਵੱਲੋਂ ਜਾਰੀ ਆਲਮੀ ਪ੍ਰੈਸ ਦੀ ਆਜ਼ਾਦੀ ਦਰਜਾਬੰਦੀ ਵਿੱਚ ਭਾਰਤ ਨੂੰ 180 ਮੁਲਕਾਂ ਵਿੱਚੋਂ 133ਵਾਂ ਸਥਾਨ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪੱਤਰਕਾਰਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਫਿਨਲੈਂਡ ਨੂੰ ਇਸ ਸੂਚੀ ਵਿੱਚ ਲਗਾਤਾਰ ਛੇਵੇਂ ਸਾਲ ਸਿਖਰ ‘ਤੇ ਰੱਖਿਆ ਗਿਆ ਹੈ ਜਦਕਿ ਦੂਜੇ ਤੇ ਤੀਜੇ ਨੰਬਰ ‘ਤੇ ਕ੍ਰਮਵਾਰ ਨੀਦਰਲੈਂਡ ਤੇ ਨਾਰਵੇ ਕਾਬਜ਼ ਹਨ। ਭਾਰਤ ਨੇ ਇਸ ਸੂਚੀ ਵਿੱਚ ਐਤਕੀਂ ਤਿੰਨ ਸਥਾਨਾਂ ਦਾ ਵਾਧਾ ਦਰਜ ਕੀਤਾ ਹੈ। ਪਿਛਲੇ ਸਾਲ ਭਾਰਤ 136ਵੇਂ ਸਥਾਨ ‘ਤੇ ਸੀ।
ਆਰਸੀਐਫ਼ ਵੱਲੋਂ ਜਾਰੀ ਰਿਪੋਰਟ ਮੁਤਾਬਕ,’ਪੱਤਰਕਾਰਾਂ ਤੇ ਬਲਾਗਰਾਂ ‘ਤੇ ਹਮਲਾ ਕੀਤਾ ਜਾਂਦਾ ਹੈ ਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੀ ਨਾਰਾਜ਼ਗੀ ਵੀ ਸਹੇੜਨੀ ਪੈਂਦੀ ਹੈ।’ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਸ਼ਮੀਰ ਜਿਹੇ ਖੇਤਰਾਂ ਵਿੱਚ ਪੱਤਰਕਾਰਾਂ ਲਈ ਰਿਪੋਰਟਿੰਗ ਕਰਨੀ ਕਾਫ਼ੀ ਔਖੀ ਹੈ ਕਿਉਂਕਿ ਸਰਕਾਰ ਇਸ ਖੇਤਰ ਨੂੰ ਕਾਫ਼ੀ ਸੰਵੇਦਨਸ਼ੀਲ ਮੰਨਦੀ ਹੈ। ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ‘ਪ੍ਰਧਾਨ ਮੰਤਰੀ ਇਨ੍ਹਾਂ ਖ਼ਤਰਿਆਂ ਤੇ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਜਾਪਦੇ ਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧਕੀ ਢਾਂਚਾ ਵਿਕਸਿਤ ਨਹੀਂ ਕੀਤਾ ਗਿਆ।’ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੀਡੀਆ ਕਵਰੇਜ ‘ਤੇ ਆਪਣਾ ਕੰਟਰੋਲ ਰੱਖਣ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਮੋਦੀ ਪੱਤਰਕਾਰੀ ਸਿਖਾਉਣ ਲਈ ਯੂਨੀਵਰਸਿਟੀ ਖੋਲ੍ਹਣ ‘ਤੇ ਵਿਚਾਰ ਕਰ ਰਹੇ ਹਨ, ਜਿਸ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਾਬਕਾ ਅਧਿਕਾਰੀ ਚਲਾਉਣਗੇ। ਆਰਸੀਐਫ਼ ਵੱਲੋਂ ਜਾਰੀ ਦਰਜਾਬੰਦੀ ਵਿੱਚ ਭਾਰਤ ਦੇ ਗੁਆਂਢੀਆਂ ਪਾਕਿਸਤਾਨ ਨੂੰ 147ਵੇਂ, ਸ੍ਰੀਲੰਕਾ ਨੂੰ 141ਵੇਂ, ਬੰਗਲਾਦੇਸ਼ ਨੂੰ 144ਵੇਂ, ਨੇਪਾਲ ਨੂੰ 105ਵੇਂ ਤੇ ਭੂਟਾਨ ਨੂੰ 94ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਆਲਮੀ ਤਾਕਤਾਂ ਦੀ ਗੱਲ ਕਰੀਏ ਤਾਂ ਚੀਨ, ਅਮਰੀਕਾ ਤੇ ਰੂਸ ਨੂੰ ਕ੍ਰਮਵਾਰ 176, 44 ਤੇ 148ਵਾਂ ਸਥਾਨ ਮਿਲਿਆ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਆਲਮੀ ਤੇ ਖੇਤਰੀ ਪੱਧਰ ‘ਤੇ ਮੀਡੀਆ ਦੀ ਆਜ਼ਾਦੀ ਵਿੱਚ ਨਿਘਾਰ ਆਇਆ ਹੈ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …