ਸਟੋਰ ਦੇ ਬਾਹਰ ਬ੍ਰਿਟੇਨ ਦਾ ਝੰਡਾ ਲਗਾਉਣ ‘ਤੇ ਮਿਲੇ ਨਫ਼ਰਤੀ ਪੱਤਰ
ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਫੁਟਬਾਲ ਦੇ ਪ੍ਰਸ਼ੰਸਕ ਸਿੱਖ ਨੌਜਵਾਨ ਨੂੰ ਉਸ ਦੇ ‘ਚਮੜੀ ਦੇ ਰੰਗ’ ਨੂੰ ਲੈ ਕੇ ਨਿਸ਼ਾਨਾ ਬਣਾਉਂਦਿਆਂ ਇਕ ਗੁਮਨਾਮ ਪੱਤਰ ਲਿਖ ਕੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਹਨ। ਉਂਜ ਸਿੱਖ ਨੌਜਵਾਨ ਨੂੰ ਮਹਿਜ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਆਪਣੀ ਦੁਕਾਨ ਦੇ ਬਾਹਰ ਬਰਤਾਨਵੀ ਝੰਡਾ ਲਾਇਆ ਸੀ। ਗਗਨ (31) ਨੂੰ ਇਹ ਗੁਮਨਾਮ ਚਿੱਠੀ ਪਿਛਲੇ ਹਫ਼ਤੇ ਮਿਲੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਕ ਭਾਰਤੀ ਹੋਣ ਕਰਕੇ ਉਸ ਨੂੰ ਵਿਸ਼ਵ ਕੱਪ ਦੌਰਾਨ ਇੰਗਲੈਂਡ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਚਿੱਠੀ ਵਿਚ ਅੱਗੇ ਲਿਖਿਆ ਹੈ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਹ ਏਸ਼ੀਆਈ ਭਾਈਚਾਰੇ ਨਾਲ ਧੋਖੇਬਾਜ਼ੀ ਹੋਵੇਗੀ।
ਜੀਐਮਐਸ ਹੀਟਿੰਗ ਤੇ ਪਲੰਬਿੰਗ ਦੇ ਮੈਨੇਜਰ ਨੂੰ ਲਿਖੀ ਜ਼ਹਿਰ ਉਗਲਦੀ ਇਸ ਚਿੱਠੀ ਵਿੱਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਉਹ ਆਪਣੇ ਧਰਤੀ ਮਾਂ ਤੇ ਚਮੜੀ ਦੇ ਰੰਗ ਨੂੰ ਭੁੱਲ ਗਿਆ ਹੈ। ਸਿੱਖ ਨੌਜਵਾਨ ਨੇ ਪੂਰਬੀ ਲੰਡਨ ਦੇ ਇਲਫੋਰਡ ਸਥਿਤ ਆਪਣੇ ਸਟੋਰ ਦੇ ਬਾਹਰ ਇਹ ਝੰਡਾ ਪਿਛਲੇ ਦਿਨੀਂ ਲਾਇਆ ਸੀ ਤੇ ਗੁਮਨਾਮ ਚਿੱਠੀ ਉਸ ਨੂੰ ਅਗਲੇ ਦਿਨ ਮਿਲੀ। ਚਿੱਠੀ ਵਿਚ ਲਿਖਿਆ, ‘ਤੂੰ ਭਾਰਤ ਤੋਂ ਆਇਆ ਹੈਂ ਪਰ ਤੂੰ ਆਪਣੀ ਦੁਕਾਨ ਦੇ ਬਾਹਰ ਗ਼ਲਤ ਝੰਡਾ ਲਾਇਆ ਹੈ। ਕੀ ਤੂੰ ਆਪਣੇ ਚਮੜੀ ਦੇ ਰੰਗ ਨੂੰ ਭੁੱਲ ਗਿਆ ਹੈ? ਤੈਨੂੰ ਆਪਣੀ ਦੁਕਾਨ ਦੇ ਬਾਹਰ ਬਰਤਾਨਵੀ ਝੰਡੇ ਦੀ ਥਾਂ ਪਾਕਿਸਤਾਨ ਦਾ ਝੰਡਾ ਲਾਉਣਾ ਚਾਹੀਦਾ ਸੀ। ਗਗਨ ਮੁਤਾਬਕ ਚਿੱਠੀ ਦੀ ਨਿਵੇਕਲੀ ਗੱਲ ਇਹ ਹੈ ਕਿ ਇਹ ‘ਪਿਆਰੇ ਅੰਕਲ’ ਨੂੰ ਸੰਬੋਧਤ ਕੀਤੀ ਗਈ ਹੈ ਤੇ ਇਸ ਵਿੱਚ ਵਿਆਕਰਣ ਦੀਆਂ ਅੰਤਾਂ ਦੀਆਂ ਗ਼ਲਤੀਆਂ ਹਨ।
Check Also
ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ
ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …