3.9 C
Toronto
Friday, May 1, 2026
spot_img
Homeਦੁਨੀਆਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ 6 ਨੌਜਵਾਨਾਂ ਦਾ ਕੋਈ ਥਹੁ ਪਤਾ...

ਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ 6 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ

ਇਕ ਸਾਲ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੀਤੀ ਸੀ ਕੋਸ਼ਿਸ਼
ਜਲੰਧਰ : ਲਗਪਗ ਇਕ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ‘ਭੇਤਭਰੇ ਹਾਲਾਤ’ ਵਿੱਚ ਲਾਪਤਾ ਹੋਏ ਪੰਜਾਬ ਦੇ ਛੇ ਨੌਜਵਾਨਾਂ ਦੇ ਪਰਿਵਾਰ ਹੁਣ ਵਿਲਕ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ ‘ਤੇ 27 ਮਈ 2017 ਨੂੰ ਭਾਰਤ ਤੋਂ ਬਹਾਮਾਸ ਲਿਜਾਇਆ ਗਿਆ ਸੀ ਤੇ ਉੱਥੋਂ ਟਰੈਵਲ ਏਜੰਟ ਉਨ੍ਹਾਂ ਨੂੰ ਫ੍ਰੀਪੋਰਟ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਸਨ ਪਰ ਉੱਥੇ ਪਹੁੰਚਣ ਤੋਂ ਬਾਅਦ ਉਹ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ ਤੇ ਉਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ ਤੇ ਏਜੰਟਾਂ ਨੇ ਵੀ ਪੱਲਾ ਝਾੜ ਦਿੱਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚ ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ, ਮੁਕੇਰੀਆਂ ਵਾਸੀ ਇੰਦਰਜੀਤ ਸਿੰਘ, 30 ਸਾਲਾ ਜਸਵਿੰਦਰ ਸਿੰਘ ਜੋ ਇਕ ਬੱਚੀ ਦਾ ਬਾਪ ਹੈ, ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਨਪੁਰ ਪਿੰਡ ਦਾ ਵਸਨੀਕ ਅਮਨਦੀਪ ਸਿੰਘ, ਭੁਲੱਥ ਨੇੜਲੇ ਮਾਨਾਂ ਤਲਵੰਡੀ ਦਾ ਨਵਦੀਪ ਸਿੰਘ ਅਤੇ ਕਪੂਰਥਲਾ ਜ਼ਿਲ੍ਹੇ ਦੇ ਭੰਡਾਲ ਦੋਨਾ ਦਾ ਵਾਸੀ ਜਸਪ੍ਰੀਤ ਸਿੰਘ ਸ਼ਾਮਲ ਹਨ। ਜਸਵਿੰਦਰ ਨੂੰ ਛੱਡ ਕੇ ਬਾਕੀ ਪੰਜ ਨੌਜਵਾਨਾਂ ਦੀ ਉਮਰ 21 ਤੋਂ 23 ਸਾਲਾਂ ਵਿਚਕਾਰ ਹੈ। ਇਨ੍ਹਾਂ ਮੁੰਡਿਆਂ ਨਾਲ ਆਖਰੀ ਵਾਰ 2 ਅਗਸਤ 2017 ਨੂੰ ਬਹਾਮਾਸ ਨੇੜਲੇ ਫ੍ਰੀਪੋਰਟ ਟਾਪੂ ਤੋਂ ਫੋਨ ‘ਤੇ ਗੱਲ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਨਾਲ ਰਾਬਤਾ ਖਤਮ ਹੋ ਗਿਆ ਸੀ ਤੇ ਉਨ੍ਹਾਂ ਨੂੰ ਭਿਜਵਾਉਣ ਵਾਲੇ ਟਰੈਵਲ ਏਜੰਟ ਵੀ ਰੂਪੋਸ਼ ਹੋ ਗਏ ਜਦਕਿ ਪਹਿਲਾਂ ਉਹੀ ਏਜੰਟ ਸਬੰਧਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਰਹਿੰਦੇ ਸਨ ਕਿ ਉਨ੍ਹਾਂ ਦੇ ਮੁੰਡੇ ਸਹੀ ਸਲਾਮਤ ਅਮਰੀਕਾ ਪਹੁੰਚ ਗਏ ਹਨ। ਲੰਮੀ ਉਡੀਕ ਤੋਂ ਬਾਅਦ ਪੀੜਤ ਪਰਿਵਾਰਾਂ ਵੱਲੋਂ ਲੰਘੀ 7 ਨਵੰਬਰ 2017 ਨੂੰ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਦੋ ਏਜੰਟ ਸੁਖਵਿੰਦਰ ਤੇ ਨਿੱਕਾ ਫ਼ਰਾਰ ਹੋ ਗਏ ਤੇ ਸੁਪਰੀਮ ਕੋਰਟ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਚੁੱਕੀ ਹੈ। ਇਨ੍ਹਾਂ ਪਰਿਵਾਰਾਂ ਨੇ ਆਪਣੇ ਫਰਜ਼ੰਦਾਂ ਨੂੰ ਅਮਰੀਕਾ ਦੀ ਧਰਤੀ ‘ਤੇ ਭੇਜਣ ਲਈ ਟਰੈਵਲ ਏਜੰਟਾਂ ਨੂੰ 12 ਲੱਖ ਰੁਪਏ ਤੋਂ ਲੈ ਕੇ 35 ਲੱਖ ਰੁਪਏ ਤੱਕ ਅਦਾਇਗੀ ਕੀਤੀ ਸੀ। ਸਰਬਜੀਤ ਸਿੰਘ ਦੇ ਚਚੇਰੇ ਭਰਾ ਗੁਰਪ੍ਰੀਤ ਨੇ ਕਿਹਾ ”ਸਾਡੇ ਭਰਾਵਾਂ ਨਾਲ ਹੋਈ ਬੀਤੀ ਦਾ ਪਤਾ ਲਾਉਣ ਲਈ ਅਸੀਂ ਦਰ-ਦਰ ਭਟਕ ਰਹੇ ਹਾਂ ਪਰ ਕੋਈ ਵੀ ਸਾਡੀ ਬਾਂਹ ਨਹੀਂ ਫੜਦਾ। ਪੁਲਿਸ ਨੇ ਵੀ ਸਾਡੀ ਮਦਦ ਨਹੀਂ ਕੀਤੀ। ਇਕ ਟਰੈਵਲ ਏਜੰਟ ਦਾ ਮੁਕੇਰੀਆਂ ‘ਚ ਹੋਟਲ ਚੱਲ ਰਿਹਾ ਹੈ ਪਰ ਪੁਲਿਸ ਨੇ ਕਦੇ ਵੀ ਉਨ੍ਹਾਂ ਤੋਂ ਨਿੱਠ ਕੇ ਪੁੱਛ-ਪੜਤਾਲ ਨਹੀਂ ਕੀਤੀ। ਇਹ ਪੁੱਛੇ ਜਾਣ ‘ਤੇ ਕਿ ਉਨ੍ਹਾਂ ਦੀ ਨੌਜਵਾਨਾਂ ਨਾਲ ਗੱਲ ਕਿਵੇਂ ਹੁੰਦੀ ਰਹੀ ਤਾਂ ਗੁਰਪ੍ਰੀਤ ਨੇ ਦੱਸਿਆ ਕਿ ਇਕ ਟਰੈਵਲ ਏਜੰਟ ਆਪਣੇ ਫੋਨ ਤੋਂ ਉਨ੍ਹਾਂ ਦੇ ਮੁੰਡਿਆਂ ਨਾਲ ਗੱਲ ਕਰਾਉਂਦਾ ਸੀ।

RELATED ARTICLES
POPULAR POSTS