Breaking News
Home / ਦੁਨੀਆ / ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਅਹਿਮੀਅਤ ਬਰਾਬਰ : ਨਿੱਕੀ ਹੇਲੀ

ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਅਹਿਮੀਅਤ ਬਰਾਬਰ : ਨਿੱਕੀ ਹੇਲੀ

ਹਰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਇਕੋ ਜਿੰਨੀ ਅਹਿਮੀਅਤ ਹੈ। ਹੇਲੀ ਨੇ ਕਿਹਾ ਕਿ ਅੱਤਵਾਦ ਦੇ ਟਾਕਰੇ ਸਮੇਤ ਭਾਰਤ-ਅਮਰੀਕਾ ਸਬੰਧਾਂ ਵਿਚ ਬਹੁਪੜਾਵੀ ਮੌਕੇ ਹਨ। ਉਨ੍ਹਾਂ ਕਿਹਾ ਕਿ ਇਸ ਫੇਰੀ ਦਾ ਮੁੱਖ ਮੰਤਵ ਵਿਸ਼ਵ ਦੀਆਂ ਦੋ ਸਭ ਤੋਂ ਪੁਰਾਣੀਆਂ ਜਮਹੂਰੀਅਤਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। 46 ਸਾਲਾ ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਅੱਜ ਕੱਲ੍ਹ ਭਾਰਤ ਦੌਰੇ ‘ਤੇ ਹੈ। ਆਪਣੀ ਇਸ ਫੇਰੀ ਦੇ ਪਹਿਲੇ ਦਿਨ ਹੇਲੀ ਨੇ ਕਿਹਾ ਕਿ ਉਹ ਅੰਤਰ-ਆਸਥਾ ਨਾਲ ਜੁੜੇ ਆਪਣੇ ਇਸ ਯਾਤਰਾ ਪ੍ਰੋਗਰਾਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਵਿੱਚ ਹੈ। ਇਸ ਮੌਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਕੈਨੇਥ ਜਸਟਰ ਵੀ ਉਨ੍ਹਾਂ ਨਾਲ ਮੌਜੂਦ ਸਨ। ਨਿੱਕੀ ਹੇਲੀ ਨੇ ਮਗਰੋਂ ਨੋਬੇਲ ਦਾ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨਾਲ ‘ਮੁਕਤੀ ਆਸ਼ਰਮ’ ਵਿੱਚ ਮੁਲਾਕਾਤ ਕੀਤੀ। ਹੇਲੀ ਨੇ ਕਿਹਾ ਕਿ ਹਰ ਬੱਚੇ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਨਿੱਕੀ ਹੇਲੀ ਨੇ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਸੱਤਿਆਰਥੀ ਵਲੋਂ ਸਥਾਪਤ ਬਾਲ ਮੁੜਵਸੇਬਾ ਕੇਂਦਰ ‘ਮੁਕਤੀ ਆਸ਼ਰਮ’ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਨਿੱਕੀ ਨੇ ਕਿਹਾ ਕਿ ਮੈਂ ਮੁਕਤੀ ਆਸ਼ਰਮ ਵਿਚ ਆ ਕੇ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਦੁਨੀਆ ਦਾ ਹਰ ਬੱਚਾ ਸੁਰੱਖਿਅਤ ਹੋਵੇ ਅਤੇ ਉਸ ਨੂੰ ਉਹ ਹਰ ਮੌਕਾ ਮਿਲ ਸਕੇ, ਜਿਸ ਨਾਲ ਉਸ ਦੀ ਜ਼ਿੰਦਗੀ ਖੁਸ਼ਹਾਲ ਬਣ ਸਕੇ।”
ਮੋਦੀ ਤੇ ਹੇਲੀ ਵੱਲੋਂ ਅੱਤਵਾਦ ਦੇ ਟਾਕਰੇਲਈ ਸਹਿਯੋਗ ‘ਤੇ ਚਰਚਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਥਾਈ ਪ੍ਰਤੀਨਿਧ ਨਿੱਕੀ ਹੇਲੀ ਨੇ ਅੱਤਵਾਦ ਦੇ ਟਾਕਰੇ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੋਵਾਂ ਮੁਲਕਾਂ ਵਿਚ ਸਹਿਯੋਗ ਵਧਾਉਣ ਦੇ ਤੌਰ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਇਸ ਮੁਲਾਕਾਤ ਦੌਰਾਨ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਆਲਮੀ ਸ਼ਾਂਤੀ ਤੇ ਖ਼ੁਸ਼ਹਾਲੀ ਅਹਿਮ ਕਾਰਕ ਹੈ। ਇਸ ਦੌਰਾਨ ਮੋਦੀ ਨੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਦੱਖਣੀ ਏਸ਼ੀਆ ਤੇ ਭਾਰਤ-ਪ੍ਰਸ਼ਾਂਤ ਰਣਨੀਤੀ ਅਤੇ ਕੋਰੀਆ ਪ੍ਰਾਇਦੀਪ ਦੇ ਨਿਸ਼ਸਤਰੀਕਰਨ ਲਈ ਕੀਤੇ ਯਤਨਾਂ ਦੀ ਤਾਰੀਫ਼ ਕੀਤੀ।
ਇਮੀਗ੍ਰੇਸ਼ਨ ਨੀਤੀ ‘ਚ ਫਸੇ ਭਾਰਤੀਆਂ ਨੂੰ ਅਮਰੀਕਾ ਦੇਵੇਗਾ ਕਾਨੂੰਨੀ ਮੱਦਦ
ਜੱਜ ਨੇ ਬੰਦੀਆਂ ਨੂੰ ਵਕੀਲਾਂ ਨਾਲ ਮਿਲਾਉਣ ਦਾ ਦਿੱਤਾ ਨਿਰਦੇਸ਼
ਵਾਸ਼ਿੰਗਟਨ : ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਚੱਕਰ ਵਿਚ ਫਸੇ 52 ਭਾਰਤੀਆਂ ਸਮੇਤ 120 ਪਰਵਾਸੀ ਬੰਦੀਆਂ ਨੂੰ ਤੁਰੰਤ ਕਾਨੂੰਨੀ ਮੱਦਦ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ ਕਿ ਇਨ੍ਹਾਂ ਨੂੰ ਵਕੀਲਾਂ ਨਾਲ ਮਿਲਣ ਦੀ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ।
ਇਹ ਆਦੇਸ਼ ਇਕ ਅਮਰੀਕੀ ਜੱਜ ਵਲੋਂ ਦਿੱਤਾ ਗਿਆ ਹੈ। 100 ਦੇ ਕਰੀਬ ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ, ਨੂੰ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 40-45 ਭਾਰਤੀ ਦੱਖਣੀ ਰਾਜ ਨਿਊ ਮੈਕਸਿਕੋ ਦੇ ਸੰਘੀ ਹਿਰਾਸਤੀ ਕੇਂਦਰ ਵਿੱਚ ਤਾੜੇ ਹੋਏ ਹਨ ਜਦਕਿ 52 ਭਾਰਤੀਆਂ ਜਿਨ੍ਹਾਂ ਵਿਚ ਬਹੁਤੇ ਸਿੱਖ ਤੇ ਈਸਾਈ ਹਨ, ਨੂੰ ਔਰੇਗਨ ਵਿੱਚ ਰੱਖਿਆ ਹੋਇਆ ਹੈ। ‘ਪੋਰਟਲੈਂਡ ਮਰਕਰੀ’ ਦੀ ਰਿਪੋਰਟ ਮੁਤਾਬਕ ਔਰੇਗਨ ਦੇ ਫੈਡਰਲ ਜੱਜ ਨੇ ਸ਼ੈਰੀਡਨ ਜੇਲ੍ਹ ਵਿੱਚ ਹਿਰਾਸਤ ਵਿੱਚ ਲਏ ਗਏ ਆਵਾਸੀਆਂ ਨੂੰ ਫੌਰੀ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ। ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਸਾਇਮਨ ਨੇ ਅਮਰੀਕਨ ਸਿਵਿਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਅਤੇ ਇਕ ਗ਼ੈਰਲਾਭਕਾਰੀ ਸੰਸਥਾ ਇਨੋਵੇਸ਼ਨ ਲਾਅ ਲੈਬ ਦੀ ਪਟੀਸ਼ਨ ‘ਤੇ ਇਹ ਹੁਕਮ ਸੁਣਾਏ ਹਨ। ਜੱਜ ਨੇ ਕਿਹਾ ”ਇਸ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਕਾਨੂੰਨ ਦਾ ਰਾਜ ਸਾਡੇ ਸਭ ਤੋਂ ਵੱਧ ਸਤਿਕਾਰੇ ਜਾਂਦੇ ਅਸੂਲਾਂ ਵਿੱਚ ਸ਼ੁਮਾਰ ਹੈ। ਇਸ ਲਈ ਇੱਥੇ ਕਾਨੂੰਨ ਦਾ ਰਾਜ ਹੋਣ ਕਰਕੇ ਹੀ ਕਾਨੂੰਨੀ ਸਲਾਹ ਦਾ ਉਹ ਹੱਕ ਹੈ ਜਿਸ ਨੂੰ ਸਤਿਕਾਰ ਦੇਣ ਦੀ ਲੋੜ ਹੈ। ਜੱਜ ਸਾਇਮਨ ਨੇ ਲੰਘੇ ਸ਼ੁੱਕਰਵਾਰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਤੇ ਫੈਡਰਲ ਬਿਊਰੋ ਆਫ ਪ੍ਰਿਜ਼ਨਜ਼ ઠ(ਬੀਓਪੀ) ਨੂੰ ਬੰਦੀਆਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਨ ਤੋਂ ਵਰਜਿਆ ਸੀ। ਇਮੀਗ੍ਰੇਸ਼ਨ ਅਟਾਰਨੀ ਅਕਾਂਕਸ਼ਾ ਕਾਲੜਾ ਮੁਤਾਬਕ ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋ ਰਹੇ ਇਨ੍ਹਾਂ ਭਾਰਤੀਆਂ ਵਿੱਚ ਬਹੁਤੇ ਪੰਜਾਬੀ ਤੇ ਗੁਜਰਾਤੀ ਹਨ।

ਕਪੂਰਥਲਾ ਜ਼ਿਲ੍ਹੇ ਦੇ 30 ਨੌਜਵਾਨ ਜੇਲ੍ਹਾਂ ‘ਚ ਫਸੇ
ਕਪੂਰਥਲਾ : ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਚੱਕਰ ਵਿਚ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 30 ਨੌਜਵਾਨ ਐਰੀਜੋਨਾ ਤੇ ਹੋਰ ਜੇਲ੍ਹਾਂ ਵਿਚ ਬੰਦ ਹਨ। ਦੋਆਬੇ ਦੇ ਦਰਜਨਾਂ ਗੱਭਰੂਆਂ ਨੇ ਅਮਰੀਕਾ ਦੇ ਰਫਿਊਜੀ ਕੈਂਪਾਂ ਵਿਚ ਸ਼ਰਨ ਲਈ ਹੋਈ ਹੈ। ਇਸਦੇ ਬਾਵਜੂਦ ਆਪਣੇ ਲਾਡਲਿਆਂ ਦੇ ਅਮਰੀਕਾ ਪੁੱਜਣ ਦੀ ਉਮੀਦ ਵਿਚ ਨੌਜਵਾਨਾਂ ਦੇ ਘਰ ਵਾਲੇ ਕੁਝ ਵੀ ਦੱਸਣ ਲਈ ਤਿਆਰ ਨਹੀਂ। ਇਨ੍ਹਾਂ ਵਿਚ ਪਿੰਡ ਕਬੀਰਪੁਰ ਤੇ ਮਜੀਦਪੁਰ ਦੇ ਦੋ ਨੌਜਵਾਨ, ਪਿੰਡ ਮੁਹਬਤੀਪੁਰ ਦਾ ਇਕ, ਮਹਿਜੀਤਪੁਰ ਦੇ ਦੋ ਤੇ ਪਿੰਡ ਮੇਵਾ ਸਿੰਘ ਵਾਲੇ ਦਾ ਇਕ ਨੌਜਵਾਨ ਸ਼ਾਮਲ ਹੈ।

Check Also

ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ’ਤੇ ਅਮਰੀਕਾ ਦੀ ਹਾਲਤ ਖਰਾਬ ਕਰਨ ਦੇ ਲਗਾਏ ਆਰੋਪ

ਕਿਹਾ : ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ’ਚੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੱਢਾਂਗਾ ਬਾਹਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …