ਪਾਕਿ ਫ਼ੌਜ ਵੱਲੋਂ ਐਕਟ ਵਿੱਚ ਸੋਧ ਦੀਆਂ ਖ਼ਬਰਾਂ ਰੱਦ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਜੇਲ੍ਹ ‘ਚ ਜਾਸੂਸੀ ਦੇ ਆਰੋਪ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਕੁਲਭੂਸ਼ਨ ਜਾਧਵ ਮਾਮਲੇ ਨੂੰ ਸਿਵਲੀਅਨ ਕੋਰਟ ‘ਚ ਚਲਾਉਣ ਲਈ ਆਰਮੀ ਐਕਟ ‘ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਬਾਅਦ ਜਾਧਵ ਨੂੰ ਆਪਣੀ ਗ੍ਰਿਫ਼ਤਾਰੀ ਵਿਰੁੱਧ ਸਿਵਲੀਅਨ ਅਦਾਲਤ ‘ਚ ਅਪੀਲ ਕਰਨੀ ਪਏਗੀ। ਦੱਸਣਯੋਗ ਹੈ ਕਿ ਕੁਲਭੂਸ਼ਨ ਜਾਧਵ ਵਿਰੁੱਧ ਆਰਮੀ ਐਕਟ ਦੇ ਤਹਿਤ ਮਿਲਟਰੀ ਕੋਰਟ ‘ਚ ਕੇਸ ਚਲਾਇਆ ਗਿਆ ਸੀ। ਇਸ ਦੇ ਤਹਿਤ ਮਾਮਲਿਆਂ ‘ਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਿਵਲੀਅਨ ਕੋਰਟ ‘ਚ ਅਪੀਲ ਕਰ ਸਕੇ ਪਰ ਜਾਧਵ ਮਾਮਲੇ ‘ਚ ਨਿਯਮਾਂ ‘ਚ ਬਦਲਾਅ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪਾਕਿਸਤਾਨੀ ਫ਼ੌਜ ਨੇ ਕੁਲਭੂਸ਼ਣ ਜਾਧਵ ਨੂੰ ਫ਼ੌਜੀ ਅਦਾਲਤ ਦੇ ਫ਼ੈਸਲੇ ਖਿਲਾਫ ਸਿਵਲ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਫ਼ੌਜੀ ਐਕਟ ਵਿੱਚ ਸੋਧ ਕਰਨ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅੰਤਰ ਸੇਵਾਵਾਂ ਲੋਕ ਸੰਪਰਕ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ਼ ਗਫੂਰ ਨੇ ਟਵੀਟ ਕਰ ਕੇ ਇਸ ਸਬੰਧੀ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ਜਾਸੂਸੀ ਤੇ ਅੱਤਵਾਦ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਭਾਰਤੀ ਕਮਾਂਡਰ ਕੁਲਭੂਸ਼ਣ ਜਾਧਵ ਸਬੰਧੀ ਆਈਸੀਜੇ ਦਾ ਫ਼ੈਸਲਾ ਲਾਗੂ ਕਰਵਾਉਣ ਲਈ ਪਾਕਿ ਫ਼ੌਜੀ ਐਕਟ ਵਿੱਚ ਸੋਧ ਕਰਨ ਦੇ ਅਨੁਮਾਨ ਦੀਆਂ ਖ਼ਬਰਾਂ ਗ਼ਲਤ ਹਨ। ਉਨ੍ਹਾਂ ਕਿਹਾ ਕਿ ਕੇਸ ਉੱਤੇ ਮੁੜ ਨਜ਼ਰਸਾਨੀ ਕਰਨ ਲਈ ਕਈ ਕਾਨੂੰਨੀ ਪੱਖਾਂ ਨੂੰ ਵਾਚਿਆ ਜਾ ਚੁੱਕਿਆ ਹੈ। ਅਸਲ ਸਥਿਤੀ ਢੁੱਕਵੇਂ ਸਮੇਂ ਉੱਤੇ ਸਾਂਝਾ ਕੀਤੀ ਜਾਵੇਗੀ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …