-4.7 C
Toronto
Wednesday, December 3, 2025
spot_img
Homeਦੁਨੀਆਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼

ਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼

ਅਫਗਾਨਿਸਤਾਨ ਦੂਜੇ ਅਤੇ ਸੀਰੀਆ ਤੀਜੇ ਸਥਾਨ ‘ਤੇ
ਲੰਡਨ/ਬਿਊਰੋ ਨਿਊਜ਼ : ਆਲਮੀ ਮਾਹਿਰਾਂ ਦੇ ਇਕ ਪੈਨਲ ਵੱਲੋਂ ਕੀਤੇ ਸਰਵੇਖਣ ਦੀ ਮੰਨੀਏ ਤਾਂ ਜਿਨਸੀ ਹਿੰਸਾ ਦੇ ਵਧੇਰੇ ਜੋਖ਼ਮ ਕਰਕੇ ਭਾਰਤ ਮਹਿਲਾਵਾਂ ਲਈ ਵਿਸ਼ਵ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚ ਸਿਖਰ ‘ਤੇ ਹੈ। ਇਸ ਸੂਚੀ ਵਿੱਚ ਦੂਜਾ ਤੇ ਤੀਜਾ ਨੰਬਰ ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਤੇ ਸੀਰੀਆ ਦਾ ਹੈ। ਥੌਮਸਨ ਰਾਇਟਰਜ਼ ਫਾਊਂਡੇਸ਼ਨ ਦੇ 550 ਮਾਹਿਰਾਂ ਵੱਲੋਂ ਕੀਤੇ ਇਸ ਸਰਵੇਖਣ ਵਿੱਚ ਸੋਮਾਲੀਆ ਤੇ ਸਾਊਦੀ ਅਰਬ ਨੂੰ ਕ੍ਰਮਵਾਰ ਚੌਥਾ ਤੇ ਪੰਜਵਾਂ ਥਾਂ ਦਿੱਤਾ ਗਿਆ ਹੈ। ਇਨ੍ਹਾਂ ਮਾਹਿਰਾਂ ਦੀ ਮਹਿਲਾਵਾਂ ਦੇ ਮੁੱਦਿਆਂ ‘ਤੇ ਖਾਸੀ ਪਕੜ ਦੱਸੀ ਜਾਂਦੀ ਹੈ।
548 ਲੋਕਾਂ ‘ਤੇ ਅਧਾਰਿਤ ਇਹ ਸਰਵੇਖਣ 26 ਮਾਰਚ ਤੋਂ 4 ਮਈ ਦੇ ਅਰਸੇ ਦੌਰਾਨ ਆਨਲਾਈਨ, ਫੋਨ ਤੇ ਆਹਮੋ ਸਾਹਮਣੇ ਹੋ ਕੇ ਕੀਤਾ ਗਿਆ ਸੀ। ਸਰਵੇਖਣ ਵਿੱਚ ਯੂਰੋਪ, ਅਫ਼ਰੀਕਾ, ਅਮਰੀਕਾ, ਦੱਖਣ ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਤੇ ਪ੍ਰਸ਼ਾਂਤ ਖਿੱਤੇ ਦੇ ਲੋਕਾਂ ਤੋਂ ਸਵਾਲ ਪੁੱਛੇ ਗਏ।
ਫਾਊਂਡੇਸ਼ਨ ਮੁਤਾਬਕ, ‘ਇਸ ਸੂਚੀ ਵਿੱਚ ਪਹਿਲੇ ਦਸ ਮੁਲਕਾਂ ਵਿਚ ਪੱਛਮੀ ਮੁਲਕਾਂ ਵਿਚੋਂ ਸਿਰਫ਼ ਅਮਰੀਕਾ ਸ਼ਾਮਲ ਹੈ। ਉਂਜ ਜਦੋਂ ਜਿਨਸੀ ਹਿੰਸਾ ਤੇ ਤਸ਼ੱਦਦ ਦੇ ਵਧੇਰੇ ਜੋਖ਼ਮ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਲੋਕਾਂ ਨੇ ਜਿਹੜੇ ਜਵਾਬ ਦਿੱਤੇ ਉਸ ਆਧਾਰ ‘ਤੇ ਅਮਰੀਕਾ ਨੂੰ ਸਾਂਝੇ ਤੀਜੇ ਸਥਾਨ ‘ਤੇ ਰੱਖਿਆ ਗਿਆ।’ ਇਸ ਤੋਂ ਪਹਿਲਾਂ ਸਾਲ 2011 ਵਿੱਚ ਵੀ ਅਫ਼ਗ਼ਾਨਿਸਤਾਨ, ਕਾਂਗੋ ਗਣਰਾਜ, ਪਾਕਿਸਤਾਨ, ਭਾਰਤ ਤੇ ਸੋਮਾਲੀਆ ਵਿੱਚ ਅਜਿਹਾ ਸਰਵੇਖਣ ਕੀਤਾ ਜਾ ਚੁੱਕਾ ਹੈ।
ਸਰਵੇ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ 193 ਮੈਂਬਰ ਮੁਲਕਾਂ ਵਿਚੋਂ ਕਿਹੜੇ ਪੰਜ ਮੁਲਕਾਂ ਨੂੰ ਮਹਿਲਾਵਾਂ ਲਈ ਸਭ ਤੋਂ ਖ਼ਤਰਨਾਕ ਮੰਨਦੇ ਹਨ। ਸਰਵੇ ਦਾ ਦੂਜਾ ਸਵਾਲ ਸੀ ਕਿ ਸਿਹਤ ਸੇਵਾਵਾਂ, ਆਰਥਿਕ ਵਸੀਲਿਆਂ, ਸਭਿਆਚਾਰਕ ਤੇ ਰਵਾਇਤੀ ਰੀਤੀ ਰਿਵਾਜਾਂ, ਜਿਨਸੀ ਹਿੰਸਾ ਤੇ ਤਸ਼ੱਦਦ, ਗੈਰ ਜਿਨਸੀ ਹਿੰਸਾ ਤੇ ਮਨੁੱਖੀ ਤਸਕਰੀ ਦੀ ਗੱਲ ਕਰੀਏ ਤਾਂ ਕਿਹੜੇ ਮੁਲਕ ਵਿਚ ਹਾਲਾਤ ਬਦ ਤੋਂ ਬੱਦਤਰ ਹਨ। ਫਾਊਂਡੇਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਲੋਕਾਂ ਨੇ ਸਰਵੇਖਣ ਦੌਰਾਨ ਮਨੁੱਖੀ ਤਸਕਰੀ, ਜਿਨਸੀ ਸ਼ੋਸ਼ਣ ਤੇ ਘਰੇਲੂ ਕੰਮਕਾਜ ਲਈ ਗੁਲਾਮ ਬਣਾਉਣਾ, ਜਬਰੀ ਵਿਆਹ ਤੇ ਭਰੂਣ ਹੱਤਿਆ ਜਿਹੇ ਪੈਮਾਨਿਆਂ ਦੇ ਆਧਾਰ ‘ਤੇ ਭਾਰਤ ਨੂੰ ਮਹਿਲਾਵਾਂ ਲਈ ਸਭ ਤੋਂ ਖ਼ਤਰਨਾਕ ਮੁਲਕ ਦੱਸਿਆ ਹੈ।
ਰਾਹੁਲ ਨੇ ਮੋਦੀ ‘ਤੇ ਸਾਧਿਆ ਨਿਸ਼ਾਨਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਵੇਖਣ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਮੋਦੀ ਜਿੱਥੇ ਅਕਸਰ ਯੋਗ ਨਾਲ ਸਬੰਧਤ ਵੀਡੀਓਜ਼ ਪਾਉਂਦੇ ਰਹਿੰਦੇ ਹਨ, ਉਥੇ ਅਜਿਹੀਆਂ ਰਿਪੋਰਟਾਂ ਮੁਲਕ ਨੂੰ ਸ਼ਰਮਸਾਰ ਕਰਦੀਆਂ ਹਨ। ਗਾਂਧੀ ਨੇ ਟਵੀਟ ਕੀਤਾ, ‘ਸਾਡੇ ਪ੍ਰਧਾਨ ਮੰਤਰੀ ਜਿੱਥੇ ਆਪਣੇ ਬਗੀਚੇ ਵਿਚ ਯੋਗਾ ਦੀਆਂ ਵੀਡੀਓਜ਼ ਬਣਾਉਣ ਵਿੱਚ ਰੁੱਝੇ ਹੋਏ ਹਨ, ਉਥੇ ਭਾਰਤ ਮਹਿਲਾਵਾਂ ਖਿਲਾਫ਼ ਜਬਰ ਜਨਾਹ ਤੇ ਹਿੰਸਾ ਦੀਆਂ ਘਟਨਾਵਾਂ ਵਿਚ ਅਫ਼ਗ਼ਾਨਿਸਤਾਨ, ਸੀਰੀਆ ਤੇ ਸਾਊਦੀ ਅਰਬ ਤੋਂ ਵੀ ਅੱਗੇ ਲੰਘ ਗਿਆ ਹੈ।’
ਕੌਮੀ ਮਹਿਲਾ ਕਮਿਸ਼ਨ ਵੱਲੋਂ ਸਰਵੇਖਣ ਰਿਪੋਰਟ ਰੱਦ
ਨਵੀਂ ਦਿੱਲੀ: ਮਹਿਲਾਵਾਂ ਬਾਰੇ ਕੌਮੀ ਕਮਿਸ਼ਨ (ਐਨਸੀਡਬਲਿਊ) ਨੇ ਭਾਰਤ ਨੂੰ ਮਹਿਲਾਵਾਂ ਲਈ ਸਭ ਤੋਂ ਖ਼ਤਰਨਾਕ ਮੁਲਕ ਦੱਸਣ ਵਾਲੇ ਸਰਵੇਖਣ ਦੀਆਂ ਲੱਭਤਾਂ ਨੂੰ ਖਾਰਜ ਕਰ ਦਿੱਤਾ ਹੈ। ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਸਰਵੇਖਣ ‘ਚ ਜਿਨ੍ਹਾਂ ਮੁਲਕਾਂ ਨੂੰ ਭਾਰਤ ਤੋਂ ਹੇਠਾਂ ਰੱਖਿਆ ਗਿਆ ਹੈ, ਉਨ੍ਹਾਂ ਮੁਲਕਾਂ ਦੀਆਂ ਮਹਿਲਾਵਾਂ ਨੂੰ ਤਾਂ ਜਨਤਕ ਤੌਰ ‘ਤੇ ਬੋਲਣ ਦੀ ਵੀ ਖੁੱਲ੍ਹ ਨਹੀਂ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸਰਵੇਖਣ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ ਉਹ ਮਾਪ ਵਿੱਚ ਕਾਫ਼ੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ।

RELATED ARTICLES
POPULAR POSTS