: ਫ਼ੰਡਿੰਗ ਨਾਲ ਪੂਰੇ ਹੋਣਗੇ ਇਹ ਪ੍ਰੋਜੈਕਟ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਬਰੈਂਪਟਨ ‘ਚ ਲੋਕਲ ਪ੍ਰੋਜੈਕਟਸ ਨੂੰ ਮਦਦ ਦੇਣ ਲਈ 1 ਲੱਖ 5 ਹਜ਼ਰ ਡਾਲਰ ਦੀ ਫੰਡਿੰਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਕੈਨੇਡੀਅਨ ਹੈਰੀਟੇਜ ਮੰਤਰੀ ਮੇਲੇਨੀ ਜਾਲੀ ਵਲੋਂ ਕੀਤਾ ਹੈ। ਸਾਲ 2017 ‘ਚ ਕੈਨੇਡਾ ਆਪਣੇ ਗਠਨ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਵਿਚ 150 ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਹ ਪ੍ਰੋਗਰਾਮ ਸਾਲ ਭਰ ਚੱਲਣਗੇ। ਇਸ ਮੌਕੇ ‘ਤੇ ਕੈਨੇਡਾ ਸਰਕਾਰ ਨੇ ਚਾਰ ਪ੍ਰਮੁੱਖ ਏਜੰਡੇ ਤੈਅ ਕੀਤੇ ਹਨ, ਜੋ ਕਿ ਕੈਨੇਡਾ ਦੀ 150ਵੀਂ ਵਰ੍ਹੇਗੰਢ ‘ਤੇ ਮਨਾਏ ਜਾਣਗੇ।
ਇਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਵੰਨ-ਸੁਵੰਨਤਾ ਅਤੇ ਸੰਪੂਰਨਤਾ, ਵਾਤਾਵਰਨ, ਨੌਜਵਾਨ ਅਤੇ ਮੂਲ ਲੋਕਾਂ ਦੇ ਨਾਲ ਸਦਭਾਵਨਾ ਬਣਾਉਣਾ ਪ੍ਰਮੁੱਖ ਹੈ। ਇਸ ਮੌਕੇ ‘ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਆ ਕੇ ਇਨ੍ਹਾਂ ਉਤਸਵਾਂ ‘ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ ਆਸਪਾਸ ਦੇ ਲੋਕਾਂ ਨਾਲ ਵਧੇਰੇ ਸੰਪਰਕ ਕਰਨ ਦੇ ਮੌਕੇ ਮਿਲਣਗੇ ਤਾਂ ਜੋ ਉਹ ਸੰਕਟ ‘ਚ ਇਕ-ਦੂਜੇ ਦੀ ਮਦਦ ਕਰ ਸਕਣ।
ਬਰੈਂਪਟਨ ਸ਼ਹਿਰ ਲਈ ਤੈਅ ਗਤੀਵਿਧੀਆਂ ‘ਚ ਮੁਸ਼ਕੋਕਾ ਚੇਅਰਸ ਪ੍ਰੋਜੈਕਟ ਪ੍ਰਮੁੱਖ ਹੈ। ਬਰੈਂਪਟਨ ਸਿਟੀ ਵਿਚ 150 ਦੇ ਮਾਧਿਅਮ ਨਾਲ ਸਕੂਲ ਜਾਣ ਵਾਲੇ ਨੌਜਵਾਨਾਂ ਨੂੰ ਕਲਾਕਾਰਾਂ ਦੇ ਨਾਲ ਸ਼ਾਮਲ ਹੋ ਕੇ ਮੁਸ਼ਕੋਕਾ ਚੇਅਰਸ ਨੂੰ ਪੇਂਟ ਕਰਨ ਦਾ ਮੌਕਾ ਮਿਲੇਗਾ। ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਉਤਸਵ ਮਨਾਏ ਜਾਣਗੇ ਅਤੇ ਨੌਜਵਾਨਾਂ ਨੂੰ ਹਜ਼ਾਰਾਂ ਦੀ ਗਿਣਤੀ ‘ਚ ਇਨ੍ਹਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਮੇਅਰ ਲਿੰਡਾ ਜੈਫ਼ਰੀ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ‘ਚ ਦੱਸਿਆ ਕਿ ਐਮ.ਪੀ. ਸਿੱਧੂ ਦੀ ਸਹਿਮਤੀ ਨਾਲ ਇੰਫ੍ਰਾਸਟਰੱਕਚਰ ਲਈ ਵੀ ਫ਼ੰਡਿੰਗ ਕੀਤੀ ਜਾਵੇਗੀ। ਉਥੇ ਹੀ ਨਵੀਂ ਯੂਨੀਵਰਸਿਟੀ ਆਉਣ ਨਾਲ ਸ਼ਹਿਰ ਦਾ ਵਿਕਾਸ ਤੇਜ਼ ਹੋਵੇਗਾ। ਬਰੈਂਪਟਨ ਸ਼ਹਿਰ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਵੇਗਾ।
ਐਮ.ਪੀ. ਸਿੱਧੂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਲੋਕ ਆਉਣ ਵਾਲੇ ਸਾਲਾਂ ‘ਚ ਇਕੱਠੇ ਅੱਗੇ ਆਉਣ ਅਤੇ ਸ਼ਹਿਰ ਨੂੰ ਵਿਕਾਸ ਦੇ ਰਸਤੇ ‘ਤੇ ਅੱਗੇ ਲੈ ਕੇ ਜਾਣ। ਮੈਂ ਮੇਅਰ ਲਿੰਡਾ ਜੈਫ਼ਰੀ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਸ਼ਹਿਰ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਬਰੈਂਪਟਨ ਦਿਨ ਪ੍ਰਤੀ ਦਿਨ ਤਰੱਕੀ ਕਰ ਰਿਹਾ ਹੈ। ਅਸੀਂ ਸਾਰੇ ਕੈਨੇਡਾ 150 ਦੇ ਪ੍ਰੋਗਰਾਮਾਂ ਲਈ ਉਤਸੁਕ ਹਾਂ।

