ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਇੰਡੀਆਨਾ ਨੇ ਸਰਬਸੰਮਤੀ ਨਾਲ ਸਿੱਖ ਭਾਈਚਾਰੇ ਵਲੋਂ ਅਮਰੀਕਾ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਕੌਮੀ ਸਿੱਖ ਦਿਵਸ ਤੇ ਵਿਸਾਖੀ ਮੌਕੇ ਇੰਡੀਆਨਾ ਸੈਨੇਟ ਅਮਰੀਕੀ ਸਿੱਖਾਂ ਵਲੋਂ ਦੇਸ਼ ਭਰ ਵਿਚ ਅਤੇ ਇੰਡੀਆਨਾ ਸੂਬੇ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲઠਪਾਸ ਕੀਤਾ ਗਿਆ ਮਤਾ ਇੰਡੀਆਨਾ ਦੇ ਉਪ ਰਾਜਪਾਲ ਸੁਜ਼ੇਨ ਕਰੋਚ ਵਲੋਂ ਪੇਸ਼ ਕੀਤਾ ਗਿਆ। ਸਿੱਖ ਭਾਈਚਾਰੇ ਦੇ ਉਘੇ ਆਗੂ ਅਤੇ ਸਿੱਖਸ ਪੋਲੀਟੀਕਲ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਸੈਨੇਟ ਦੇ ਇਜਲਾਸ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਨ ਨੇ ਮਤੇ ਲਈ ਸਮਰਥਨ ਕੀਤਾ। ਇਸ ਦੇ ਨਾਲ ਹੀ ਪਹਿਲੀ ਵਾਰ ਰਾਜਪਾਲ ਏਰਿਕ ਹਾਲਕੌਬ ਨਾਲ 15 ਮਈ 2017 ਨੂੰ ਕੌਮੀ ਸਿੱਖਸ ਅਤੇ ਵਿਸਾਖੀ ਦਿਵਸ ਮਨਾਇਆ ਜਾਵੇਗਾ। ਗੁਰਿੰਦਰ ਸਿੰਘ ਜਿਸ ਨੇ ਇਸ ਕਾਰਜ ਲਈ ਸਹਾਇਤਾ ਕੀਤੀ, ਕਿਹਾ ਕਿ ਅਮਰੀਕਾ ਵਿਚ ਸਿੱਖਾਂ ਦੇ ਇਤਿਹਾਸ ਵਿਚ ਮਤੇ ਦਾ ਪਾਸ ਹੋਣਾ ਮਹੱਤਵਪੂਰਨ ਮੀਲ ਪੱਥਰ ਹੈ। ਅਮਰੀਕਾ ਵਿਚ ਇਹ ਸਿੱਖਾਂ ਲਈ ਕੁਝ ਵਿਸ਼ੇਸ਼ ਅਤੇ ਮਹੱਤਵਪੂਰਨ ਸ਼ੁਰੂਆਤ ਹੈ। ਗੁਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਯਤਨਾਂ ਨਾਲ ਸਿੱਖਾਂ ਦੇ ਨਿਰਸਵਾਰਥ ਸੇਵਾ ਕਰਨ ਵਾਲੀ ਭਾਵਨਾ ਦੇ ਸੱਭਿਆਚਾਰ ਦਾ ਵਿਸਤਾਰ ਹੋਵੇਗਾ।

