Breaking News
Home / ਦੁਨੀਆ / ਬ੍ਰਿਟਿਸ਼ ਸਿੱਖ ਬੈਰਿਸਟਰ ਰਾਜਕੁਮਾਰ ਵਿਲੀਅਮ ਤੋਂ ਸਨਮਾਨਿਤ

ਬ੍ਰਿਟਿਸ਼ ਸਿੱਖ ਬੈਰਿਸਟਰ ਰਾਜਕੁਮਾਰ ਵਿਲੀਅਮ ਤੋਂ ਸਨਮਾਨਿਤ

ਲੰਡਨ : ਇਕ ਬ੍ਰਿਟਿਸ਼ ਸਿੱਖ ਬੈਰਿਸਟਰ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿਚ ਰਾਜਕੁਮਾਰ ਵਿਲੀਅਮ ਵੱਲੋਂ ਮਾਣਮੱਤੇ ਆਰਡਰ ਆਫ ਬ੍ਰਿਟਿਸ਼ ਅੰਪਾਇਰ (ਓਬੀਈ) ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਕਮਿਊਨਿਟੀ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ। ਸਿਟੀ ਸਿੱਖ ਸੰਸਥਾ ਦੇ ਸੰਸਥਾਪਕ ਜਸਵੀਰ ਸਿੰਘ ਨੂੰ ਓਬਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਪਿੱਛੋਂ ਜਸਵੀਰ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਮੌਕੇ ਸਾਇੰਸਦਾਨਾਂ, ਕਲਾਕਾਰਾਂ, ਪੈਰਾਉਲੰਪਿਕ ਖਿਡਾਰੀਆਂ ਤੇ ਹਥਿਆਰਬੰਦ ਫ਼ੌਜਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਜਸਵੀਰ ਸਿੰਘ ਨੇ ਦੱਸਿਆ ਕਿ ਮੈਂ ਰਾਜਕੁਮਾਰ ਵਿਲੀਅਮ ਨੂੰ ਮਿਲਿਆ ਤੇ ਉਨ੍ਹਾਂ ਤੇ ਉਨ੍ਹਾਂ ਦੇ ਭਰਾ ਰਾਜਕੁਮਾਰ ਹੈਰੀ ਵੱਲੋਂ ਕਮਿਊਨਿਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਸਿਟੀ ਸਿੱਖਸ ਬ੍ਰਿਟੇਨ ਦੀਆਂ ਕੁਝ ਉਨ੍ਹਾਂ ਸੰਸਥਾਵਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਦੇ ਲਗਪਗ ਛੇ ਹਜ਼ਾਰ ਮੈਂਬਰ ਹਨ। ਇਹ ਸੰਸਥਾ ਕਈ ਪ੍ਰਾਜੈਕਟਾਂ ਨਾਲ ਜੁੜੀ ਹੈ ਜਿਨ੍ਹਾਂ ਵਿਚ ‘ਗਰਾਂਡ ਟਰੰਕ ਪ੍ਰਾਜੈਕਟ’ ਵੀ ਸ਼ਾਮਿਲ ਹੈ। ਇਸ ਪ੍ਰਾਜੈਕਟ ਨੂੰ ਫੇਥਸ ਫੋਰਮ ਫਾਰ ਲੰਡਨ ਚਲਾ ਰਹੀ ਹੈ। ਇਹ ਸੰਸਥਾ ਬ੍ਰਿਟੇਨ ਦੇ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਪਿਆਰ ਵਧਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਜਿਨ੍ਹਾਂ ਹੋਰ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਬਰਿੰਦਰ ਸਿੰਘ ਮਾਹੋਂ ਜਿਨ੍ਹਾਂ ਨੂੰ ਸਿੱਖਿਆ ਲਈ ਓਬੀਈ ਪੁਰਸਕਾਰ ਮਿਲਿਆ, ਡਿਟੈਕਟਿਵ ਸਰਜੈਂਟ ਸਰਬਜੀਤ ਕੌਰ ਜਿਸ ਨੂੰ ਸੇਵਾਵਾਂ ਲਈ ਐੱਮਬੀਈ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਬ੍ਰਿਟੇਨ ਦੇ ਸਰਕਾਰੀ ਗਜ਼ਟ ਵਿਚ ਸ਼ਾਮਿਲ ਹੁੰਦੇ ਹਨ ਤੇ ਹਰ ਸਾਲ ਦਿੱਤੇ ਜਾਂਦੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …