ਚਮਕੌਰ ਸਾਹਿਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਯੂਕਰੇਨ ‘ਚ ਫਸੇ ਵਿਦਿਆਰਥੀਆਂ ਤੇ ਹੋਰ ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਨਾਲ ਹਲਕੇ ਦੇ ਮੰਦਰਾਂ ਤੇ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੁੰਦਿਆਂ ਸੰਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਹੋਰ ਪੰਜਾਬੀਆਂ ਨੂੰ ਜਲਦੀ ਵਾਪਸ ਲਿਆਉਣ ਲਈ ਪੂਰੀ ਵਾਹ ਲਗਾ ਰਹੀ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਦੇ ਵੇਰਵੇ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕਰਕੇ ਵਿਸ਼ੇਸ਼ ਉਡਾਣਾਂ ਰਾਹੀਂ ਪੰਜਾਬ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਚੰਨੀ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਜਾਰੀ ਕੀਤੇ ਹੈਲਪਲਾਈਨ ਨੰਬਰਾਂ ‘ਤੇ ਆਪਣੇ ਬੱਚਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 10 ਮਾਰਚ ਨੂੰ ਕਾਂਗਰਸ ਪਾਰਟੀ ਬਹੁਮਤ ਹਾਸਲ ਕਰਕੇ ਮੁੜ ਸਰਕਾਰ ਬਣਾਏਗੀ।