ਕਮਲਾ ਹੈਰਿਸ ਨੇ ਖੁਦ ਨੂੰ ਟਰੰਪ ਨਾਲੋਂ ਬਿਹਤਰ ਦੱਸਿਆ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ। ਇਸਦੇ ਚੱਲਦਿਆਂ ਭਾਰਤਵੰਸ਼ੀ ਕਮਲਾ ਹੈਰਿਸ ਨੇ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੇ ਆਖਰੀ ਦਿਨ ਸ਼ਿਕਾਗੋ ਵਿਚ ਆਪਣੀ ਉਮੀਦਵਾਰੀ ਨੂੰ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ। ਆਪਣੇ ਭਾਸ਼ਣ ਵਿਚ ਹੈਰਿਸ ਨੇ ਮੰਨਿਆ ਕਿ ਉਨ੍ਹਾਂ ਦੀ ਉਮੀਦਵਾਰੀ ਬਹੁਤ ਅਜੀਬੋ ਗਰੀਬ ਹਾਲਤ ਵਿਚ ਹੋਈ ਹੈ। ਕਮਲਾ ਹੈਰਿਸ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਡੋਨਾਲਡ ਟਰੰਪ ਦੇ ਮੁਕਾਬਲੇ ਬਿਹਤਰ ਉਮੀਦਵਾਰ ਹਨ। ਕਮਲਾ ਨੇ ਉਮੀਦਵਾਰੀ ਸਵੀਕਾਰ ਕਰਦੇ ਹੋਏ ਆਪਣਾ ਵਿਜ਼ਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਜਨਤਾ ਦੇਸ਼ ਨੂੰ ਅੱਗੇ ਲਿਜਾਣ ਦੇ ਲਈ ਮੇਰੇ ’ਤੇ ਯਕੀਨ ਕਰ ਸਕਦੀ ਹੈ ਅਤੇ ਮੈਂ ਦੇਸ਼ ਨੂੰ ਜੋੜਨ ਵਾਲੀ ਰਾਸ਼ਟਰਪਤੀ ਬਣਾਂਗੀ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਨੂੰ ਗੱਲਾਂ ਬਣਾਉਣ ਤੋਂ ਇਲਾਵਾ ਕੁਝ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਅਮਰੀਕੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਵਿਚ ਸਿੱਧਾ ਚੋਣ ਮੁਕਾਬਲਾ ਹੈ।