ਇਕ ਹਫਤੇ ’ਚ ਕੂੜਾ ਨਿਪਟਾਉਣ ਦੇ ਲਈ ਦੋ ਟੈਂਡਰ ਜਾਰੀ
ਲੁਧਿਆਣਾ/ਬਿਊਰੋ ਨਿਊਜ਼
ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ.ਜੀ.ਟੀ.) ਨੇ ਸਮੇਂ ਸਿਰ ਕੂੜੇ ਨੂੰ ਨਾ ਨਿਪਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਜੁਰਮਾਨੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਵੀ ਹਰਕਤ ਵਿਚ ਆ ਗਿਆ ਹੈ। ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀ ਹੁਣ ਪੁਰਾਣੇ ਕੂੜੇ ਨੂੰ ਨਿਪਟਾਉਣ ਵਿਚ ਜੁਟ ਗਏ ਹਨ। ਨਿਗਮ ਪ੍ਰਸ਼ਾਸਨ ਨੇ ਹੁਣ ਇਕ ਹਫਤੇ ਵਿਚ ਕੂੜਾ ਨਿਪਟਾਉਣ ਲਈ ਦੋ ਟੈਂਡਰ ਜਾਰੀ ਕਰ ਦਿੱਤੇ ਹਨ ਅਤੇ ਤੀਜੇ ਟੈਂਡਰ ਦੀ ਤਿਆਰੀ ਕੀਤੀ ਜਾ ਰਹੀ ਹੈ। ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਨੇ ਅਧਿਕਾਰੀਆਂ ਦੇ ਨਾਲ ਤਾਜਪੁਰ ਸਥਿਤ ਕੂੜਾ ਡੰਪ ਦਾ ਨਿਰੀਖਣ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਨਜੀਟੀ ਨੇ ਪੁਰਾਣੇ ਕੂੜੇ ਨੂੰ ਨਾ ਨਿਪਟਾਉਣ ਅਤੇ ਸੀਵਰੇਜ ਦੇ ਪਾਣੀ ਨੂੰ ਪੂਰੀ ਤਰ੍ਹਾਂ ਨਾਲ ਟਰੀਟ ਨਾ ਕਰਨ ਕਰਕੇ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨ.ਜੀ.ਟੀ. ਨੇ ਕਿਹਾ ਸੀ ਕਿ ਸਮੇਂ-ਸਮੇਂ ’ਤੇ ਨਿਰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਮੌਕੇ ਦਿੱਤੇ ਗਏ, ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਨਿਰਦੇਸ਼ਾਂ ’ਤੇ ਕੋਈ ਗੌਰ ਨਹੀਂ ਕੀਤਾ ਗਿਆ ਸੀ।