Breaking News
Home / ਦੁਨੀਆ / ਅਮਰੀਕਾ ‘ਚ ਟਰੰਪ ਖਿਲਾਫ਼ ਲੋਕ ਸੜਕਾਂ ‘ਤੇ ਉਤਰੇ

ਅਮਰੀਕਾ ‘ਚ ਟਰੰਪ ਖਿਲਾਫ਼ ਲੋਕ ਸੜਕਾਂ ‘ਤੇ ਉਤਰੇ

trump-copy-copyਲੱਗ ਰਹੇ ਨਾਹਰੇ ‘ਟਰੰਪ ਸਾਡਾ ਰਾਸ਼ਟਰਪਤੀ ਨਹੀਂ’, ਗੋਲੀਆਂ ਵੀ ਚੱਲੀਆਂ ਕਈ, ਜ਼ਖਮੀ
ਨਿਊ ਯਾਰਕ/ਬਿਊਰੋ ਨਿਊਜ਼
ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਮਿਲੀ ਜਿੱਤ ਤੋਂ ਗੁੱਸੇ ਵਿੱਚ ਆਏ ਲੱਖਾਂ ਅਮਰੀਕੀ ਵੀਰਵਾਰ ਨੂੰ ਸੜਕਾਂ ‘ਤੇ ਉਤਰ ਆਏ। ਲੋਕਾਂ ਨੇ ਪੂਰੇ ਮੁਲਕ ਵਿੱਚ ਥਾਂ-ਥਾਂ ਪ੍ਰਦਰਸ਼ਨ ਕਰਦਿਆਂ ਆਵਾਜਾਈ ਰੋਕੀ ਤੇ ‘ਟਰੰਪ ਮੇਰਾ ਰਾਸ਼ਟਰਪਤੀ ਨਹੀਂ’ ਤੇ ‘ਫ਼ਾਸ਼ੀਵਾਦਾਂ ਦਾ ਅਮਰੀਕਾ ਨਹੀਂ’ ਦੇ ਨਾਅਰੇ ਲਾਏ। ਅਰਬਾਂਪਤੀ ਕਾਰੋਬਾਰੀ ਟਰੰਪ ਦੇ ਮੁਲਕ ਦੇ ਅਗਲੇ ਰਾਸ਼ਟਰਪਤੀ ਵਜੋਂ ਹੋਈ ਚੋਣ ਦੇ ਇਕ ਦਿਨ ਮਗਰੋਂ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਰ ਉਮਰ ਤੇ ਫਿਰਕੇ ਦੇ ਲੋਕ ਸ਼ਾਮਲ ਹੋਏ।
ਇਸ ਦੌਰਾਨ ਸਿਆਟਲ ਵਿੱਚ ਪ੍ਰਦਰਸ਼ਨ ਵਾਲੀ ਥਾਂ ਨੇੜੇ ਚੱਲੀ ਗੋਲੀ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਪੁਲੀਸ ਦਾ ਦਾਅਵਾ ਹੈ ਕਿ ਗੋਲੀਬਾਰੀ ਦਾ ਪ੍ਰਦਰਸ਼ਨਾਂ ਨਾਲ ਕੋਈ ਸਬੰਧ ਨਹੀਂ। ਉਂਜ ਅਮਰੀਕਾ ਵਿੱਚ ਜਿਨ੍ਹਾਂ ਥਾਵਾਂ ‘ਤੇ ਪ੍ਰਦਰਸ਼ਨ ਹੋਏ ਉਨ੍ਹਾਂ ਵਿੱਚ ਨਿਊ ਯਾਰਕ, ਸ਼ਿਕਾਗੋ, ਫਿਲਾਡੈਲਫੀਆ, ਬੋਸਟਨ, ਕੈਲੀਫੋਰਨੀਆ, ਕੋਲਾਰਾਡੋ, ਸਿਆਟਲ, ਲਾਸ ਏਂਜਲਸ, ਪੋਰਟਲੈਂਡ, ਐਟਲਾਂਟਾ, ਆਸਟਿਨ, ਡੈਨਵਰ, ਸਾਂਨਫਰਾਂਸਿਸਕੋ ਤੇ ਹੋਰ ਸ਼ਹਿਰ ਸ਼ਾਮਲ ਹਨ।
ਪ੍ਰਦਰਸ਼ਨਕਾਰੀਆਂ ਨੇ ਮੁਲਕ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੜਕਾਂ ਤੇ ਸ਼ਾਹਰਾਹਾਂ ‘ਤੇ ਚਲਦੀ ਆਵਾਜਾਈ ਵਿੱਚ ਨਾਅਰੇਬਾਜ਼ੀ ਕਰਦਿਆਂ ਟਰੰਪ ਦੀ ਰਾਸ਼ਟਰਪਤੀ ਵਜੋਂ ਚੋਣ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕੀਤਾ। ਉਨ੍ਹਾਂ ‘ਨਫ਼ਰਤ ਲਈ ਕੋਈ ਥਾਂ ਨਹੀਂ’ ਤੇ ‘ਟਰੰਪ ਸਾਡਾ ਰਾਸ਼ਟਰਪਤੀ ਨਹੀਂ’ ਦੇ ਨਾਅਰੇ ਲਾਏ। ਵਾਸ਼ਿੰਗਟਨ ਵਿੱਚ ਪ੍ਰਦਰਸ਼ਨਕਾਰੀ ਵਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਮੋਮਬੱਤੀਆਂ ਜਗਾ ਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ। ਨਿਊਯਾਰਕ ਵਿੱਚ ਪ੍ਰਦਰਸ਼ਨਕਾਰੀਆਂ ਨੇ 14ਵੀਂ ਸਟਰੀਟ ਤੋਂ ਪੰਜਵੇਂ ਐਵੇਨਿਊ ਜਿੱਥੇ ਟਰੰਪ ਦੀ ਕੰਪੇਨ ਦਾ ਹੈੱਡ ਆਫ਼ਿਸ ‘ਦਿ ਟਰੰਪ ਟਾਵਰਜ਼’ ਸਥਿਤ ਹਨ, ਤਕ ਮਾਰਚ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮਗਰੋਂ ਟਰੰਪ ਟਾਵਰ ਨੂੰ ਜਾਂਦੇ ਰਸਤੇ ਨੂੰ ਜਾਮ ਕਰ ਦਿੱਤਾ, ਜਿਸ ਕਰਕੇ ਟਾਵਰਜ਼ ਨੂੰ ਲਗਦੀਆਂ ਦੋਵੇਂ ਸੜਕਾਂ ਪ੍ਰਦਰਸ਼ਨਕਾਰੀਆਂ ਨਾਲ ਖਚਾਖਚ ਭਰ ਗਈਆਂ। ਪ੍ਰਦਰਸ਼ਨਕਾਰੀਆਂ ਨੇ ਸ਼ਿਕਾਗੋ ਡਾਊਨਟਾਊਨ ਵਿੱਚ ਰੈਲੀ ਵੀ ਕੀਤੀ।
ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ 22 ਸਾਲਾ ਮਾਰੀਅਨ ਹਿੱਲ ਨੇ  ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫ਼ੀ ਨਿਰਾਸ਼ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਣ ਵਾਲੇ ਨਫ਼ਰਤ ਦੇ ਪਸਾਰੇ ਨੂੰ ਲੈ ਕੇ ਉਹ ਆਪਣੇ ਦੋਸਤਾਂ ਤੇ ਪਰਿਵਾਰ ਲਈ ਥੋੜ੍ਹਾ ਫ਼ਿਕਰਮੰਦ ਹੈ। ਉਧਰ ਕੈਲੀਫੋਰਨੀਆ ਵਾਸੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਨਜ਼ਰੀਆ ਜ਼ਾਹਰ ਕਰਦਿਆਂ ਕਿਹਾ ਕਿ ਟਰੰਪ ਦੀ ਜਿੱਤ ਤੋਂ ਬਾਅਦ ਕੈਲੀਫੋਰਨੀਆ ਨੂੰ ਅਮਰੀਕਾ ਨਾਲੋਂ ਵੱਖ ਹੋ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੱਡਾ  ਫ਼ਤਵਾ ਮਿਲਿਆ ਸੀ। ਉਧਰ ਸਿਆਟਲ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਸੜਕਾਂ ਉੱਤੇ ਨਿਕਲ ਕੇ ਟਰੰਪ ਵਿਰੋਧੀ ਨਾਅਰੇ ਲਾਏ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …