ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਰਦਾਰੀ ਨੂੰ ਵਧਾਈ ਦਿੱਤੀ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ (68) ਨੇ ਮੁਲਕ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਹਲਫ਼ਦਾਰੀ ਸਮਾਗਮ ਇਸਲਾਮਾਬਾਦ ਦੇ ‘ਐਵਾਨ-ਏ-ਸਦਰ’ ਵਿਚ ਹੋਇਆ।
ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਨੇ ਜ਼ਨਾਬ ਜ਼ਰਦਾਰੀ ਨੂੰ ਹਲਫ਼ ਦਿਵਾਇਆ।
ਆਸਿਫ ਅਲੀ ਜ਼ਰਦਾਰੀ ਨੇ ਡਾ. ਆਰਿਫ਼ ਅਲਵੀ ਦੀ ਥਾਂ ਲਈ ਹੈ ਜਿਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਸਤੰਬਰ ਵਿਚ ਮੁੱਕ ਗਿਆ ਸੀ। ਹਾਲਾਂਕਿ ਉਹ ਪੰਜ ਮਹੀਨੇ ਹੋਰ ਇਸ ਅਹੁਦੇ ‘ਤੇ ਬਣੇ ਰਹੇ।
ਹਲਫਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਮੁਖੀ, ਸੀਨੀਅਰ ਅਧਿਕਾਰੀ ਤੇ ਡਿਪਲੋਮੈਟ ਮੌਜੂਦ ਸਨ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਸਿਫ਼ ਅਲੀ ਜ਼ਰਦਾਰੀ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਚੀਨੀ ਸਦਰ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਲੋਹੇ ਵਰਗੀ ਮਜ਼ਬੂਤ ਦੋਸਤੀ ‘ਇਤਿਹਾਸ ਦੀ ਚੋਣ’ ਹੈ ਤੇ ਚੀਨ-ਪਾਕਿ ਰਿਸ਼ਤਿਆਂ ਦੀ ਰਣਨੀਤਕ ਮਹੱਤਤਾ ਹੈ।
ਸੱਤਾਧਾਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਆਸਿਫ ਅਲੀ ਜ਼ਰਦਾਰੀ ਨੇ ਪੀਟੀਆਈ ਹਮਾਇਤ ਪ੍ਰਾਪਤ ਸੁੰਨੀ ਇਤਿਹਾਦ ਕੌਂਸਲ (ਐੱਸਆਈਸੀ) ਦੇ ਉਮੀਦਵਾਰ ਮਹਿਮੂਦ ਖਾਨ ਅਚਕਜ਼ਈ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ।
ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਤਨਖਾਹ ਨਹੀਂ ਲੈਣਗੇ
ਇਸਲਾਮਾਬਾਦ : ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਆਪਣੇ ਅਹੁਦੇ ਦੀ ਤਨਖਾਹ ਨਹੀਂ ਲੈਣਗੇ। ਜਰਦਾਰੀ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਹਾਲਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਭੱਤਾ ਨਾ ਲੈਣ ਦਾ ਫੈਸਲਾ ਕੀਤਾ ਹੈ। ਜਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ ਰਾਸ਼ਟਰਪਤੀ ਜਰਦਾਰੀ ਦੇਸ਼ ਦੀ ਮੱਦਦ ਕਰਨ ਦੇ ਲਈ ਆਪਣੇ ਕਾਰਜਕਾਲ ਵਿਚ ਕੋਈ ਤਨਖਾਹ ਨਹੀਂ ਲੈਣਗੇ। ਉਨ੍ਹਾਂ ਨੇ ਦੇਸ਼ ਦੇ ਖਜ਼ਾਨੇ ‘ਤੇ ਬੋਝ ਨਾ ਪਾਉਣ ਦਾ ਫੈਸਲਾ ਲਿਆ ਹੈ। ਧਿਆਨ ਰਹੇ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਰਿਫ ਅਲਵੀ ਨੂੰ ਤਨਖਾਹ ਦੇ ਤੌਰ ‘ਤੇ ਹਰ ਮਹੀਨੇ ਕਰੀਬ ਸਾਢੇ 8 ਲੱਖ ਰੁਪਏ ਮਿਲਦੇ ਸਨ। ਇਹ ਤਨਖਾਹ 2018 ਵਿਚ ਸੰਸਦ ਨੇ ਤੈਅ ਕੀਤੀ ਸੀ। ਪਾਕਿਸਤਾਨ ਵਿਚ ਲੰਘੀ 8 ਫਰਵਰੀ ਨੂੰ ਚੋਣਾਂ ਹੋਈਆਂ ਸਨ। ਇਸਦੇ ਚੱਲਦਿਆਂ ਪਾਕਿ ਦੇ ਸਾਬਕਾ ਵਿੱਤ ਮੰਤਰੀ ਹਾਫਿਜ਼ ਅਹਿਮਦ ਪਾਸ਼ਾ ਨੇ ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿਹਾ ਸੀ ਕਿ ਪਾਕਿਸਤਾਨ ਦੇ ਸਰਕਾਰੀ ਖਜ਼ਾਨੇ ਵਿਚ ਸਿਰਫ 45 ਦਿਨ ਦਾ ਪੈਸਾ ਬਚਿਆ ਹੈ।