ਫਾਊਂਡੇਸ਼ਨ ਦੇ ਚੇਅਰਮੈਨ ਨੇ ਆਰੋਪੀ ਨੂੰ ਮੁਆਫੀ ਮੰਗਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲਾਹੌਰ ਸਥਿਤ ਇਕ ਗੈਰ-ਮੁਨਾਫਾ ਸੰਗਠਨ ਦੇ ਪ੍ਰਧਾਨ ਨੇ ਇਕ ਸੇਵਾਮੁਕਤ ਪਾਕਿਸਤਾਨੀ ਫੌਜੀ ਅਧਿਕਾਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ਲਈ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਨਾਲ ਹੀ ਪਾਕਿ ਦੇ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਇਹ ਕਾਨੂੰਨੀ ਨੋਟਿਸ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਤੇ ਪਾਕਿਸਤਾਨ ਆਰਮਡ ਫੋਰਸਿਜ਼ ਦੇ ਸੇਵਾਮੁਕਤ ਅਧਿਕਾਰੀ ਤਾਰਿਕ ਮਜੀਦ ਨੂੰ ਭੇਜਿਆ ਗਿਆ ਹੈ। ਧਿਆਨ ਰਹੇ ਕਿ ਤਾਰਿਕ ਮਜੀਦ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ’ਤੇ ਵਿਦੇਸ਼ੀ ਗਰਾਟਾਂ ਲੈਣ ਦਾ ਆਰੋਪ ਲਗਾਇਆ ਹੈ ਅਤੇ ਮਹਾਨ ਆਜ਼ਾਦੀ ਘੁਲਾਈਏ ਭਗਤ ਸਿੰਘ ਨੂੰ ‘ਅਪਰਾਧੀ’ ਕਿਹਾ ਹੈ। ਇਸਦੇ ਚੱਲਦਿਆਂ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਆਰੋਪੀ ਨੂੰ ਬਿਨਾ ਸ਼ਰਤ ਮੁਆਫੀ ਮੰਗਣ ਲਈ ਵੀ ਕਿਹਾ ਹੈ। ਇਸ ਮਾਮਲੇ ’ਤੇ ਹੁਣ 17 ਜਨਵਰੀ ਨੂੰ ਸੁਣਵਾਈ ਹੋਵੇਗੀ।