ਪੰਜਾਬ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਤੋਂ ਬਾਅਦ ਸਿਆਸੀ ਹਲਚਲ September 4, 2023 ਪੰਜਾਬ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਤੋਂ ਬਾਅਦ ਸਿਆਸੀ ਹਲਚਲ ‘ਆਪ’ ਅਤੇ ਕਾਂਗਰਸ ਵਿਚਾਲੇ ਗਠਜੋੜ ਵੱਲ ਇਸ਼ਾਰਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਵਿਚਾਲੇ ਗਠਜੋੜ ਸਬੰਧੀ ਸਿਆਸੀ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਦੋਵੇਂ ਪਾਰਟੀਆਂ ਦੇ ਗਠਜੋੜ ਦੇ ਸਵਾਲ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸਪੱਸ਼ਟ ਕਰ ਚੁੱਕੇ ਹਨ ਕਿ ‘ਇੰਡੀਆ’ ਗਠਜੋੜ ਦਾ ਮਕਸਦ ਕਾਫੀ ਵੱਡਾ ਹੈ। ਜ਼ਿਕਰਯੋਗ ਹੈ ਕਿ ‘ਇੰਡੀਆ’ ਨਾਮ ਦਾ ਗਠਜੋੜ ਕਈ ਸਿਆਸੀ ਪਾਰਟੀਆਂ ਨੇ ਮਿਲ ਕੇ ਬਣਾਇਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ‘ਆਪ’ ਅਤੇ ਕਾਂਗਰਸ ਵਲੋਂ ਇਕੱਠੇ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੇ ਸਵਾਲ ’ਤੇ ਹਰਪਾਲ ਚੀਮਾ ਦਾ ਕਹਿਣਾ ਸੀ ਕਿ ‘ਇੰਡੀਆ’ ਗਠਜੋੜ ਹੋ ਚੁੱਕਾ ਹੈ। ਲੋਕਤੰਤਰ ਅਤੇ ਸੰਵਿਧਾਨ ਦੇ ਬਚਾਅ ਲਈ ਛੋਟੇ-ਮੋਟੇ ਮਨ ਮੁਨਾਵ ਦੂਰ ਕਰਕੇ ਇਕ ਵੱਡੇ ਮਕਸਦ ਲਈ ਗਠਜੋੜ ਕੀਤਾ ਗਿਆ ਹੈ। ਵਿੱਤ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਕਾਂਗਰਸ ਨਾਲ ਗਠਜੋੜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਰਪਾਲ ਚੀਮਾ ਦੇ ਬਿਆਨ ਤੋਂ ਬਾਅਦ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਸਵਾਲ ’ਤੇ ਹੁਣ ਤੱਕ ਪੰਜਾਬ ਦੇ ਸਾਰੇ ਕਾਂਗਰਸੀ ਆਗੂਆਂ ਦੇ ਬਿਆਨ ਕਾਫੀ ਤਲਖ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਹੁਣ ਤੱਕ ‘ਆਪ’ ਨਾਲ ਗਠਜੋੜ ਵੱਲ ਕੋਈ ਇਸ਼ਾਰਾ ਨਹੀਂ ਕੀਤਾ। ਇਸਦੇ ਚੱਲਦਿਆਂ ‘ਆਪ’ ਅਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਚੱਲ ਰਹੀਆਂ ਹਨ ਅਤੇ ਬਾਕੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। 2023-09-04 Parvasi Chandigarh Share Facebook Twitter Google + Stumbleupon LinkedIn Pinterest