ਐਡਵੋਕੇਟ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ ਨੂੰ ਦੱਸਿਆ ਮੰਦਭਾਗਾ
ਕਿਹਾ : ਗੁਰਦੁਆਰਾ ਸਾਹਿਬ ਅੰਦਰ ਅਜਿਹੀ ਘਟਨਾ ਵਾਪਰਨੀ ਸਿੱਖ ਕੌਮ ਲਈ ਦੁਖਦਾਈ
ਅੰਮਿ੍ਰਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਨੂੰ ਲੈ ਕੇ ਦੋ ਧੜਿਆ ਦਰਮਿਆਨ ਹੋਏ ਟਕਰਾਅ ਨੂੰ ਮੰਦਭਾਗਾ ਦੱਸਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਅਜਿਹੀ ਘਟਨਾ ਵਾਪਰਨੀ ਪੂਰੀ ਸਿੱਖ ਕੌਮ ਲਈ ਦੁਖਦਾਈ ਹੈ। ਕਿਉਂਕਿ ਗੁਰਦੁਆਰਾ ਸਾਹਿਬਾਨ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਅਤੇ ਸ਼ਰਧਾ ਵਾਲੇ ਅਸਥਾਨ ’ਤੇ ਟਕਰਾਅ ਅਤੇ ਤਲਖ਼ ਵਾਲੀ ਸਥਿਤੀ ਠੀਕ ਨਹੀਂ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਬੰਧਤ ਦੋਵੇਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਮਿਲ ਬੈਠ ਕੇ ਹੱਲ ਕਰਨ ਕਿਉਂਕਿ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਅੰਦਰ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ ਅਤੇ ਸੰਗਤਾਂ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਧਿਆਨ ਰਹੇ ਕਿ ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਸ੍ਰੀ ਅਕਾਲ ਬੰੁਗਾ ਸਾਹਿਬ ’ਤੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਦੇ ਚਲਦਿਆਂ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਵੀਰਵਾਰ ਨੂੰ ਸਵੇਰੇ ਫਾਈਰਿੰਗ ਹੋ ਗਈ। ਇਸ ਫਾਈਰਿੰਗ ਦੌਰਾਨ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਡੀਐਸਪੀ ਸਮੇਤ 10 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ।