ਦਸਤਾਰ ਨਾਲ ਬੁੱਤ ਨੂੰ ਸਾਫ ਕਰਕੇ ਕੀਤੀ ਦਸਤਾਰ ਦੀ ਬੇਅਦਬੀ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ ਤੋਂ ਬਾਅਦ ਪੰਜਾਬ ਵਿਚ ਸਿਆਸਤ ਭਖਦੀ ਜਾ ਰਹੀ ਹੈ। ਇਸੇ ਦੌਰਾਨ ਜਿੱਥੇ ਅਕਾਲੀਆਂ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਾਜੀਵ ਦੇ ਬੁੱਤ ‘ਤੇ ਕਾਲਖ਼ ਮਲ਼ ਦਿੱਤੀ, ਉੱਥੇ ਹੀ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਲੱਗੇ ਕਾਲੇ ਤੇ ਲਾਲ ਰੰਗ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਗੁਰਸਿਮਰਨ ਸਿੰਘ ਨੇ ਸਿਰ ‘ਤੋਂ ਦਸਤਾਰ ਉਤਾਰ ਕੇ ਬੁੱਤ ਨੂੰ ਦਸਤਾਰ ਨਾਲ ਸਾਫ਼ ਵੀ ਕੀਤਾ। ਕਾਂਗਰਸੀ ਵਰਕਰ ਗੁਰਸਿਮਰਨ ਮੰਡ ਵੱਲੋਂ ਦਸਤਾਰ ਦੀ ਮਰਿਆਦਾ ਦਾ ਖ਼ਿਆਲ ਨਾ ਰੱਖਣ ਕਰ ਕੇ ਉਸ ਦੇ ਇਸ ਕਾਰੇ ਦੀ ਸੋਸ਼ਲ ਮੀਡੀਆ ‘ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਹਰਕਤ ਬੌਖਲਾਹਟ ਦਾ ਨਤੀਜਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਸਬੰਧੀ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿਚੋ ਬਰਖ਼ਾਸਤ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਕੈਪਟਨ ਸੱਚੇ ਸਿੱਖ ਹਨ ਤਾਂ ਉਹ ਖੁਦ ਗਾਂਧੀ ਪਰਿਵਾਰ ਦੇ ਮੂੰਹ ‘ਤੇ ਕਾਲਖ ਲਾਉਣ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ ਹੈ। ਇਸ ਲਈ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਲਾਉਣਾ ਗਲਤ ਨਹੀਂ।
Check Also
ਭਾਖੜਾ ਜਲ ਵਿਵਾਦ ਸਬੰਧੀ ਹਾਈਕੋਰਟ ’ਚ ਅਗਲੀ ਸੁਣਵਾਈ 22 ਮਈ ਨੂੰ
ਕੇਂਦਰ ਤੇ ਹਰਿਆਣਾ ਨੇ ਦਾਖਲ ਕੀਤਾ ਜਵਾਬ ਅਤੇ ਪੰਜਾਬ ਸਰਕਾਰ ਨੇ ਮੰਗਿਆ ਕੁਝ ਸਮਾਂ ਚੰਡੀਗੜ੍ਹ/ਬਿਉੂਰੋ …