ਅਸ਼ੀਸ਼ ਕਪੂਰ ’ਤੇ ਇਕ ਕਰੋੜ ਰੁਪਏ ਰਿਸ਼ਵਤ ਲੈਣ ਦਾ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਏਆਈਜੀ ਅਸ਼ੀਸ਼ ਕਪੂਰ ਨੂੰ ਇਕ ਕਰੋੜ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਕਲੀਨ ਚਿੱਟ ਦੇਣ ਵਾਲੀ ਤੱਤਕਾਲੀਨ ਐਸਆਈਟੀ ਦੇ ਮੁਖੀ ਅਤੇ ਵਰਤਮਾਨ ਸਪੈਸ਼ਲ ਡੀਜੀਪੀ ਸ਼ਰਦ ਸੱਤਿਆ ਚੌਹਾਨ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਨੇ ਉਨ੍ਹਾਂ ਨੂੰ 14 ਅਕਤੂਬਰ ਨੂੰ ਤਲਬ ਕੀਤਾ ਹੈ, ਕਿਉਂਕਿ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਆਈਪੀਐਸ ਅਧਿਕਾਰੀਆਂ ਨੇ ਏਆਈਜੀ ਅਸ਼ੀਸ਼ ਕਪੂਰ ਅਤੇ ਮਾਮਲੇ ਦੀ ਸ਼ਿਕਾਇਤਕਰਤਾ ਮਹਿਲਾ ਦਾ ਮਾਮਲਾ ਡੀਜੀਪੀ ਗੌਰਵ ਯਾਦਵ ਦੇ ਸਾਹਮਣੇ ਰੱਖਿਆ। ਨਾਲ ਹੀ ਐਸਆਈਟੀ ਨੇ ਉਨ੍ਹਾਂ ਅਧਿਕਾਰੀਆਂ ’ਤੇ ਸਵਾਲ ਖੜ੍ਹੇ ਕੀਤੇ, ਜਿਨ੍ਹਾਂ ਕਪੂਰ ਨੂੰ ਕਲੀਨ ਚਿੱਟ ਦਿੱਤੀ ਸੀ। ਮੀਡੀਆ ’ਚ ਆਈ ਜਾਣਕਾਰੀ ਦੇ ਅਨੁਸਾਰ ਅਸ਼ੀਸ਼ ਕਪੂਰ ਦੇ ਖਿਲਾਫ ਸਾਲ 2019 ਵਿਚ ਜ਼ੀਰਕਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਜਾਂਚ ਵਿਚ ਅਸ਼ੀਸ਼ ਕਪੂਰ ਨੂੰ ਆਰੋਪੀ ਪਾਇਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਕਪੂਰ ਦੀ ਤੈਨਾਤੀ ਵਿਜੀਲੈਂਸ ਬਿਊਰੋ ਵਿਚ ਕਰ ਦਿੱਤੀ ਗਈ ਸੀ। ਫਿਰ ਕਪੂਰ ’ਤੇ ਲੱਗੇ ਆਰੋਪਾਂ ਦੀ ਜਾਂਚ ਲਈ ਗਠਿਤ ਐਸਆਈਟੀ ਨੇ ਉਨ੍ਹਾਂ ਨੂੰ ਆਰੋਪਾਂ ਤੋਂ ਮੁਕਤ ਕਰਕੇ ਕਲੀਨ ਚਿੱਟ ਦੇ ਦਿੱਤੀ ਸੀ।