5.7 C
Toronto
Tuesday, October 28, 2025
spot_img
Homeਪੰਜਾਬਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਅਕਤੂਬਰ ਨੂੰ

ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਅਕਤੂਬਰ ਨੂੰ

ਨਾਮਜ਼ਦਗੀ ਪ੍ਰਕਿਰਿਆ 12 ਅਕਤੂਬਰ ਤੋਂ ਹੋਵੇਗੀ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਯੂਨੀਵਰਸਿਟੀ (ਪੀਯੂ) ਅਤੇ ਇਸ ਨਾਲ ਸਬੰਧਤ ਕਾਲਜਾਂ ਵਿਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਅਕਤੂਬਰ ਨੂੰ ਹੋਣਗੀਆਂ। ਵਿਦਿਆਰਥੀ ਸੰਗਠਨ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜੂਰੀ ਮਿਲ ਗਈ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 12 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪੀਯੂ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਨਾਮਜ਼ਦਗੀ ਦਾਖਲ ਕਰਨ ਲਈ ਦਸਵੀਂ ਅਤੇ ਹਾਇਰ ਸੈਕੰਡਰੀ ਦੇ ਅਸਲ ਸਰਟੀਫਿਕੇਟ ਆਪਣੇ ਨਾਲ ਰੱਖਣ ਲਈ ਕਿਹਾ ਹੈ ਤਾਂ ਜੋ ਵਿਦਿਆਰਥੀ ਆਗੂ ਦੀ ਜਨਮ ਮਿਤੀ ਆਦਿ ਦੀ ਤਸਦੀਕ ਕੀਤੀ ਜਾ ਸਕੇ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀ ਜਥੇਬੰਦੀਆਂ ਨੂੰ ਚੋਣਾਂ ਲੜਨੀਆਂ ਪੈਣਗੀਆਂ। ਇਸੇ ਦੌਰਾਨ ਬਾਹਰੀ ਲੋਕਾਂ ਨੂੰ ਕੈਂਪਸ ਵਿਚ ਆਉਣ ਦੀ ਮਨਾਹੀ ਹੋਵੇਗੀ। ਪੀਯੂ ਵਿਚ ਜੇਕਰ ਕਿਸੇ ਕਿਸਮ ਦੀ ਹਿੰਸਾ ਹੁੰਦੀ ਹੈ ਤਾਂ ਪੀਯੂ ਹੀ ਜ਼ਿੰਮੇਵਾਰ ਹੋਵੇਗੀ। ਵਿਦਿਆਰਥੀਆਂ ਨੂੰ ਲਿੰਗਦੋਹ ਕਮੇਟੀ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਕੈਂਪਸ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਪਛਾਣ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ। ਸਾਰੇ ਵਿਦਿਆਰਥੀਆਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਹੋਵੇਗੀ। ਪੀਯੂ ਨੇ ਕੋਵਿਡ-19 ਕਾਰਨ ਕੈਂਪਸ ਵਿਚ ਦੋ ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਚੋਣਾਂ ਲੜਨ ਲਈ ਦੋ ਸਾਲ ਦੀ ਇਕ ਵਾਰ ਲਈ ਛੋਟ ਦਿੱਤੀ ਹੈ। ਪਹਿਲਾਂ 24 ਸਾਲ ਤੱਕ ਦੇ ਵਿਦਿਆਰਥੀ ਚੋਣ ਲੜ ਸਕਦੇ ਹਨ, ਪਰ ਇਸ ਵਾਰ ਸੈਸ਼ਨ 2022-23 ਲਈ 26 ਸਾਲ ਤੱਕ ਦੇ ਵਿਦਿਆਰਥੀ ਵੀ ਚੋਣ ਲੜ ਸਕਣਗੇ।

 

RELATED ARTICLES
POPULAR POSTS