ਔਲਾਂਦ ਕੋਲ ਸਕੌਰਪੀਨ ਪਣਡੁੱਬੀਆਂ ਬਾਰੇ ਜਾਣਕਾਰੀ ਲੀਕ ਹੋਣ ਦਾ ਮਸਲਾ ਉਠਾਇਆ
ਹਾਂਗਜ਼ੂ/ਬਿਊਰੋ ਨਿਊਜ਼ : ਜੀ-20 ਸਿਖ਼ਰ ਸੰਮੇਲਨ ਵਿੱਚ ਪਾਕਿਸਤਾਨ ਉਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ‘ਇਕ ਮੁਲਕ’ ਆਤੰਕ ਦੇ ਏਜੰਟ ਫੈਲਾਅ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦ ਨੂੰ ਸਪਾਂਸਰ ਕਰਨ ਵਾਲਿਆਂ ਉਤੇ ਰੋਕ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ। ਮੋਦੀ ਨੇ ਸਪੱਸ਼ਟ ਤੌਰ ‘ਤੇ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ, ‘ਦੱਖਣੀ ਏਸ਼ੀਆ ਵਿੱਚ ਯਕੀਨੀ ਤੌਰ ‘ਤੇ ਇਕ ਅਜਿਹਾ ਦੇਸ਼ ਹੈ, ਜੋ ਸਾਡੇ ਖੇਤਰ ਦੇ ਦੇਸ਼ਾਂ ਵਿੱਚ ਦਹਿਸ਼ਤ ਦੇ ਏਜੰਟ ਫੈਲਾਅ ਰਿਹਾ ਹੈ।’ ਉਨ੍ਹਾਂ ਜੀ20 ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਕਿਹਾ, ‘ਅਸੀਂ ਆਸ ਕਰਦੇ ਹਾਂ ਕਿ ਕੌਮਾਂਤਰੀ ਭਾਈਚਾਰਾ ਇਕਸੁਰ ਹੋ ਕੇ ਆਵਾਜ਼ ਅਤੇ ਕਦਮ ਉਠਾਵੇਗਾ ਅਤੇ ਇਸ ਸਮੱਸਿਆ ਨਾਲ ਲੜਨ ਲਈ ਤੁਰੰਤ ਕਦਮ ਚੁੱਕੇਗਾ। ਜਿਹੜੇ ਅੱਤਵਾਦ ਦੀ ਪੁਸ਼ਤ ਪਨਾਹੀ ઠਤੇ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਅਲੱਗ ਥਲੱਗ ਕਰਨ ਅਤੇ ਉਨ੍ਹਾਂ ‘ਤੇ ਰੋਕ ਲਾਏ ਜਾਣ ਦੀ ਲੋੜ ਹੈ। ਉਨ੍ਹਾਂ ਨੂੰ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ।’ ઠਪ੍ਰਧਾਨ ਮੰਤਰੀ ਨੇ ਅੱਤਵਾਦ ਦੀ ਮਾਲੀ ਮਦਦ ਰੋਕਣ ਲਈ ਜੀ20 ਵੱਲੋਂ ਉਠਾਏ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਮੁਲਕਾਂ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੇ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ, ‘ਦਹਿਸ਼ਤ ਤੇ ਹਿੰਸਾ ਦੀ ਵਧ ਰਹੀ ਤਾਕਤ ਇਕ ਬੁਨਿਆਦੀ ਚੁਣੌਤੀ ਖੜ੍ਹੀ ਕਰਦੀ ਹੈ। ਅਜਿਹੇ ਕੁਝ ਦੇਸ਼ ਹਨ ਜੋ ਕੌਮੀ ਨੀਤੀ ਦੇ ਔਜ਼ਾਰ ਵਜੋਂ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ, ‘ਸਾਡੇ ਲਈ ਅੱਤਵਾਦੀ, ਅਤਿਵਾਦੀ ਹੀ ਹੈ।’ ਮੋਦੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਭਾਰਤ ਤੇ ਬਰਿਕਸ ਦੇ ਹੋਰ ਮੈਂਬਰ ਮੁਲਕਾਂ ਨੂੰ ਅੱਤਵਾਦ ਦਾ ਮੁਕਾਬਲਾ ਕਰਨ ਲਈ ਯਤਨ ਤੇਜ਼ ਕਰਨ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਨਾਲ ਸਕੌਰਪੀਨ ਪਣਡੁੱਬੀਆਂ ਬਾਰੇ ਗੁਪਤ ਜਾਣਕਾਰੀ ਲੀਕ ਹੋਣ ਦਾ ਮੁੱਦਾ ਉਠਾਇਆ। ਫਰਾਂਸੀਸੀ ਰੱਖਿਆ ਕੰਪਨੀ ਡੀਸੀਐਨਐਸ ਦੇ ਸਹਿਯੋਗ ਨਾਲ ਮੁੰਬਈ ਵਿੱਚ ਭਾਰਤੀ ਜਲ ਸੈਨਾ ਲਈ ਬਣਾਈਆਂ ਜਾ ਰਹੀਆਂ ਛੇ ਅਤਿਆਧੁਨਿਕ ਪਣਡੁੱਬੀਆਂ ਦੀ ਸਮਰਥਾ ਬਾਰੇ 22 ਹਜ਼ਾਰ ਤੋਂ ਵੱਧ ਸਫ਼ਿਆਂ ਦੀ ਗੁਪਤ ਜਾਣਕਾਰੀ ਲੀਕ ਹੋ ਗਈ ਸੀ। ਜੀ20 ਸੰਮੇਲਨ ਦੇ ਅੰਤਿਮ ਦਿਨ ਮੋਦੀ ਨੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਨ ਅਤੇ ਔਲਾਂਦ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਅਰਦੋਗਨ ਨਾਲ ਉਨ੍ਹਾਂ ਭਾਰਤ ਦੀ ਐਨਐਸਜੀ ਮੈਂਬਰਸ਼ਿਪ ਦੇ ਮੁੱਦੇ ਉਤੇ ਵਿਚਾਰ ਵਟਾਂਦਰਾ ਕੀਤਾ। ਅਰਦੋਗਨ ਨਾਲ ਐਨਐਸਜੀ ਉਤੇ ਚਰਚਾ ਅਹਿਮ ਸੀ ਕਿਉਂਕਿ ਤੁਰਕੀ ઠਉਨ੍ਹਾਂ ਕੁੱਝ ਦੇਸ਼ਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਚੀਨ ਨਾਲ ਮਿਲ ਕੇ ਸੋਲ ਵਿੱਚ ਜੂਨ ਵਿਚ ਹੋਈ ਐਨਐਸਜੀ ਦੀ ਬੈਠਕ ‘ਚ ਭਾਰਤ ਨੂੰ ਮੈਂਬਰ ਬਣਾਏ ਜਾਣ ਦਾ ਵਿਰੋਧ ਕੀਤਾ ਸੀ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …