Home / ਪੰਜਾਬ / ਲਾਹੌਰ ‘ਚ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸਮਾਪਤ

ਲਾਹੌਰ ‘ਚ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸਮਾਪਤ

ਵੱਖ-ਵੱਖ ਮੁਲਕਾਂ ਤੋਂ ਪੁੱਜੇ ਵਿਦਵਾਨਾਂ ਨੇ ਖੋਜ ਪੇਪਰ ਪੜ੍ਹੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਕਾਲਜ ਫਾਰ ਵਿਮੈਨ ਯੂਨੀਵਰਸਿਟੀ (ਪਾਕਿਸਤਾਨ) ਦੇ ਇਕਰਾ ਆਡੀਟੋਰੀਅਮ ਵਿੱਚ ਤਿੰਨ ਰੋਜ਼ਾ ਪੰਜਵੀਂ ਕੌਮਾਂਤਰੀ ਪੰਜਾਬੀ ਕਾਨਫਰੰਸ ਕਰਵਾਈ ਗਈ। ਪਹਿਲੇ ਦਿਨ ਦੇ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ, ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕੀਤੀ। ਇਸ ਦੌਰਾਨ ਘੱਟ ਗਿਣਤੀ ਵਜ਼ੀਰ ਰਮੇਸ਼ ਸਿੰਘ ਅਰੋੜਾ, ਪ੍ਰਿੰਸੀਪਲ ਆਫ ਲਾਅ ਡਾ. ਰਾਹਤ ਅਜਮਲ ਅਤੇ ਡੀਨ ਆਫ ਫੈਕਲਟੀ ਡਾ. ਮੁਹੰਮਦ ਅਫ਼ਜ਼ਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕਾਨਫਰੰਸ ਦੀ ਸ਼ੁਰੂਆਤ ਪੰਜਾਬੀ ਜ਼ੁਬਾਨ ਦੀਆਂ ਸਿਫ਼ਤਾਂ ਕਰਦਿਆਂ ਬਾਬਾ ਨਜ਼ਮੀ ਦੇ ਇਕ ਸ਼ੇਅਰ ‘ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ’ ਨਾਲ ਕੀਤੀ।
ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿੱਚ ਸਿੱਖਾਂ ਦੀ ਤਵਾਰੀਖ਼ ਬਾਰੇ ਵਿਚਾਰ ਸਾਂਝੇ ਕਰਦਿਆਂ ਸਰਕਾਰ ਵੱਲੋਂ ਸਿੱਖਾਂ ਅਤੇ ਪੰਜਾਬੀਆਂ ਵਾਸਤੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇਣ ਅਤੇ ਅਮਰੀਕਾ ਤੋਂ ਉਚੇਚੇ ਤੌਰ ‘ਤੇ ਪੁੱਜੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ‘ਕਿੱਸਾ ਹੀਰ ਵਾਰਿਸ ਦੀਆਂ ਕਥਾਨਕ ਰੂੜੀਆਂ’ ਬਾਰੇ ਪੇਪਰ ਪੜ੍ਹਿਆ। ਯੂਕੇ ਤੋਂ ਆਏ ਡਾ. ਗੁਰਦੀਪ ਸਿੰਘ ਨੇ ਸਿੱਖ-ਮੁਸਲਿਮ ਦੋਸਤੀ ਨੂੰ ਡਾ. ਮੁਹੰਮਦ ਇਕਬਾਲ ਦੀ ਸ਼ਾਇਰੀ ਰਾਹੀਂ ਪੇਸ਼ ਕੀਤਾ।
ਸਮਾਗਮ ਵਿੱਚ ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਸਰਦੂਲ ਸਿੰਘ, ਸੰਤੋਖ ਸਿੰਘ, ਰਾਵਿੰਦਰ ਸਿੰਘ, ਭਾਰਤ ਤੋਂ ਪੱਤਰਕਾਰ ਤੇ ਵਿਦਵਾਨ ਸੁਕੀਰਤ, ਇੰਗਲੈਂਡ ਤੋਂ ਤਰਬੇਦੀ ਸਿੰਘ ਤੇ ਜੋਗਾ ਸਿੰਘ ਨੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੇ ਰਮੇਸ਼ ਸਿੰਘ ਅਰੋੜਾ, ਸਕਾਲਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। ਪਹਿਲੇ ਸੈਸ਼ਨ ਮਗਰੋਂ ਲਾਹੌਰ ਕਾਲਜ ਫਾਰ ਵਿਮੈਨ ਯੂਨੀਵਰਸਟੀ ਦੇ ਵੱਖ-ਵੱਖ ਹਾਲਾਂ ਵਿੱਚ ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਕਾਰਾਂ ਤੇ ਵਿਦਵਾਨਾਂ ਨੇ ਖੋਜ ਪੇਪਰ ਪੜ੍ਹੇ। ਇਸ ਮੌਕੇ ਇਸਲਾਮਾਬਾਦ ਤੋਂ ਡਾ. ਜਹੀਰ, ਫ਼ੈਸਲਾਬਾਦ ਤੋਂ ਡਾ. ਫਿਆਜ਼, ਲਾਹੌਰ ਤੋਂ ਡਾ. ਅਰਸ਼ਦ ਇਕਬਾਲ, ਪ੍ਰੋ. ਡਾ. ਅਬਾਦ ਨਬੀਲ ਸ਼ਾਦ, ਬਹਾਵਲਪੁਰ ਤੋਂ ਸ਼ਹਿਜ਼ਾਦ ਜ਼ੋਈਆ ਨੇ ਵੀ ਸ਼ਿਰਕਤ ਕੀਤੀ। ਦੂਜੇ ਦਿਨ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਵਿੱਚ ਕਰਵਾਈ ਗਈ ਕਾਨਫਰੰਸ ਦੀ ਪ੍ਰਧਾਨਗੀ ਫੋਰਮ ਦੇ ਡਾਇਰੈਕਟਰ ਪ੍ਰੋਫੈਸਰ ਡਾ. ਰੱਜ਼ਾਕ ਸ਼ਾਹਿਦ ਨੇ ਕੀਤੀ। ਤੀਜੇ ਦਿਨ ਲਾਹੌਰ ਕਾਲਜ ਫਾਰ ਵਿਮੈਨ ਯੂਨੀਵਰਸਿਟੀ ਤੋਂ ਵਿਦਿਆਰਥਣਾਂ ਤੇ ਵਿਦਵਾਨਾਂ ਨੂੰ ਬੱਸਾਂ ਰਾਹੀਂ ਲਿਜਾ ਕੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਚੜ੍ਹਦੇ ਪੰਜਾਬ ਤੋਂ ਅੱਠ ਵਿਦਵਾਨ ਸ਼ਾਮਲ ਹੋਏ।

Check Also

5ਵੀਂ ਵਾਰ ਪੰਜਾਬ ਦੌਰੇ ’ਤੇ ਜਾਣਗੇ ਰਾਜਪਾਲ

ਮੈਂ ਰਾਜ ਭਵਨ ’ਚ ਬੈਠਣ ਵਾਲਾ ਰਾਜਪਾਲ ਨਹੀਂ : ਬੀ.ਐਲ. ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …