Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ

ਦੋ ਅਕਾਲੀ ਦਲ ਦੇ ਅਤੇ ਤਿੰਨ ਅਜ਼ਾਦ ਉਮੀਦਵਾਰਾਂ ਖਿਲਾਫ ਹਨ ਮਾਮਲੇ ਦਰਜ
ਕੁੱਲ 33 ਉਮੀਦਵਾਰ ਹਨ ਮੈਦਾਨ ‘ਚ, ਜਲਾਲਾਬਾਦ ਤੋਂ ਦੋ ਅਤੇ ਫਗਵਾੜਾ ਤੋਂ ਇਕ ਉਮੀਦਵਾਰ ਖਿਲਾਫ ਕੇਸ ਦਰਜ
ਫਾਜ਼ਿਲਕਾ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ 21 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਕੁੱਲ 33 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 7 ਉਮੀਦਵਾਰਾਂ ‘ਤੇ ਕਈ ਅਪਰਾਧਕ ਮਾਮਲੇ ਦਰਜ ਹਨ। ਹਾਲਾਂਕਿ ਬਾਅਦ ਵਿਚ ਦੋ-ਤਿੰਨ ਉਮੀਦਵਾਰਾਂ ‘ਤੇ ਦਰਜ ਕੇਸ ਰੱਦ ਵੀ ਕਰ ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਨ ਦੌਰਾਨ ਦਿੱਤੀ ਸੀ। ਦਾਖਾ ਵਿਧਾਨ ਸਭਾ ਹਲਕੇ ਤੋਂ 4 ਉਮੀਦਵਾਰਾਂ, ਜਲਾਲਾਬਾਦ ਤੋਂ 2 ਅਤੇ ਫਗਵਾੜਾ ਤੋਂ ਇਕ ਉਮੀਦਵਾਰ ‘ਤੇ ਕੇਸ ਦਰਜ ਹੈ। ਕਾਂਗਰਸ ਪਾਰਟੀ ਚਾਰੋਂ ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦਕਿ ਗਠਜੋੜ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋ-ਦੋ ਸੀਟਾਂ ‘ਤੇ ਚੋਣ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਉਮੀਦਵਾਰਾਂ ‘ਤੇ ਕੇਸ ਦਰਜ ਹੈ, ਜਦਕਿ ਲੋਕ ਇਨਸਾਫ ਪਾਰਟੀ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ 11 ਉਮੀਦਵਾਰ ਅਤੇ 3 ਅਜ਼ਾਦ ਉਮੀਦਵਾਰਾਂ ‘ਤੇ ਵੀ ਕੇਸ ਦਰਜ ਹਨ।
ਵਿਧਾਨ ਸਭਾ ਹਲਕਾ ਦਾਖਾ ਤੋਂ ਚਾਰ ਉਮੀਦਵਾਰਾਂ ‘ਤੇ ਦਰਜ ਹਨ ਮਾਮਲੇ
ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਖਿਲਾਫ ਧਾਰਾ 188, 288, 341, 331, 431 ਅਤੇ ਨੈਸ਼ਨਲ ਹਾਈਵੇ ਐਕਟ ਦੀ ਧਾਰਾ 8 ਬੀ ਤਹਿਤ ਲੁਧਿਆਣਾ ਵਿਚ ਪਰਚਾ ਦਰਜ ਹੈ। ਨੈਸ਼ਨਲ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ ‘ਤੇ ਸਦਰ ਥਾਣਾ ਲਹਿਰਾ ਵਿਚ 420 ਦਾ ਪਰਚਾ ਅਤੇ ਵੱਖ-ਵੱਖ ਵਿਅਕਤੀਆਂ ਨਾਲ ਠੱਗੀ ਮਾਰਨ ਦਾ ਵੀ ਕੇਸ ਦਰਜ ਹੈ। ਉਥੇ ਅਜ਼ਾਦ ਉਮੀਦਵਾਰ ਬਲਦੇਵ ਸਿੰਘ ਦੇ ਖਿਲਾਫ ਵੀ ਮਾਰਕੁੱਟ ਦਾ ਮਾਮਲਾ ਦਰਜ ਹੈ।ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਕਾਹਲੋਂ ‘ਤੇ ਵੀ ਧਾਰਾ 420 ਤਹਿਤ ਕੇਸ ਦਰਜ ਹੈ, ਜਿਸ ਨੂੰ ਬਾਅਦ ਵਿਚ ਅਪੀਲ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।
ਜਲਾਲਾਬਾਦ ਵਿਚ ਵੀ ਦੋ ਉਮੀਦਵਾਰਾਂ ‘ਤੇ ਦਰਜ ਹਨ ਕੇਸ
ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਰਾਜ ਸਿੰਘ ਡਿੱਬੀਪੁਰਾ ਖਿਲਾਫ ਧਾਰਾ 323, 148, 149 ਤਹਿਤ ਫੈਸਲਾ ਸੁਣਾਇਆ ਗਿਆ ਸੀ, ਜਿਸ ਵਿਚ ਉਸ ਨੂੰ ਜੁਰਮਾਨਾ ਵੀ ਹੋਇਆ ਸੀ। ਜਲਾਲਾਬਾਦ ਤੋਂ ਕਾਂਗਰਸ ਵਿਚੋਂ ਬਾਗੀ ਹੋ ਕੇ ਚੋਣ ਲੜ ਰਹੇ ਜਗਦੀਪ ਕੰਬੋਜ ‘ਤੇ ਧਾਰਾ 420 ਤਹਿਤ ਜਲਾਲਾਬਾਦ ਸਿਟੀ ਵਿਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਪੁਲਿਸ ਵਲੋਂ ਰੱਦ ਕਰ ਦਿੱਤਾ ਗਿਆ ਸੀ।
ਫਗਵਾੜਾ ਦੇ ਅਜ਼ਾਦ ਉਮੀਦਵਾਰ ‘ਤੇ ਵੀ ਹੋ ਚੁੱਕੀ ਹੈ ਕਾਰਵਾਈ : ਫਗਵਾੜਾ ਦੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੈ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …