5.6 C
Toronto
Wednesday, October 29, 2025
spot_img
Homeਪੰਜਾਬਘੁੱਗੀ ਬਣੇ 'ਆਪ' ਪੰਜਾਬ ਦੇ ਨਵੇਂ ਕਨਵੀਨਰ

ਘੁੱਗੀ ਬਣੇ ‘ਆਪ’ ਪੰਜਾਬ ਦੇ ਨਵੇਂ ਕਨਵੀਨਰ

gurpreet-ghuggi-joinsਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਨੇ ਫਿਲਮਾਂ ਤੋਂ ਸਿਆਸਤ ਵਿੱਚ ਆਏ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਸੁੱਚਾ ਸਿੰਘ ਛੋਟੇਪੁਰ ਦੀ ਥਾਂ ਪੰਜਾਬ ਇਕਾਈ ਦਾ ਨਵਾਂ ਕਨਵੀਨਰ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਵੱਲੋਂ ਘੁੱਗੀ ਦੇ ਨਾਮ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦਾ ਮੁਖੀ ਬਣਾਇਆ ਹੈ। ‘ਆਪ’ ਅਨੁਸਾਰ ਘੁੱਗੀ ਜਲਦੀ ਹੀ ਅਹੁਦੇ ਦਾ ਕਾਰਜ ਭਾਰ ਸਾਂਭਣਗੇ।  ਦੱਸਣਯੋਗ ਹੈ ਕਿ ਪਾਰਟੀ ਨੇ ਛੋਟੇਪੁਰ ਨੂੰ ਪੈਸੇ ਲੈਣ ਦਾ ਇਕ ਸਟਿੰਗ ਸਾਹਮਣੇ ਆਉਣ ਤੋਂ ਬਾਅਦ ਕਨਵੀਨਰਸ਼ਿਪ ਤੋਂ ਲਾਹ ਕੇ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਜਾਂਚ ਕਮੇਟੀ ਵੱਲੋਂ ਹਾਲੇ ਛੋਟੇਪੁਰ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਇਸ ਤੋਂ ਪਹਿਲਾਂ ਛੋਟੇਪੁਰ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਕਮੇਟੀ ਮੂਹਰੇ ਪੇਸ਼ ਨਹੀਂ ਹੋਣਗੇ ਅਤੇ ਆਪਣੇ ਸਮਰਥਕਾਂ ਨਾਲ ਮਿਲ ਕੇ ਵੱਖਰਾ ਸਿਆਸੀ ਮੰਚ ਬਣਾਉਣਗੇ। ਪਾਰਟੀ ਨੇ ਘੁੱਗੀ ਨੂੰ ਪੱਕਾ ਕਨਵੀਨਰ ਬਣਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਛੋਟੇਪੁਰ ਲਈ ਹੁਣ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਇਤਫਾਕਨ ਘੁੱਗੀ ਵੀ ਛੋਟੇਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਹਨ। ਪਾਰਟੀ ਵੱਲੋਂ ਸੀਨੀਅਰ ਆਗੂ ਐਚਐਸ ਫੂਲਕਾ ਨੂੰ ਅੱਖੋਂ-ਪਰੋਖੇ ਕਰਕੇ ਹਾਲੇ 7 ਮਹੀਨੇ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਘੁੱਗੀ ਨੂੰ ਕਨਵੀਨਰ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪਾਰਟੀ ਪਹਿਲਾਂ ਹੀ ਛੋਟੇਪੁਰ ਦੀ ਕਾਰਵਾਈ ਕਾਰਨ ਝਟਕੇ ਵਿੱਚ ਹੈ ਅਤੇ ਹੁਣ ਲੀਡਰਸ਼ਿਪ ਫੂਕ-ਫੂਕ ਕੇ ਪੈਰ ਧਰ ਰਹੀ ਹੈ। ਸੂਤਰਾਂ ਅਨੁਸਾਰ ਘੁੱਗੀ ਹਾਈ ਕਮਾਂਡ ਦਾ ਭਰੋਸੇਯੋਗ ਆਗੂ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਘੁੱਗੀ ਦੀ ਚੋਣ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਨੂੰ ਆਧਾਰ ਬਣਾ ਕੇ ਕੀਤੀ ਹੈ ਕਿਉਂਕਿ ਘੁੱਗੀ ਬਤੌਰ ਕਲਾਕਾਰ ਨੌਜਵਾਨਾਂ ਵਿੱਚ ਕਾਫੀ ਮਕਬੂਲ ਹਨ। ਉਹ ਜਦੋਂ ਤੋਂ ਕਾਮੇਡੀ ਖੇਤਰ ਤੋਂ ਫਿਲਮਾਂ ਵਿੱਚ ਗਏ ਹਨ, ਉਸ ਵੇਲੇ ਤੋਂ ਉਨ੍ਹਾਂ ਦੀ ਨੌਜਵਾਨਾਂ ਵਿਚ ਮਕਬੂਲੀਅਤ ਕਾਫੀ ਵਧ ਗਈ ਹੈ। ਪਿਛਲੇ ਸਮੇਂ ਉਨ੍ਹਾਂ ਦੀ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਆਈ ਫਿਲਮ ‘ਅਰਦਾਸ’ ਵੀ ਖਾਸ ਕਰਕੇ ਨੌਜਵਾਨਾਂ ਵਿੱਚ ਬੜੀ ਚਰਚਿਤ ਰਹੀ ਸੀ।

RELATED ARTICLES
POPULAR POSTS