Breaking News
Home / ਪੰਜਾਬ / ‘ਆਪ’ ਦੀ ਰੈਲੀ ਵਿੱਚ ਅਕਾਲੀਆਂ ਦਾ ਤਾਂਡਵ

‘ਆਪ’ ਦੀ ਰੈਲੀ ਵਿੱਚ ਅਕਾਲੀਆਂ ਦਾ ਤਾਂਡਵ

03_09_2016-aapਭਗਵੰਤ ਮਾਨ ਦੇ ਭਾਸ਼ਨ ਦੌਰਾਨ ਚਲਾਏ ਕਾਪੇ ਅਤੇ ਇੱਟਾਂ; ਕਈ ਗੰਭੀਰ ਜ਼ਖ਼ਮੀ
ਮਲੋਟ : ਮਲੋਟ ਵਿੱਚ ‘ਆਮ ਆਦਮੀ ਪਾਰਟੀ’ ਦੀ ਰੈਲੀ ਵਿੱਚ ਲੋਕ ਸਭਾ ਮੈਂਬਰ ਭਗਵੰਤ ਮਾਨ ਉਪਰ ਅਕਾਲੀ ਆਗੂਆਂ ਵੱਲੋਂ ਕਾਪੇ, ਤਲਵਾਰਾਂ, ਇੱਟਾਂ ਤੇ ਡਾਗਾਂ ਨਾਲ ਹਮਲਾ ਕੀਤਾ ਗਿਆ। ਮਾਨ ਨੂੰ ਬਚਾਉਂਦਿਆਂ ‘ਆਪ’ ਦੇ ਤਕਰੀਬਨ ਦਰਜਨ ਭਰ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਮੁਕਤਸਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹਨ।
ਦੱਸਣਯੋਗ ਹੈ ਕਿ ਪੁਲਿਸ ਵੱਲੋਂ ਇਕ ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਜਾਨ ਦਾ ਖ਼ਤਰਾ ਦੱਸਦਿਆਂ ਸੰਗਤ ਮੰਡੀ ਤੋਂ ਮੋੜਨ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਲਈ ਇਥੇ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸੰਸਦ ਮੈਂਬਰ ਮਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀ ਅਕਾਲੀ ਆਗੂ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਰਾਜ ਭਰ ਵਿੱਚ ਧਰਨੇ ਦਿੱਤੇ ਜਾਣਗੇ।
‘ਆਪ’ ਵੱਲੋਂ ਮਲੋਟ ਦੀ ਦਾਣਾ ਮੰਡੀ ਵਿੱਚ ਪ੍ਰਸ਼ਾਸਨ ਤੋਂ ਪ੍ਰਵਾਨਗੀ ਬਾਅਦ ਇਹ ਰੈਲੀ ਕੀਤੀ ਜਾ ਰਹੀ ਸੀ ਅਤੇ ਇਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਵਿਖੇ ਸੰਗਤ ਦਰਸ਼ਨ ਕਰ ਰਹੇ ਸਨ। ਰੈਲੀ ਨੂੰ ਬਲਦੇਵ ਸਿੰਘ ਆਜ਼ਾਦ, ਐਮਪੀ ਪ੍ਰੋ. ਸਾਧੂ ਸਿੰਘ ਤੇ ਹੋਰ ਆਗੂਆਂ ਦੇ ਸੰਬੋਧਨ ਤੋਂ ਬਾਅਦ ਐਮਪੀ ਭਗਵੰਤ ਮਾਨ ਨੇ ਆਪਣੀ ਤਕਰੀਰ ਸ਼ੁਰੂ ਕੀਤੀ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਪਰ ਨਸ਼ਾ ਤਸਕਰੀ ਨੂੰ ਲੈ ਕੇ ਚਰਚਿਤ ਟਿੱਪਣੀ ‘ਕਿੱਕਲੀ ਕਲੀਰ ਦੀ’ ਦੀ ਸੁਣਾਉਣ ‘ਤੇ ਠੀਕ ਉਸੇ ਵੇਲੇ ਪੰਡਾਲ ਵਿਚ ਪਹਿਲਾਂ ਹੀ ਤਿਆਰ-ਬਰ-ਤਿਆਰ ਬੈਠੇ ਅਕਾਲੀ ਵਰਕਰਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮਿੰਟਾਂ ਵਿਚ ਨੌਬਤ ਵੱਢਾ-ਟੁੱਕੀ ਤਕ ਆ ਗਈ। ਇਸ ਦੌਰਾਨ ਭਗਵੰਤ ਮਾਨ ਨੇ ਸਟੇਜ ਤੋਂ ਵਾਰ-ਵਾਰ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣ ਤੇ ‘ਆਪ’ ਵਰਕਰਾਂ ਨੂੰ ਕਾਨੂੰਨ ਹੱਥ ਵਿਚ ਨਾ ਲੈਣ ਦੀ ਅਪੀਲ ਕੀਤੀ। ਐਨੇ ਨੂੰ ‘ਸੋਈ’ ਦੇ ਕੁਝ ਆਗੂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਟੇਜ ਕੋਲ ਜਾ ਕੇ ਮਾਨ ਉਪਰ ਹੱਲਾ ਬੋਲ ਦਿੱਤਾ ਪਰ ‘ਆਪ’ ਵਾਲੰਟੀਅਰ ਭਗਵੰਤ ਮਾਨ ਨੂੰ ਸਟੇਜ ਤੋਂ ਉਤਾਰ ਕੇ ਲੈ ਗਏ। ਇਸ ਘਟਨਾ ਸਮੇਂ ਪੰਡਾਲ ਵਿੱਚ ਮੌਜੂਦ ਅੱਧੀ ਕੁ ਦਰਜਨ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹੇ।
ਇਸ ਹਮਲੇ ਵਿਚ ਪਿੰਡ ਉਦੇਕਰਨ ਵਾਸੀ ਸੁਖਜਿੰਦਰ ਸਿੰਘ ਅਤੇ ਲੰਬੀ ਦਾ ਸੁਨੀਲ ਕੁਮਾਰ ਸਿਰ ਵਿੱਚ ਕਾਪੇ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਉਣ ਲਈ ‘ਆਪ’ ਨੂੰ ਧਰਨਾ ਲਾਉਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਦੀ ਮੂਵੀ ਬਣਾ ਰਹੇ ਕਈ ‘ਆਪ’ ਵਰਕਰਾਂ ਦੇ ਮੋਬਾਈਲ ਵੀ ਅਕਾਲੀ ਵਰਕਰ ਖੋਹ ਕੇ ਲੈ ਗਏ। ਆਜ਼ਾਦ ਨੇ ਦੋਸ਼ ਲਾਇਆ ਕਿ ਪੁਲਿਸ ਅਫ਼ਸਰਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਦਰਜਨ ਭਰ ਆਗੂਆਂ ਦੀ ਸੂਚੀ ਪੁਲਿਸ ਨੂੰ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਹਾਲ ਦੀ ਘੜੀ ਥਾਣੇ ਮੂਹਰੋਂ ਧਰਨਾ ਚੁੱਕ ਲਿਆ ਹੈ।

ਭਗਵੰਤ ਮਾਨ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜઠ
ਮਾਮਲਾ ਪੱਤਰਕਾਰ ਭਾਈਚਾਰੇ ਨਾਲ ਦੁਰਵਿਵਹਾਰ ਦਾ
ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਪੱਤਰਕਾਰ ਭਾਈਚਾਰੇ ਨਾਲ ਬਸੀ ਪਠਾਣਾ ਵਿਚ ਕੀਤੇ ਦੁਰਵਿਵਹਾਰ ਸਬੰਧੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਬੱਸੀ ਪਠਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਤੇ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 109, 153, 323, 341, 352, 355, 356, 427, 500, 504 ਅਤੇ 149 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ 1 ਸਤੰਬਰ ਨੂੰ ਆਪ ਦੀ ਰੈਲੀઠਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦੇਰੀ ਨਾਲ ਆਉਣ ਅਤੇ ਆਪ ਦੀ ਰੈਲੀ ਵਿਚ ਲੋਕਾਂ ਦਾ ਇਕੱਠ ਘੱਟ ਹੋਣ ਕਾਰਨ ਆਪਣੀ ਕਮਜ਼ੋਰੀ ਨੂੰ ਛਪਾਉਣ ਲਈ ਪੱਤਰਕਾਰ ਭਾਈਚਾਰੇ ਖ਼ਿਲਾਫ਼ ਬਹੁਤ ਹੀ ਮੰਦੀ ਸ਼ਬਦਾਵਲੀ ਬੋਲੀ ਗਈ ਅਤੇ ਆਪਣੇ ਵਰਕਰਾਂ ਨੂੰ ਵੀ ਪੱਤਰਕਾਰ ਭਾਈਚਾਰੇ ਖ਼ਿਲਾਫ਼ ਉਕਸਾਇਆ ਗਿਆ ਅਤੇ ਮੀਡੀਆ ਨੂੰ ਬਾਹਰ ਭੇਜਣ ਲਈ ਕਿਹਾ। ਤੈਸ਼ ਵਿਚ ਆਏ ਵਲੰਟੀਅਰਾਂ ਨੇ ਪੱਤਰਕਾਰਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਅਤੇ ਪੱਤਰਕਾਰ ਭਾਈਚਾਰੇ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ, ਜਿਸ ਕਾਰਨ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਅਤੇ ਸਿਟੀ ਪੁਲਿਸ ਚੌਕੀ ਬਸੀ ਪਠਾਣਾ ਕੋਲ ਸੰਸਦ ਮੈਂਬਰ ਭਗਵੰਤ ਮਾਨ ਖ਼ਿਲਾਫ਼ ਲਿਖਤੀ ਸ਼ਿਕਾਇਤਾਂ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਸੀ।
ਮੈਂ ਮੀਡੀਆ ਦਾ ਸਤਿਕਾਰ ਕਰਦਾ ਹਾਂ : ਭਗਵੰਤ ਮਾਨઠ
ਫ਼ਾਜ਼ਿਲਕਾ/ਬਿਊਰੋ ਨਿਊਜ਼ : ਭਗਵੰਤ ਮਾਨ ਵੱਲੋਂ ਮੀਡੀਆ ਖ਼ਿਲਾਫ਼ ਵਰਤੇ ਅਪਮਾਨਜਨਕ ਸ਼ਬਦਾਂ ਤੋਂ ਬਾਅਦ ਫ਼ਾਜ਼ਿਲਕਾ ਵਿਖੇ ‘ਆਪ’ ਦੀ ਸਟੇਜ ‘ਤੇ ਭਾਸ਼ਣ ਦੇਣ ਤੋਂ ਪਹਿਲਾਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਮੀਡੀਆ ਦਾ ਸਤਿਕਾਰ ਕਰਦੇ ਹਨ, ਕਦੇ ਵੀ ਪੱਤਰਕਾਰਾਂ ਪ੍ਰਤੀ ਘਟੀਆ ਸ਼ਬਦਾਵਲੀ ਨਹੀਂ ਵਰਤ ਸਕਦੇ। ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ਵਿਚ ਇਹ ਘਟਨਾ ਵਾਪਰੀ ਉੱਥੇ ਇਕ ਪੱਤਰਕਾਰ ਨੇ ਮੈਥੋਂ ਅਜਿਹਾ ਕੁੱਝ ਪੁੱਛਿਆ, ਜਿਸ ਦਾ ਮੈਂ ਉਸੇ ਰੂਪ ਵਿਚ ਜਵਾਬ ਦੇ ਦਿੱਤਾ। ਮੈਂ ਸਾਰੇ ਪੱਤਰਕਾਰਾਂ ਨੂੰ ਗਲਤ ਨਹੀਂ ਕਹਿੰਦਾ।

Check Also

ਸ਼ੋ੍ਰਮਣੀ ਅਕਾਲੀ ਦਲ ਵੱਲੋਂ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ

ਹੁਣ ਤੱਕ 76 ਉਮੀਦਵਾਰਾਂ ਦਾ ਹੋ ਚੁੱਕਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ …