ਕਿਹਾ, ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨੂੰ ਨਾਲ ਲੈ ਕੇ ਕੰਮ ਕਰਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਿੱਧੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸੇ ਦੌਰਾਨ ਸਿੱਧੂ ਨੇ ਹਾਈਕਮਾਨ ਦਾ ਸ਼ੁਕਰੀਆ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਅਤੇ ਟਵੀਟ ਕੀਤੇ ਹਨ। ਟਵੀਟ ਵਿਚ ਨਵਜੋਤ ਸਿੱਧੂ ਦੀ ਖੁਸ਼ੀ ਸਾਫ ਝਲਕਦੀ ਦਿਖਾਈ ਦੇ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖਤਿਆਰੀ ਕੁਝ ਕੁ ਲੋਕਾਂ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਦੇਸ਼ ਭਗਤੀ ਦੇ ਕਾਰਜਾਂ ਬਦਲੇ ਸਜ਼ਾ ਏ ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ ਰਾਣੀ ਦੇ ਜਨਮ ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਸਿੱਧੂ ਨੇ ਦੱਸਿਆ ਫਿਰ ਉਹ ਦਹਾਕਿਆਂ ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਕੋਵੇਟ ਜਨਰਲ ਵੀ ਬਣੇ। ਸਿੱਧੂ ਨੇ ਕਿਹਾ ਕਿ ਮੇਰਾ ਮਿਸ਼ਨ ਉਸੇ ਸੁਪਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੁੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਦਾ ਧੰਨਵਾਦ ਵੀ ਕੀਤਾ। ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਵਿਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ।