ਕਿਹਾ, ਸਰਕਾਰ ਨਸ਼ੇ ‘ਤੇ ਪਾਬੰਦੀ ਦੀ ਥਾਂ ਨਸ਼ੇ ਨੂੰ ਰੈਗੂਲੇਟ ਕਰੇ
ਚੰਡੀਗੜ੍ਹ/ਬਿਊਰੋ ਨਿਊਜ਼
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ “ਪੰਜਾਬ ਵਿਚ ਨਸ਼ਿਆਂ ਦੀ ਆਮਦ ਲਈ ਸਿਆਸੀ ਲੀਡਰਾਂ ਤੇ ਨਸ਼ਾ ਮਾਫੀਆ ਦਾ ਗਠਜੋੜ ਹੈ। ਇਹੀ ਪੰਜਾਬ ਵਿਚ ਸਿੰਥੈਟਿਕ ਨਸ਼ੇ ਵਿਕਵਾ ਰਹੇ ਹਨ। ਰਵਾਇਤੀ ਪਾਰਟੀਆਂ ਦੇ ਆਗੂ ਹੀ ਇਸ ਨਸ਼ੇ ਦੀ ਖੇਡ ਵਿਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਭੁੱਕੀ ਦੇ ਠੇਕੇ ਬੰਦ ਕਰਨ ਨਾਲ ਪੰਜਾਬ ਅੰਦਰ ਪੋਸਤ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਲਈ ਸੰਕਟ ਪੈਦਾ ਹੋ ਰਿਹਾ ਹੈ ਤੇ ਅਮਲੀ ਥਾਂ-ਥਾਂ ‘ਤੇ ਸਰਕਾਰ ਖ਼ਿਲਾਫ ਧਰਨੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਅੰਦਰ ਪਹਿਲਾਂ ਹੀ ਸਰਗਰਮ ਨਸ਼ਾ ਮਾਫ਼ੀਆ ਆਪਣੀਆਂ ਸਰਗਰਮੀਆਂ ਵਧਾ ਦੇਵੇਗਾ। ਅਜਿਹਾ ਹੋਣ ਨਾਲ ਜਦੋਂ ਭੁੱਕੀ ਅਮਲੀਆਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਤਾਂ ਇਹ ਲੋਕ ਮਜ਼ਬੂਰੀ ਵਿਚ ਮੈਡੀਕਲ ਤੇ ਸਿੰਥੈਟਿਕ ਨਸ਼ਿਆਂ ਵੱਲ ਧੱਕੇ ਜਾਣਗੇ। ઠਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ੇ ‘ਤੇ ਪਾਬੰਦੀ ਦੀ ਥਾਂ ਨਸ਼ੇ ਨੂੰ ਰੈਗੂਲੇਟ ਕਰੇ। ਇਸ ਨਸ਼ੇ ਤੋਂ ਪੀੜਤ ਵਿਅਕਤੀਆਂ ਲਈ ‘ਰੈਗੂਲੇਟਿਡ’ ਸਪਲਾਈ, ਹਸਪਤਾਲਾਂ ਜਾਂ ਹੋਰ ਏਜੰਸੀਆਂ ਰਾਹੀਂ ਕਰਨ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਇਹ ਮਜਬੂਰ ਲੋਕ ਡਰੱਗ ਮਾਫ਼ੀਆ ਦੇ ਸ਼ਿਕੰਜੇ ਤੋਂ ਬਚ ਸਕਣ।
ਇਸੇ ਦੌਰਾਨ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਧਰਮਵੀਰ ਗਾਂਧੀ ਨੇ ਸ਼ਰਾਬ ਦੀ ਵਕਾਲਤ ਕੀਤੀ ਹੈ ਅਤੇ ਉਹ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਲਕਸ਼ਮੀ ਕਾਂਤਾ ਚਾਵਲਾ ਨੇ ਬਿਹਾਰ ਸਰਕਾਰ ਵੱਲੋਂ ਸ਼ਰਾਬ ‘ਤੇ ਪਾਬੰਦੀ ਲਗਾਏ ਜਾਣ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਨੂੰ ਵੀ ਸੂਬੇ ਵਿੱਚ ਸ਼ਰਾਬ ਬੰਦ ਕਰ ਦੇਣ ਦੀ ਸਲਾਹ ਦਿੱਤੀ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …