19.2 C
Toronto
Tuesday, October 7, 2025
spot_img
Homeਪੰਜਾਬਜਦੋਂ ਹੰਸ ਨੂੰ 'ਤੈਨੂੰ ਦਿਲ ਵੀ ਦਿਆਂਗੇ' ਗੀਤ ਸੁਣਾਉਣ ਲਈ ਕਿਹਾ

ਜਦੋਂ ਹੰਸ ਨੂੰ ‘ਤੈਨੂੰ ਦਿਲ ਵੀ ਦਿਆਂਗੇ’ ਗੀਤ ਸੁਣਾਉਣ ਲਈ ਕਿਹਾ

ਹੰਸ ਰਾਜ ਹੰਸ ਤੇ ਕਰਮਜੀਤ ਅਨਮੋਲ ਪਾਰਕਾਂ ‘ਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਲੱਗੇ
ਮੋਗਾ/ਬਿਊਰੋ ਨਿਊਜ਼ : ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭੀੜ ਇਕੱਠੀ ਕਰਨ ਲਈ ਅਖਾੜੇ ਨਹੀਂ ਲੱਗ ਰਹੇ। ਉਮੀਦਵਾਰ ਇਕ-ਦੋ ਕਾਰਾਂ-ਜੀਪਾਂ ਨਾਲ ਪਿੰਡ ‘ਚ ਵੜਦਾ ਹੈ ਅਤੇ 10-15 ਮਿੰਟ ਦੇ ਸੰਬੋਧਨ ਤੋਂ ਬਾਅਦ ਪਰਤ ਜਾਂਦਾ ਹੈ। ਜਿਉਂ ਜਿਉਂ ਚੋਣ ਦੰਗਲ ਭਖ ਰਿਹਾ ਹੈ ਤਿਉਂ ਤਿਉਂ ਫਿਲਮੀ ਸਿਤਾਰੇ ਵੀ ਲੋਕਾਂ ਵਿਚ ਘੁਲ ਮੁਲ ਮਿਲ ਕੇ ਮੈਦਾਨ ਫ਼ਤਿਹ ਕਰਨ ਦੀ ਕੋਸ਼ਿਸ਼ ਵਿਚ ਹਨ। ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਗਾਇਕ ਹੰਸ ਰਾਜ ਹੰਸ ਤੇ ‘ਆਪ’ ਉਮੀਦਵਾਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਤੜਕਸਾਰ ਮੋਗਾ ਦੇ ਨੇਚਰ ਪਾਰਕ ‘ਚ ਪੁੱਜੇ ਤਾਂ ਉਥੇ ਮੇਲਾ ਲੱਗ ਗਿਆ। ਇਸ ਮੌਕੇ ਬੀਬੀਆਂ ਨੇ ਹੰਸ ਨੂੰ ‘ਤੈਨੂੰ ਦਿਲ ਵੀ ਦਿਆਂਗੇ’ ਗੀਤ ਸੁਣਾਉਣ ਲਈ ਕਿਹਾ। ਇਸ ਦੌਰਾਨ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਵੀ ਉਥੇ ਪੁੱਜ ਗਏ ਅਤੇ ਉਨ੍ਹਾਂ ਵੀ ਸਿਆਸੀ ਠੁਮਕੇ ਲਾਏ। ਹੰਸ ਤੇ ਅਨਮੋਲ ਭਾਵੇਂ ਚੰਗੇ ਕਲਾਕਾਰ ਹਨ ਪਰ ਰਾਜਸੀ ਪਿੜ ਵਿਚ ਲੋਕ ਉਨ੍ਹਾਂ ਦਾ ਸਾਥ ਦਿੰਦੇ ਹਨ ਜਾਂ ਨਹੀਂ, ਇਹ ਤਾਂ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਬਾਅਦ 4 ਜੂਨ ਨੂੰ ਨਤੀਜਾ ਸਾਹਮਣੇ ਆਉਣ ‘ਤੇ ਹੀ ਪਤਾ ਲੱਗੇਗਾ ਪਰ ਦੋਵਾਂ ਅਦਾਕਾਰਾਂ ਨੇ ਇਸ ਵਾਰ ਦੀ ਚੋਣ ਦਿਲਚਸਪ ਬਣਾ ਦਿੱਤੀ ਹੈ। ਹੰਸ ਪਹਿਲਾਂ ਹੀ ਦਿੱਲੀ ਤੋਂ ਮੌਜੂਦਾ ਸੰਸਦ ਮੈਂਬਰ ਹਨ। ਇਸ ਹਲਕੇ ਦੇ ਵੋਟਰਾਂ ਦਾ ਦੋਸ਼ ਹੈ ਕਿ ਉਮੀਦਵਾਰ ਜਿੱਤਣ ਮਗਰੋਂ ਹਲਕੇ ਵਿਚ ਮੂੰਹ ਵੀ ਨਹੀਂ ਦਿਖਾਉਂਦੇ। ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਗਾਇਕ ਮੁਹੰਮਦ ਸਦੀਕ ‘ਤੇ ਵੀ ਇਹ ਹੀ ਦੋਸ਼ ਲੱਗ ਰਿਹਾ ਹੈ ਜਿਸ ਕਾਰਨ ਕਾਂਗਰਸ ਨੇ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ।

RELATED ARTICLES
POPULAR POSTS