1.9 C
Toronto
Tuesday, February 17, 2026
spot_img
Homeਪੰਜਾਬਬਾਦਲ ਤੇ ਮਲੂਕਾ ਪਰਿਵਾਰਾਂ ਦੀਆਂ ਬੀਬੀਆਂ ਨੂੰ ਮਿਹਣੋ-ਮਿਹਣੀ ਤੱਕ ਲੈ ਗਈ ਸਿਆਸਤ

ਬਾਦਲ ਤੇ ਮਲੂਕਾ ਪਰਿਵਾਰਾਂ ਦੀਆਂ ਬੀਬੀਆਂ ਨੂੰ ਮਿਹਣੋ-ਮਿਹਣੀ ਤੱਕ ਲੈ ਗਈ ਸਿਆਸਤ

ਚੋਣ ਸਿਆਸਤ ‘ਚ ਸਾਰੀ ਉਮਰ ਘਿਉ-ਖਿਚੜੀ ਰਹੇ ਬਾਦਲ ਤੇ ਮਲੂਕਾ ਪਰਿਵਾਰ
ਲੰਬੀ/ਬਿਊਰੋ ਨਿਊਜ਼ : ਚੋਣ ਸਿਆਸਤ ਸਾਰੀ ਉਮਰ ਘਿਉ-ਖਿਚੜੀ ਰਹੇ ਬਾਦਲ ਤੇ ਮਲੂਕਾ ਪਰਿਵਾਰਾਂ ਦੀਆਂ ਬੀਬੀਆਂ ਨੂੰ ਮਿਹਣੋ-ਮਿਹਣੀ ਤੱਕ ਲੈ ਗਈ ਹੈ। ਮਲੂਕਾ ਪਰਿਵਾਰ ਦੀ ਆਈਏਐੱਸ ਨੂੰਹ ਤੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਸਮਾਜਿਕ ਰਿਸ਼ਤੇ ‘ਚ ਜੇਠਾਣੀ ਲੱਗਦੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਗੁਣਾਂ ‘ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਬੀਬੀ ਪਰਮਪਾਲ ਨੇ ਲੰਬੀ ਹਲਕੇ ‘ਚ ਭਾਜਪਾ ਦੇ ਚੋਣ ਦਫ਼ਤਰ ਉਦਘਾਟਨ ਮੌਕੇ ਗਰਜਵੇਂ ਅਤੇ ਸਿੱਝਵੇਂ ਭਾਸ਼ਨ ‘ਚ ਵੋਟਰਾਂ ਨੂੰ ਰਜਵਾੜਾਸ਼ਾਹੀ ਦੇ ਗਰੂਰ ਅਤੇ ‘ਆਪ’ ਦੀ ਧੋਖੇਬਾਜ਼ੀ ਨੂੰ ਢਹਿਢੇਰੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਬੀਬੀ ਬਾਦਲ ਦੱਸਣ ਕਿ ਉਨ੍ਹਾਂ ‘ਚ ਅਜਿਹੇ ਕਿਹੜੇ ਗੁਣ ਹਨ, ਉਹ ਦਿੱਲੀਓਂ ਆਏ ਅਤੇ ਮੰਤਰੀ ਬਣਾ ਦਿੱਤੇ ਗਏ। ਕਿਸੇ ਨੂੰ ਪਿਆਰ ਨਾਲ ਮਿਲਦੇ ਤੱਕ ਨਹੀਂ। ਭਾਜਪਾ ਉਮੀਦਵਾਰ ਨੇ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕ ਹੁਣ ਗੁਰਮੀਤ ਖੁੱਡੀਆਂ ਨੂੰ ਵਿਧਾਇਕ ਚੁਣ ਕੇ ਵੱਡੀ ਗਲਤੀ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਰਮਪਾਲ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਭਾਕਿਯੂ ਸਿੱਧੂਪੁਰ ਨੇ ਵਿਰੋਧ ਜਤਾਇਆ। ਚੋਣ ਦਫ਼ਤਰ ਤੋਂ ਕਰੀਬ 60 ਮੀਟਰ ਦੂਰੀ ‘ਤੇ ਪੁਲਿਸ ਰੋਕਾਂ ਵਿਚਕਾਰ ਨਾਅਰੇਬਾਜ਼ੀ ਕੀਤੀ। ਹਰਭਗਵਾਨ ਲੰਬੀ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਸਿਆਸੀ ਲੋਕਾਂ ‘ਤੇ ਤਿੱਖੇ ਤਨਜ਼ ਕੱਸੇ।
‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ : ਪਰਮਪਾਲ
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐੱਸ ਪਰਮਪਾਲ ਕੌਰ ਸਿੱਧੂ ਨੇ ਇਥੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੀ ਅਸਫਲਤਾ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਮ ‘ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਉਲਟ ਜਾ ਕੇ ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਹਾਲਾਤ ਇਹ ਹਨ ਕਿ ਜਦੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਫੰਡਾਂ ਦੀ ਘਾਟ ਦੀ ਕਰਕੇ ਸਾਰੇ ਕੰਮ ਰੋਕ ਦਿੰਦੀ ਹੈ।

RELATED ARTICLES
POPULAR POSTS