ਮੋਗਾ: ਫਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਵਿੱਚ ਉਸ ਦੇ ਸਾਥੀ ਕਲਾਕਾਰ ਵੀ ਹਿੱਸਾ ਲੈ ਰਹੇ ਹਨ। ਇਸੇ ਤਹਿਤ ਅਦਾਕਾਰ ਬੀਐੱਨ ਸ਼ਰਮਾ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਤੇ ਗਾਇਕ ਸਿੱਪੀ ਗਿੱਲ ਨੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਪਹਿਲਾਂ ਬੀਨੂੰ ਢਿੱਲੋਂ ਤੇ ਸੋਨੀਆ ਮਾਨ ਵੀ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰ ਚੁੱਕੇ ਹਨ। ਇਸ ਮੌਕੇ ਬੀਐੱਨ ਸ਼ਰਮਾ, ਨਿਸ਼ਾ ਬਾਨੋ, ਰੁਪਿੰਦਰ ਰੂਪੀ ਅਤੇ ਸਿੱਪੀ ਗਿੱਲ ਨੇ ਸੰਸਦ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਲਈ ਕਰਮਜੀਤ ਅਨਮੋਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਫਰੀਦਕੋਟ ਹਲਕੇ ਦੇ ਲੋਕਾਂ ਦਾ ਸਿਰ ਵੀ ਮਾਨ ਨਾਲ ਉੱਚਾ ਹੋਵੇਗਾ। ਇਸ ਮੌਕੇ ਕਰਮਜੀਤ ਅਨਮੋਲ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੇ ਰਾਹ ਪਿਆ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੇ ਆਧਾਰ ‘ਤੇ ਵੋਟਾਂ ਮੰਗੀਆਂ।