10.6 C
Toronto
Thursday, October 16, 2025
spot_img
Homeਪੰਜਾਬਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਉਤੇ ਮੁਜ਼ਾਹਰਾਕਾਰੀਆਂ ਨੇ ਕੀਤਾ ਹਮਲਾ

ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਉਤੇ ਮੁਜ਼ਾਹਰਾਕਾਰੀਆਂ ਨੇ ਕੀਤਾ ਹਮਲਾ

ਵਿਧਾਇਕ ਨੇ ਭੱਜ ਕੇ ਬਚਾਈ ਜਾਨ
ਮੋਗਾ/ਬਿਊਰੋ ਨਿਊਜ਼ : ਮੋਗਾ ‘ਚ ਪੈਂਦੇ ਪਿੰਡ ਮਸਤੇਵਾਲਾ ‘ਚ ਲੰਘੇ ਦਿਨੀਂ ਇਕ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਡੀਜੇ ‘ਤੇ ਕੰਮ ਕਰਦੇ ਦਲਿਤ ਨੌਜਵਾਨ ਦੀ ਮੌਤ ਹੋਣ ਤੋਂ ਭੜਕੇ ਨੌਜਵਾਨਾਂ ਨੇ ਸੋਮਵਾਰ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਕਰ ਦਿੱਤੀ। ਵਿਧਾਇਕ ਨੇ ਭੱਜ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਇਸ ਦੌਰਾਨ ਜਨਤਕ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ‘ਚ ਜ਼ਿਲ੍ਹਾ ਸਕੱਤਰੇਤ ਅੱਗੇ ਧਰਨਾ ਲਾ ਕੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸਿਵਲ ਹਸਪਤਾਲ ਵਿੱਚ ਦਲਿਤ ਨੌਜਵਾਨ ਕਰਨ (18) ਵਾਸੀ ਕੋਟ ਈਸੇ ਖਾਂ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਰੱਖੀ ਗਈ ਸੀ। ਪੀੜਤ ਪਰਿਵਾਰ ਪੋਸਟ ਮਾਰਟਮ ਤੋਂ ਪਹਿਲਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜ ਗਿਆ ਅਤੇ ਪਰਿਵਾਰ ਦੇ ਹੱਕ ‘ਚ ਜਨਤਕ ਜਥੇਬੰਦੀ ਦੇ ਆਗੂ ਵੀ ਆ ਗਏ। ਲੰਘੇ ਦਿਨ ਐਕਸ਼ਨ ਕਮੇਟੀ ਦਾ ਗਠਨ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਸੋਮਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ਲੋਕ ਪਹੁੰਚ ਗਏ।
ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੀ ਸਿਵਲ ਹਸਪਤਾਲ ਪਹੁੰਚ ਗਏ। ਉਹ ਪਰਿਵਾਰ ਨਾਲ ਹਮਦਰਦੀ ਜਤਾਉਣ ਦੇ ਮਕਸਦ ਨਾਲ ਸਮਝਾਉਣ ਲੱਗੇ ਕੇ ਐੱਫ਼ਆਈਆਰ ਦਰਜ ਹੋ ਚੁੱਕੀ ਹੈ ਅਤੇ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਮੂੰਹੋਂ ਅਚਾਨਕ ਇਹ ਨਿਕਲ ਗਿਆ ਕਿ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਗੱਲ ਤੋਂ ਪੀੜਤ ਪਰਿਵਾਰ ਤੇ ਹਜੂਮ ਭੜਕ ਉੱਠਿਆ ਅਤੇ ਉਨ੍ਹਾਂ ਵਿਧਾਇਕ ‘ਤੇ ਹੱਲਾ ਬੋਲ ਦਿੱਤਾ। ਹਜੂਮ ਨੇ ਵਿਧਾਇਕ ਦੀ ਗੱਡੀ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਡਰਾਈਵਰ ਨੇ ਤੇਜ਼ੀ ਨਾਲ ਗੱਡੀ ਪਿਛੇ ਵੱਲ ਭਜਾ ਲਈ। ਲੋਕਾਂ ਵਿੱਚ ਐਨਾ ਗੁੱਸਾ ਸੀ ਕਿ ਉਹ ਵਿਧਾਇਕ ਦੀ ਗੱਡੀ ਦੇ ਪਿੱਛੇ ਭੱਜੇ ਅਤੇ ਅਖ਼ੀਰ ਵਿਧਾਇਕ ਨੇ ਗੱਡੀ ‘ਚੋਂ ਭੱਜ ਕੇ ਜਾਨ ਬਚਾਈ।
ਇਸ ਘਟਨਾ ਮਗਰੋਂ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਕੋਟਕਪੂਰਾ, ਲੋਕ ਸੰਗਰਾਮ ਮੰਚ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਮਾਸਟਰ ਦਰਸ਼ਨ ਸਿੰਘ ਤੂਰ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ‘ਚ ਜ਼ਿਲ੍ਹਾ ਸਕੱਤਰੇਤ ਅੱਗੇ ਧਰਨਾ ਲਾ ਕੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਐੱਫ਼ਆਈਆਰ ਵਿੱਚ ਐੱਸਸੀ/ਐੱਸਟੀ ਐਕਟ ਦੀ ਧਾਰਾ ਸ਼ਾਮਲ ਕਰਨ ਦੀ ਮੰਗ ਪੂਰੀ ਹੋਣ ਤੋਂ ਪਹਿਲਾਂ ਉਹ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ।

RELATED ARTICLES
POPULAR POSTS