ਰਾਤ ਨੂੰ ਡੇਰੇ ਵਿੱਚ ਹੀ ਠਹਿਰੇ, ਸਵੇਰੇ ਸਤਿਸੰਗ ਵੀ ਸੁਣਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਕੁਲ ਹਿੰਦ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੂੰ ਮਿਲੇ। ਦੋਵਾਂ ਨੇ ਬੰਦ ਕਮਰੇ ਵਿੱਚ ਮੀਟਿੰਗ ਵੀ ਕੀਤੀ। ਇਸ ਮੁਲਾਕਾਤ ਨੂੰ ਸਿਆਸੀ ਹਲਕਿਆਂ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਗਾਂਧੀ ਅੰਮ੍ਰਿਤਸਰ ਦੌਰੇ ਉਤੇ ਆਏ ਸਨ। ਇਸ ਦੌਰੇ ਦੌਰਾਨ ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਉਤੇ ਬਣੀ ਦਸਤਾਵੇਜ਼ੀ ਫਿਲਮ ‘ਫੇਡਿੰਗ ਗਲੋਰੀ’ ਦੇਖੀ ਸੀ ਅਤੇ ਇਕੱਠ ਨੂੰ ਸੰਬੋਧਨ ਵੀ ਕੀਤਾ ਸੀ। ਇਸ ਮਗਰੋਂ ਉਹ ਡੇਰਾ ਬਿਆਸ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਦਾ ਇਹ ਪ੍ਰੋਗਰਾਮ ਅਚਨਚੇਤੀ ਬਣਿਆ ਸੀ।
ਉਹ ਦੇਰ ਸ਼ਾਮ ਨੂੰ ਡੇਰਾ ਬਿਆਸ ਪੁੱਜੇ ਅਤੇ ਰਾਤ ਉਥੇ ਹੀ ਬਿਤਾਈ। ਰਾਹੁਲ ਗਾਂਧੀ ਨੇ ਰਾਤ ਦਾ ਖਾਣਾ ਅਤੇ ਸਵੇਰ ਦਾ ਖਾਣਾ ਵੀ ਡੇਰਾ ਬਿਆਸ ਵਿੱਚ ਹੀ ਖਾਧਾ। ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ, ਜਿਸ ਦੀ ਪੁਸ਼ਟੀ ਡੇਰਾ ਅਧਿਕਾਰੀਆਂ ਨੇ ਕੀਤੀ ਹੈ। ਮੀਟਿੰਗ ਦੇ ਵੇਰਵਿਆਂ ਬਾਰੇ ਕੁਝ ਦੱਸਣ ਤੋਂ ਇਨਕਾਰ ਕਰਦਿਆਂ ਅਧਿਕਾਰੀਆਂ ਨੇ ਆਖਿਆ ਕਿ ਇਹ ਬੰਦ ਕਮਰਾ ਮੀਟਿੰਗ ਸੀ। ਸਵੇਰ ਵੇਲੇ ਕਾਂਗਰਸੀ ਆਗੂ ਨੇ ਡੇਰਾ ਕੈਂਪਸ ਵਿੱਚ ਸਤਿਸੰਗ ਵਿੱਚ ਵੀ ਸ਼ਮੂਲੀਅਤ ਕੀਤੀ। ਮਗਰੋਂ ਡੇਰਾ ਮੁਖੀ ਨਾਲ ਵਾਹਨ ਵਿੱਚ ਸਵਾਰ ਹੋ ਕੇ ਡੇਰੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ. ਮੌਜੂਦ ਸਨ। ਇਸ ਬੰਦ ਕਮਰਾ ਮੀਟਿੰਗ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਰਾਹੁਲ ਨੇ ਕੈਪਟਨ ਅਮਰਿੰਦਰ ਨੂੰ ਅਗਲਾ ‘ਮੁੱਖ ਮੰਤਰੀ’ ਐਲਾਨਿਆ
ਅੰਮ੍ਰਿਤਸਰ : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਗੈਰ ਰਸਮੀ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ। ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਜਦੋਂ ਪੰਜਾਬ ਵਿਚ ਤੁਹਾਡੀ ਸਰਕਾਰ (ਕਾਂਗਰਸ ਸਰਕਾਰ) ਸਥਾਪਤ ਹੋਵੇਗੀ ਤਾਂ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਆਖਿਆ ਕਿ ਇਸ ਸਬੰਧੀ ਲੜਾਈ ਵਿਚ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣ। ਗਾਂਧੀ ਦੇ ਇਸ ਸੰਕੇਤ ਨਾਲ ਕੈਪਟਨ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …