ਡਾ. ਸਰਬਜੀਤ ਸੋਹਲ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਕੇਵਲ ਧਾਲੀਵਾਲ ਪੰਜਾਬ ਸੰਗੀਤ ਨਾਟ ਅਕਾਦਮੀ ਦੇ ਮੁਖੀ ਨਿਯੁਕਤ
ਚੰਡੀਗੜ੍ਹ : ਸਾਹਿਤ ਤੇ ਕਲਾ ਜਗਤ ਨਾਲ ਸਬੰਧਤ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਕਲਾ ਭਵਨ ਵਿਖੇ ਹੋਈ ਵਿਸ਼ੇਸ਼ ਬੈਠਕ ਤੋਂ ਬਾਅਦ ਇਨ੍ਹਾਂ ਅਹੁਦੇਦਾਰਾਂ ਦੇ ਨਾਂ ਐਲਾਨੇ ਗਏ। ਕੌਂਸਲ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਫ਼ੈਸਲਾ ਕਲਾ ਭਵਨ ਵਿਚ ਹੋਈ ਬੈਠਕ ‘ਚ ਲਿਆ ਗਿਆ। ਇਨ੍ਹਾਂ ‘ਚ ਟੀਵੀ ਐਂਕਰ ਤੇ ਗਾਇਕਾ ਸਤਿੰਦਰ ਸੱਤੀ ਨੂੰ ਪੰਜਾਬ ਆਰਟਸ ਕੌਂਸਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ਲੇਖਕ ਤੇ ਲੰਬੇ ਸਮੇਂ ਤੱਕ ਦੂਰਦਰਸ਼ਨ ਨਾਲ ਜੁੜੇ ਰਹੇ ਡਾ. ਲਖਵਿੰਦਰ ਸਿੰਘ ਜੌਹਲ ਕੌਂਸਲ ਦੇ ਸਕੱਤਰ ਜਨਰਲ ਹੋਣਗੇ। ਐੱਸਐੱਸ ਵਿਰਦੀ ਕੌਂਸਲ ਦੇ ਨਵੇਂ ਵਾਈਸ ਚੇਅਰਮੈਨ ਹੋਣਗੇ। ਇਸੇ ਤਰ੍ਹਾਂ ਪ੍ਰਸਿੱਧ ਕਵਿੱਤਰੀ ਤੇ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹ ਪ੍ਰਸਿੱਧ ਕਵੀ ਪਦਮ ਸੁਰਜੀਤ ਪਾਤਰ ਦੀ ਥਾਂ ਲੈ ਰਹੇ ਹਨ। ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਡਾ. ਸਤੀਸ਼ ਵਰਮਾ ਅਕਾਦਮੀ ਦੇ ਸਕੱਤਰ ਹੋਣਗੇ। ਇਸੇ ਬੈਠਕ ਵਿਚ ਪੰਜਾਬ ਸੰਗੀਤ ਨਾਟ ਅਕਾਦਮੀ ਦੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਪ੍ਰਸਿੱਧ ਨਾਟ ਕਰਮੀ ਕੇਵਲ ਧਾਲੀਵਾਲ ਨੂੰ ਅਕਾਦਮੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੱਤੀ ਦੀ ਚੋਣ ਸਹੀ ਨਹੀਂ : ਮਨਜੀਤ ਇੰਦਰਾ : ਪੰਜਾਬ ਦੇ ਕਈ ਸਾਹਿਤਕਾਰ ਸਤਿੰਦਰ ਸੱਤੀ ਨੂੰ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨ ਬਣਾਏ ਜਾਣ ‘ਤੇ ਵਿਰੋਧ ਕਰ ਰਹੇ ਹਨ। ਸਾਹਿਤਕਾਰ ਮਨਜੀਤ ਇੰਦਰਾ ਨੇ ਸੱਤੀ ਦੀ ਨਾਮਜ਼ਦਗੀ ਦੇ ਦਿਨ ਤੋਂ ਹੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਸੱਤੀ ਦਾ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਕੋਈ ਯੋਗਦਾਨ ਨਹੀਂ ਹੈ। ਅਜਿਹੇ ‘ਚ ਇਸ ਅਹੁਦੇ ‘ਤੇ ਉਹਨਾਂ ਦੀ ਚੋਣ ਸਹੀ ਨਹੀਂ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …