Breaking News
Home / ਪੰਜਾਬ / ਮੁਅੱਤਲ ਡੀਐੱਸਪੀ ਬਲਵਿੰਦਰ ਸੇਖੋਂ ਨੇ ਭਾਰਤ ਭੂਸ਼ਣ ਆਸ਼ੂ ‘ਤੇ ਲਗਾਏ ਗੰਭੀਰ ਦੋਸ਼

ਮੁਅੱਤਲ ਡੀਐੱਸਪੀ ਬਲਵਿੰਦਰ ਸੇਖੋਂ ਨੇ ਭਾਰਤ ਭੂਸ਼ਣ ਆਸ਼ੂ ‘ਤੇ ਲਗਾਏ ਗੰਭੀਰ ਦੋਸ਼

ਕਿਹਾ : ਲੁਧਿਆਣਾ ਦੀ ਗੁੜ ਮੰਡੀ ‘ਚ ਹੋਏ ਬੰਬ ਧਮਾਕੇ ਪਿੱਛੇ ਸੀ ਆਸ਼ੂ ਦਾ ਹੱਥ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਾਲ 1992 ਵਿੱਚ ਲੁਧਿਆਣਾ ਦੀ ਗੁੜ ਮੰਡੀ ‘ਚ ਹੋਏ ਬੰਬ ਧਮਾਕੇ ਅਤੇ ਗੈਰ-ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਗਾਏ ਹਨ।
ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਦੋਸ਼ ਲਗਾਏ ਕਿ ਸਾਲ 1992 ਵਿੱਚ ਕਈ ਗੈਰ- ਸਮਾਜਿਕ ਗਤੀਵਿਧੀਆਂ ‘ਚ ਸ਼ਾਮਲ ਹੋਣ ਕਰ ਕੇ ਆਸ਼ੂ ਖਿਲਾਫ ਟਾਡਾ ਐਕਟ ਤਹਿਤ ਕੇਸ ਦਰਜ ਹੋਏ ਸਨ ਪਰ ਉਸ ਵੇਲੇ ਦੇ ਕਥਿਤ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਨਾਲ ਉਹ ਅਦਾਲਤ ਵਿੱਚੋਂ ਬਰੀ ਹੋ ਗਏ ਸਨ। ਡੀਐੱਸਪੀ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖ ਕੇ ਇਨ੍ਹਾਂ ਕੇਸਾਂ ਦੀ ਮੁੜ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਵਿੱਚ ਅਜਿਹੇ ਮੰਤਰੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਜ਼ਿਕਰਯੋਗ ਹੈ ਕਿ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ‘ਚ ਘਿਰੇ ਹੋਏ ਹਨ ਜਿਸ ਕਰ ਕੇ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਆਸ਼ੂ ਨੇ ਦੋਸ਼ ਨਕਾਰੇ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਐੱਸਪੀ ਜਾਣ-ਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਕ ਦਾਗੀ ਪੁਲਿਸ ਅਧਿਕਾਰੀ ਵੱਲੋਂ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀਐੱਸਪੀ ਦਾ ਇੱਕੋ-ਇੱਕ ਮੰਤਵ ਉਨ੍ਹਾਂ ਦੇ ਸਿਆਸੀ ਕਿਰਦਾਰ ‘ਤੇ ਧੱਬਾ ਲਾਉਣਾ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …