Breaking News
Home / ਪੰਜਾਬ / ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ

ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ

ਪੀਆਰਟੀਸੀ ਬੱਸਾਂ ਤੋਂ ‘ਅਮਰਿੰਦਰ’ ਦੇ ਇਸ਼ਤਿਹਾਰੀ ਪੋਸਟਰ ਹਟਾਏ
ਪਟਿਆਲਾ/ਬਿਊਰੋ ਨਿਊਜ਼ : ‘ਖਤ ਟੁੱਕੜੇ-ਟੁੱਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ’ ਗੀਤ ਪੰਜਾਬ ਦੀ ਨਵੀਂ ਸਰਕਾਰ ਦੀ ਮਨੋਦਸ਼ਾ ‘ਤੇ ਸਟੀਕ ਬੈਠਦਾ ਹੈ। ਕਰੀਬ ਚਾਰ ਮਹੀਨਿਆਂ ਲਈ ਬਣੀ ਨਵੀਂ ਸਰਕਾਰ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਯਾਦ ਨੂੰ ਦੇਖਣਾ ਨਹੀਂ ਚਾਹੁੰਦੀ ਹੈ। ਕੈਪਟਨ ਦੇ ਹੁਕਮਾਂ ਨੂੰ ਬਦਲਣ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਤਕ ਨੂੰ ਵੀ ਪੰਜਾਬ ਵਿਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਵਾਲੇ ਇਸ਼ਤਿਹਾਰੀ ਪੋਸਟਰਾਂ ਨੂੰ ਹਟਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਪਹਿਲੇ ਪੜਾਅ ਵਿੱਚ ਪੀਆਰਟੀਸੀ ਦੀਆਂ ਕਰੀਬ ਇੱਕ ਹਜ਼ਾਰ ਸਰਕਾਰੀ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਪੋਸਟਰ ਹਟਾ ਦਿੱਤੇ ਗਏ ਹਨ। ਦੂਜੇ ਪੜਾਅ ਤਹਿਤ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਪੋਸਟਰ ਹਟਾਏ ਜਾਣੇ ਹਨ। ਇਸੇ ਤਰ੍ਹਾਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਸੰਪਤੀ ‘ਤੇ ਲੱਗੇ ਸਰਕਾਰੀ ਫਲੈਕਸਾਂ ‘ਚੋਂ ਵੀ ਅਮਰਿੰਦਰ ਦੀ ਤਸਵੀਰ ਹਟਾਈ ਜਾਵੇਗੀ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੀਆਰਟੀਸੀ ਨੂੰ 20 ਸਤੰਬਰ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਪੀਆਰਟੀਸੀ ਦੀਆਂ ਬੱਸਾਂ ‘ਤੇ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਸ ਸਬੰਧੀ ਇੱਕ ਅਧਿਕਾਰੀ ਨੇ ਇਸ ਪੂਰੇ ਅਮਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਏਨੀ ਜਲਦੀ ਤਾਂ ਬਾਦਲ ਦੇ ਚਿਹਰੇ ਵਾਲੇ ਪੋਸਟਰ ਵੀ ਨਹੀਂ ਹਟਾਏ ਗਏ ਸਨ, ਜਿੰਨੀ ਫੁਰਤੀ ਹੁਣ ਦਿਖਾਈ ਗਈ ਹੈ।’ ਅਗਲੇ ਦਿਨਾਂ ਵਿੱਚ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲੇ ਹੋਰਡਿੰਗ, ਫਲੈਕਸ ਤੇ ਹੋਰ ਮਸ਼ਹੂਰੀ ਪੋਸਟਰ ਨਜ਼ਰ ਆਉਣਗੇ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਸਾਬਕਾ ਮੁੱਖ ਮੰਤਰੀ ਦੀ ਫੋਟੋ ਇਸ਼ਤਿਹਾਰਾਂ ਵਿਚੋਂ ਹਟਾਉਣ ਬਾਰੇ ਕਿਹਾ ਗਿਆ ਹੈ। ਪੱਤਰ ਵਿਚ ਲਿਖਿਆ ਹੈ ਕਿ ਕੈਪਟਨ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਲਈ ਪੀਆਰਟੀਸੀ ਦੀਆਂ ਬੱਸਾਂ ‘ਤੇ ਚੱਲ ਰਹੇ ਕੈਪਟਨ ਦੀ ਤਸਵੀਰ ਵਾਲੇ ਇਸ਼ਤਿਹਾਰ ਤੁਰੰਤ ਹਟਾ ਦਿੱਤੇ ਜਾਣ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨਵੀਂ ਦਿੱਲੀ ’ਚ ‘ਆਪ’ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

ਕੁਲਦੀਪ ਕੁਮਾਰ ਅਤੇ ਸਾਹਰਾਮ ਪਹਿਲਵਾਨ ਦੇ ਰੋਡ ਸ਼ੋਅ ’ਚ ਵੀ ਹੋਣਗੇ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ …