Breaking News
Home / ਘਰ ਪਰਿਵਾਰ / ਵਿਰਾਸਤੀ ਵਿਰਸੇ ਦਾ ਮੋਤੀ – ਗੁੜ

ਵਿਰਾਸਤੀ ਵਿਰਸੇ ਦਾ ਮੋਤੀ – ਗੁੜ

ਸੁਖਪਾਲ ਸਿੰਘ ਗਿੱਲ
98781-11445
ਗੁੜ ਬਾਰੇ ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ ਫਰਿਆਦ ਕੀਤੀ ਕਿ ਲੋਕ ਮੈਨੂੰ ਖਾਂਦੇ ਹਨ। ਅੱਗੋਂ ਰੱਬ ਨੇ ਜਵਾਬ ਦਿੱਤਾ ਪਰੇ ਹਟ ਜਾ ਮੇਰਾ ਵੀ ਜੀਅ ਕਰ ਗਿਆ ਹੈ ਕਿ ਤੈਨੂੰ ਖਾ ਲਵਾਂ। ਪੁਰਾਤਨ ਸਮੇਂ ਤੋਂ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਅਤੇ ਸ਼ਿੰਗਾਰ ਰਿਹਾ ਹੈ। ਵਿੱਚ ਵਿਚਾਲੇ ਖੁਰਾਸਾਨੀ ਦੁਲੱਤੇ ਮਾਰ ਕੇ ਚੀਨੀ ਵੱਲ ਨੂੰ ਹੋ ਗਏ ਸਾਂ।
ਇਸ ਦੇ ਦੁਰਪ੍ਰਭਾਵ ਇੰਨੇ ਵੱਧ ਗਏ ਹਨ ਕਿ ਕਾਬੂ ਤੋਂ ਬਾਹਰ ਹੋ ਗਏ ਹਨ। ਹੁਣ ਗੁੜ ਦੀ ਯਾਦ ਦੁਬਾਰੇ ਆ ਗਈ ਹੈ। ਹੈਰਾਨੀ ਹੁੰਦੀ ਹੈ ਜੋ ਸਾਡੇ ਘਰਾਂ ਦੀ ਖੁਸ਼ਬੂ ਸੀ ਉਸਦੀ ਚਾਹ ਦਾ ਕੱਪ ਪੰਜਾਹ ਰੁਪਏ ਵਿੱਚ ਮਿਲਦਾ ਹੈ। ਖੁਸ਼ੀ ਵੀ ਹੁੰਦੀ ਹੈ ਕਿ ਗੁੜ ਦਾ ਰੇਟ ਅੱਜ ਚੀਨੀ ਤੋਂ ਵੱਧ ਹੈ। ਸ਼ੱਕਰ ਤਾਂ ਲੱਭਿਆ ਵੀ ਨਹੀਂ ਮਿਲਦੀ। ਕਿੱਥੇ ਸ਼ੱਕਰ ਦਾ ਸ਼ਰਬਤ ਅੱਜ ਦੇ ਸ਼ਰਬਤਾਂ ਨੂੰ ਫਿੱਕਾ ਅਤੇ ਝੂਠਾ ਕਰਦਾ ਸੀ। ਜੇ ਖੇਤੀ ਦੇ ਸਹਾਇਕ ਧੰਦੇ ਦਾ ਇੱਕ ਕਿੱਤਾ ਗੁੜ ਬਣਾਉਣਾ ਰਹਿੰਦਾ ਤਾਂ ਕਈ ਝੰਜਟਾਂ ਦਾ ਨਿਬੇੜਾ ਹੋ ਜਾਣਾ ਸੀ। ਗਰਮ ਗੁੜ ਵਿਰਸੇ ਦੀ ਸੁਗਾਤ ਨੂੰ ਅੱਜ ਤਰਸਣਾ ਪੈਂਦਾ ਹੈ। ਰੂੜੀ ਤੋਂ ਤਿਆਰ ਹੋਇਆ ਗੰਨਾ ਗੁੜ ਪੈਦਾ ਕਰਕੇ ਗੁਣਵੱਤਾ ਭਰਪੂਰ ਹੁੰਦਾ ਸੀ । ਸਭ ਤੋਂ ਵੱਡੀ ਗੱਲ ਹੈ ਕਿ ਗੁੜ ਬਣਾਉਣ ਸਮੇਂ ਭਾਈਚਾਰਕ ਏਕਤਾ ਦਾ ਸਬੂਤ ਵੀ ਮਿਲਦਾ ਸੀ। ਗੁੜ ਬਣਾਉਣ ਵਾਲੀ ਘੁਲਾੜੀ ‘ਤੇ ਰੌਣਕ ਲੱਗੀ ਰਹਿੰਦੀ ਸੀ । ਜੋ ਅੱਜ ਗਾਇਬ ਹੈ।
ਪਿੰਡਾਂ ਦੇ ਲੋਕਾਂ ਨੂੰ ਜਦੋਂ ਫਰਜ਼ੀ ਤਿਆਰ ਹੋ ਰਹੇ ਗੁੜ ਖਰੀਦ ਦੇ ਦੇਖਿਆ ਜਾਂਦਾ ਹੈ ਤਾਂ ਅਜੀਬ ਲੱਗਦਾ ਹੈ। ਜਿਹਨਾਂ ਨੇ ਘਰਾਂ ‘ਚ ਗੁੜ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੁੰਦਾ ਹੈ।
ਉਹਨਾਂ ਲਈ ਤਾਂ ਹੋਰ ਵੀ ਅਜੀਬ ਲੱਗਦਾ ਹੈ। ਗੰਨੇ ਤੋਂ ਚੀਨੀ ਬਣਾਉਣ ਨੂੰ ਪ੍ਰਫੁਲਿੱਤ ਕਰਨ ਲਈ ਉੱਦਮ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਹਨ। ਖੰਡ ਮਿੱਲਾਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਭੁਗਤਾਨ ਸੰਬੰਧੀ ਦਿੱਕਤਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਹੈ। ਅੱਜ ਸਮਾਂ ਮੰਗ ਕਰਦਾ ਹੈ ਕਿ ਗੁੜ ਨੂੰ ਖੇਤੀ ਦੇ ਪ੍ਰਮੁੱਖ ਸਹਾਇਕ ਧੰਦੇ ਵਜੋਂ ਉਤਸ਼ਾਹਿਤ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ।
ਸਿਰਫ ਮਿਹਨਤ ਦੀ ਲੋੜ ਹੈ। ਸਾਡਾ ਖੁਸਿਆ ਮਿਹਨਤੀ ਸੁਭਾਅ ਇਸ ਵਿੱਚ ਰੁਕਾਵਟ ਹੈ। ਆਖਰ ਇਸ ਵੱਲ ਮੁੜਨਾ ਪਵੇਗਾ। ਗੁੜ ਜਿੱਥੇ ਆਯੂਰਵੈਦਿਕ ਦਵਾਈ ਹੈ। ਉੱਥੇ ਪਰਚੂਨ ਵਿੱਚ ਵਿਕਦਾ ਹੈ। ਜੇ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਦੇਖੀਏ ਤਾਂ ਉਹ ਪੰਜਾਬ ਵਿੱਚ ਆ ਕੇ ਇਹ ਕਿੱਤਾ ਅਪਣਾ ਕੇ ਖੁਸ਼ਹਾਲ ਹੋ ਰਹੇ ਹਨ । ਸਾਡਾ ਤਾਂ ਇਹ ਵਿਰਾਸਤੀ ਕਿੱਤਾ ਹੈ। ਬੀਤ ਦੇ ਇਲਾਕੇ ਦਾ ਗੁੜ ਮਸ਼ਹੂਰ ਹੈ। ਗੰਨਾ ਸਾਰੇ ਪੰਜਾਬ ਵਿੱਚ ਹੁੰਦਾ ਹੈ। ਚੀਨੀ ਨਾਲ ਸਿਹਤ ਲਈ ਖਿਲਵਾੜ ਹੋ ਕੇ ਮਨੁੱਖਤਾ ਲਈ ਵੰਗਾਰ ਨੇ ਗੁੜ ਦੀ ਯਾਦ ਦਿਵਾਈ ਹੈ। ਉਂਝ ਗੁੜ ਨਾਲ ਖਿਲਵਾੜ ਉਦੋਂ ਹੀ ਸ਼ੁਰੂ ਹੋ ਗਿਆ ਸੀ। ਜਦੋਂ ਮੈਲ ਉਤਾਰਨ ਲਈ ਰਸਾਇਣਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ । ਜੈਵਿਕ ਤਰੀਕੇ ਦੇ ਗੁੜ ਨਾਲ ਲੋਕ ਸਿਹਤ ਪੱਖੋਂ ਬਲਵਾਨ ਰਹਿੰਦੇ ਹਨ। ਅੱਜ ਕਿਸਾਨ ਆਪਣਾ ਗੁੜ ਤਿਆਰ ਕਰਕੇ ਖੁਦ ਵੇਚਣ ਤਾਂ ਕੋਈ ਮਿਹਣਾ ਨਹੀਂ। ਇਸ ਕਿੱਤੇ ਨਾਲ ਸ਼ਰਮ ਪਰੇ ਕਰਕੇ ਰੱਖ ਦੇਣੀ ਚਾਹੀਦੀ ਹੈ।
ਥੋੜ੍ਹੇ ਸਮੇਂ ਵਿੱਚ ਹੀ ਜੈਵਿਕ ਗੁੜ ਅਤੇ ਖੁਦ ਮੰਡੀਕਰਨ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਣਗੇ। ਕੜਾਹੇ ਅਤੇ ਵੇਲਣੇ ਵਿੱਚੋਂ ਨਿਕਲ ਕੇ ਗੁੜ ਆਇਰਨ ਦੀ ਲੋੜ ਵੀ ਪੂਰੀ ਕਰਦਾ ਹੈ। ਗੁੜ ਦੀ ਗੱਚਕ ਅਤੇ ਟਿੱਕੀ ਬਣਾਕੇ ਕੀਮਤ ਹੋਰ ਵੀ ਵੱਧ ਮਿਲਦੀ ਹੈ। ਇਹ ਸਾਡਾ ਗੁਣ ਹੋਰਾਂ ਨੇ ਕਬੂਲ ਕਰਕੇ ਸਾਨੂੰ ਹਾਸ਼ੀਏ ਵੱਲ ਧੱਕਿਆ ਹੈ। ਆਪਣੇ ਗੰਨੇ ਦਾ ਰਸ ਵੇਚਣ ਵਾਲੇ 5 ਹਜ਼ਾਰ ਰੁਪਈਆ ਰੋਜ਼ ਦਾ ਕਮਾ ਲੈਂਦੇ ਹਨ। ਇਸ ਲਈ ਗੁੜ ਦਾ ਧੰਦਾ ਆਤਮ ਨਿਰਭਰਤਾ ਦਾ ਸਬੂਤ ਦੇਵੇਗਾ। ਜਿਸ ਨਾਲ ਕਿਸਾਨ ਦੀ ਜੇਬ ਹਰੀ ਰਹੇਗੀ। ਨਿੱਤ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ।
ਉਂਝ ਵੀ ਸਾਡੇ ਬਾਬੇ ਨਾਨਕ ਨੇ ਕਰਤਾਰਪੁਰ ਵਿੱਚ ਕਿਰਤ ਦੀ ਬੀਜ ਬੋਅ ਕੇ ਸਾਨੂੰ ਮਿਹਨਤ ਦਾ ਸਬਕ ਦਿੱਤਾ ਸੀ। ਅਸੀਂ ਇਹ ਵੀ ਭੁਲਾ ਦਿੱਤਾ ਹੈ। ”ਕਿਰਸਾਣੀ ਕਿਰਸਾਣੁ ਕਰੇ” ਜਨਮ ਸਮੇਂ ਗੁੜ ਆਦਿ ਵਸਤਾਂ ਦੀ ਬਣੀ ਘੁੱਟੀ ਬੱਚੇ ਨੂੰ ਦੇ ਕੇ ਗੁੜ੍ਹਤੀ ਦਿੱਤੀ ਜਾਂਦੀ ਸੀ। ਦਿਲ ਵਿੱਚ ਛੁਰੀ ਮੂੰਹ ਵਿੱਚ ਗੁੜ ਦੀ ਕਹਾਵਤ ਵੀ ਭਾਰੂ ਰਹੀ ਜੋ ਅੱਜ ਵੀ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ। ਵਿਆਹ ਸ਼ਾਦੀ ਸਮੇਂ ਗੁੜ ਦੀ ਭਾਜੀ ਦਿੱਤੀ ਜਾਂਦੀ ਸੀ, ਜੋ ਅੱਜ ਮਿਠਾਈ ਨੂੰ ਇਸਦੀ ਥਾਂ ਦੇ ਦਿੱਤੀ ਹੈ।
ਹੇੈਰਾਨੀ ਇਹ ਵੀ ਹੈ ਕਿ ਮਿਠਾਈ ਖਾਣ ਨੂੰ ਅੱਜ ਕੋਈ ਤਿਆਰ ਨਹੀਂ ਹੈ । ਪਰ ਗੁੜ ਫਿਰ ਵੀ ਨਹੀਂ ਦਿੱਤਾ ਜਾਂਦਾ ਹੈ। ਗੁੜ ਦੇ ਰੰਗ ਨੂੰ ਰਸਾਇਣ ਪਾ ਕੇ ਚਿੱਟਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਗੁੜ ਆਪਣਾ ਦੇਸੀ ਗੁਣ ਖਤਮ ਕਰ ਦਿੰਦਾ ਹੈ। ਗੰਨੇ ਦੀ ਫਸਲ ਮੋਂਢੀ ਰੱਖ ਕੇ ਦੁਵਾਰੇ ਵੀ ਹੋ ਜਾਂਦੀ ਹੈ। ਜੋ ਹੋਰ ਫਸਲਾਂ ਵਿੱਚ ਨਹੀਂ ਹੁੰਦਾ। ਜੱਟ ਗੰਨਾਂ ਨਹੀਂ ਦਿੰਦਾ ਸੀ ਗੁੜ ਦੀ ਭੇਲੀ ਦੇ ਦਿੰਦਾ ਸੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਹੈ। ਆਓ ਇਸ ਵੱਲ ਤੁਰੰਤ ਮੁੜੀਏ।

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …