ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕੈਨੇਡਾ ਦੇ 6 ਸੂਬਿਆਂ ‘ਚ ਇਕ ਦਿਨ ‘ਚ ਕਰੋਨਾ ਵਾਇਰਸ ਦੇ ਮਾਮਲੇ ਨਵੇਂ ਸਿਖਰ ‘ਤੇ ਪਹੁੰਚੇ ਗਏ, ਜਿਸ ਨਾਲ ਵੱਖ-ਵੱਖ ਸੂਬਿਆਂ ਨੂੰ ਓਮੀਕਰੋਨ ਵੇਰੀਐਂਟ ਦੇ ਪਰਸਾਰ ਨੂੰ ਰੋਕਣ ਲਈ ਹੋਰ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਿਆ। ਇਨਫੈਕਸ਼ਨ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਮਾਮਲੇ ਓਨਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਾਹਮਣੇ ਆਏ, ਜੋ ਕਿ ਦੇਸ਼ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬਿਆਂ ਵਿਚ ਸ਼ਾਮਲ ਹਨ।
ਪਿਛਲੇ 24 ਘੰਟਿਆਂ ਵਿਚ ਕਿਊਬਿਕ ਵਿਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਓਨਟਾਰੀਓ ਵਿਚ 10,436 ਅਤੇ ਬ੍ਰਿਟਿਸ਼ ਕੋਲੰਬੀਆ ਵਿਚ 2944 ਲੋਕ ਪੀੜਤ ਪਾਏ ਗਏ। ਮੈਨੀਟੋਬਾ, ਅਲਬਰਟਾ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੇ ਵੀ ਲਾਗ ਦੇ ਨਵੇਂ ਮਾਮਲਿਆਂ ਵਿਚ ਰਿਕਾਰਡ ਕਾਇਮ ਕੀਤੇ ਹਨ। ਮੈਨੀਟੋਬਾ ਵਿਚ ਸੰਕਰਮਣ ਦੇ 947 ਮਾਮਲੇ ਸਾਹਮਣੇ ਆਏ, ਜਿਸ ਨੇ ਆਪਣਾ ਇਕ ਦਿਨ ਪੁਰਾਣਾ ਰਿਕਾਰਡ ਤੋੜ ਦਿੱਤਾ ਜਦੋਂ 825 ਨਵੇਂ ਮਾਮਲੇ ਸਾਹਮਣੇ ਆਏ। ਅਲਬਰਟਾ ਵਿਚ 2775 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚ 312 ਨਵੇਂ ਮਾਮਲੇ ਸਾਹਮਣੇ ਆਏ ਹਨ। ਬ੍ਰਿਟਿਸ਼ ਕੋਲੰਬੀਆ ਨੇ ਘੋਸ਼ਣ ਕੀਤੀ ਹੈ ਕਿ ਉਸ ਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਦੇਰੀ ਨਾਲ ਖੋਲਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਕੂਲ ਕਰਮਚਾਰੀਆਂ ਨੂੰ ਸਿਹਤ ਉਪਾਅ ਕਰਨ ਲਈ ਸਮਾਂ ਮਿਲੇ।
ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਜਿਨਾਂ ਦੇ ਮਾਪੇ ਸਿਹਤ ਕਰਮਚਾਰੀ ਹਨ, ਨੂੰ 3 ਜਾਂ 4 ਜਨਵਰੀ ਨੂੰ ਸਕੂਲ ਤੋਂ ਆਉਣਾ ਪਵੇਗਾ, ਜਦਕਿ ਬਾਕੀ ਸਾਰੇ ਵਿਦਿਆਰਥੀ 10 ਜਨਵਰੀ ਤੋਂ ਸਕੂਲ ਆਉਣਗੇ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਸਕੂਲਾਂ ਵਿਚ ਦੂਰੀ ਤੋਂ ਪੜਾਈ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।