ਕਿਹਾ : ਪਰਵਾਸੀ ਭਾਰਤੀਆਂ ਦੇ ਦਿਲ ’ਚ ਧੜਕਦਾ ਹੈ ਭਾਰਤ
ਭੁਵਨੇਸ਼ਵਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਉੜੀਸਾ ਦੇ ਭੁਵਨੇਸ਼ਵਰ ਵਿਚ 18ਵੇਂ ਪਰਵਾਸੀ ਭਾਰਤੀ ਦਿਵਸ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀ ਜਿੱਥੇ ਵੀ ਜਾਂਦੇ ਹਨ, ਉਹ ਉਸ ਨੂੰ ਆਪਣਾ ਬਣਾਉਂਦੇ ਹਨ। ਇਸਦੇ ਬਾਵਜੂਦ ਵੀ ਭਾਰਤ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਧੜਕਦਾ ਹੈ ਅਤੇ ਇਸ ਕਰਕੇ ਹੀ ਮੇਰਾ ਸਿਰ ਦੁਨੀਆ ਵਿਚ ਉੱਚਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਮੇਡ ਇਨ ਇੰਡੀਆ ਲੜਾਕੂ ਜਹਾਜ਼ ਬਣਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਮੇਡ ਇਨ ਇੰਡੀਆ ਜਹਾਜ਼ ਵਿਚ ਪਰਵਾਸੀ ਭਾਰਤੀ ਦਿਵਸ ਮਨਾਉਣ ਲਈ ਆਓਗੇ। ਮੋਦੀ ਨੇ ਪਰਵਾਸੀ ਭਾਰਤੀ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਈ। ਇਹ ਭਾਰਤੀ ਪਰਵਾਸੀਆਂ ਲਈ ਇੱਕ ਵਿਸ਼ੇਸ਼ ਸੈਲਾਨੀ ਰੇਲਗੱਡੀ ਹੈ, ਜੋ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਤਿੰਨ ਹਫਤਿਆਂ ਦੀ ਮਿਆਦ ਵਿਚ ਵੱਖ-ਵੱਖ ਸੈਲਾਨੀ ਸਥਾਨਾਂ ਦੀ ਯਾਤਰਾ ਕਰੇਗੀ। ਪਰਵਾਸੀ ਭਾਰਤੀ ਦਿਵਸ ’ਚ ਸ਼ਾਮਲ ਹੋਣ ਲਈ 70 ਦੇਸ਼ਾਂ ਦੇ 3 ਹਜ਼ਾਰ ਤੋਂ ਵੱਧ ਡੈਲੀਗੇਟ ਉੜੀਸਾ ਪਹੁੰਚੇ ਹਨ।