
ਪੰਜਾਬ ਦੇ ਕਈ ਇਲਾਕੇ ਪਾਣੀ ’ਚ ਡੁੱਬੇ – ਲੋਕਾਂ ’ਚ ਬਣਿਆ ਸਹਿਮ ਦਾ ਮਾਹੌਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨੇ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅਗਲੇ 24 ਘੰਟੇ ਹੋਰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਚੁੱਕੇ ਹਨ ਅਤੇ ਹੁਣ ਹੋਰ ਭਾਰੀ ਮੀਂਹ ਦੀ ਚਿਤਾਵਨੀ ਨੇ ਲੋਕਾਂ ’ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਮੌਸਮ ਵਿਭਾਗ ਨੇ ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਗੜ੍ਹਸ਼ੰਕਰ, ਰੋਪੜ ਅਤੇ ਪਟਿਆਲਾ ਸਣੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਲਈ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿਚ ਮੱਧਮ ਮੀਂਹ ਪੈਣ ਲਈ ਔਰੈਂਜ ਅਲਰਟ ਵੀ ਜਾਰੀ ਕੀਤਾ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਦਾ ਦੌਰਾ ਕੀਤਾ ਹੈ। ਧਿਆਨ ਰਹੇ ਕਿ ਰਾਵੀ ਦਰਿਆ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ ਹੁਣ ਤੱਕ ਹੜ੍ਹਾਂ ਕਾਰਨ 26 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਜਲੰਧਰ ਨੂੰ ਸਰਕਾਰ ਨੇ ਕੁਦਰਤੀ ਆਫਤ ਪ੍ਰਭਾਵਿਤ ਜ਼ਿਲ੍ਹਾ ਐਲਾਨਿਆ
ਭਾਰੀ ਮੀਂਹ ਕਾਰਨ ਜਲੰਧਰ ਦੇ ਕਈ ਇਲਾਕੇ ਪਾਣੀ ’ਚ ਡੁੁੱਬੇ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਭਾਰੀ ਮੀਂਹ ਪੈਣ ਕਾਰਨ ਸਥਿਤੀ ਵਿਗੜਨੀ ਸ਼ੁਰੂ ਹੋ ਗਈ ਹੈ। ਭਾਰੀ ਮੀਂਹ ਕਾਰਨ ਜਲੰਧਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਰੇਲਵੇ ਸਟੇਸ਼ਨ, ਮਾਡਲ ਟਾਊਨ, ਅਰਬਨ ਅਸਟੇਟ ਅਤੇ ਕਿਸ਼ਨਪੁਰਾ ਸਣੇ ਕਈ ਇਲਾਕੇ ਪਾਣੀ ਵਿਚ ਘਿਰੇ ਹੋਏ ਹਨ। ਦੱਸਿਆ ਗਿਆ ਕਿ ਦਮੋਰੀਆ ਪੁਲ ਪੂੁਰੀ ਤਰ੍ਹਾਂ ਪਾਣੀ ਵਿਚ ਘਿਰ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਆਪਣੇ ਵਲੋਂ ਜਾਰੀ ਬੁਲੇਟਿਨ ਵਿਚ ਜਲੰਧਰ ਨੂੰ ਆਫਤ ਪ੍ਰਭਾਵਿਤ ਜ਼ਿਲ੍ਹਾ ਐਲਾਨਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸੂ ਅਗਰਵਾਲ ਲੋਕਾਂ ਨੂੰ ਸਥਿਤੀ ਨੂੰ ਕਾਬੂ ਕਰਨ ਦੀ ਅਪੀਲ ਕਰ ਰਹੇ ਹਨ, ਪਰ ਦੂਜੇ ਪਾਸੇ ਸਰਕਾਰ ਵਲੋਂ ਜਲੰਧਰ ਨੂੰ ਕੁਦਰਤੀ ਆਫਤ ਤੋਂ ਪ੍ਰਭਾਵਿਤ ਐਲਾਨੇ ਜਾਣ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਹੋਰ ਵੀ ਵਧ ਗਈਆਂ ਹਨ। ਧਿਆਨ ਰਹੇ ਕਿ ਹੜ੍ਹਾਂ ਕਾਰਨ ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ।

