ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵ ਭਗਤਾਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੇ ਚੰਡੀਗੜ੍ਹ ਸਣੇ ਦੇਸ਼ ਭਰ ‘ਚ ਮੰਗਲਵਾਰ ਮਹਾਂਸ਼ਿਵਰਾਤਰੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਦੇਸ਼ ਭਰ ਦੇ ਸ਼ਿਵ ਮੰਦਿਰਾਂ ‘ਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਮੱਥਾ ਟੇਕਣ ਲਈ ਲੱਗੀਆਂ ਦਿਖਾਈ ਦਿੱਤੀਆਂ। ਮੰਨਿਆ ਜਾਂਦਾ ਹੈ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਵਿਆਹ ਬੰਧਨ ‘ਚ ਬੱਝੇ ਸਨ।
ਇਸੇ ਦਿਨ ਹੀ ਭਗਵਾਨ ਸ਼ਿਵ ਨੇ ਪਹਿਲੀ ਵਾਰ ਜਯੋਤਿਰਲਿੰਗ ਦੇ ਰੂਪ ‘ਚ ਦਰਸ਼ਨ ਵੀ ਦਿੱਤੇ ਸਨ। ਸ਼ਿਵ-ਪਾਰਵਤੀ ਦੇ ਗ੍ਰਹਿਸਥੀ ਜੀਵਨ ਨੂੰ ਆਦਰਸ਼ ਮੰਨਿਆ ਜਾਂਦਾ ਹੈ ਕਿਉਂਕਿ ਬੇਟੇ ਕਾਰਤੀਕੇ ਅਤੇ ਗਣੇਸ਼ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਪ੍ਰੇਮ ਆਧੁਨਿਕ ਪਰਿਵਾਰਾਂ ਨੂੰ ਸਿਖਾਉਂਦਾ ਹੈ ਕਿ ਅਸੀਂ ਪਤੀ-ਪਤਨੀ, ਮਾਤਾ-ਪਿਤਾ ਅਤੇ ਸੰਤਾਨ ਨੂੰ ਕਿਸ ਤਰ੍ਹਾਂ ਪਿਆਰ ਨਾਲ ਰੱਖ ਸਕਦੇ ਹਾਂ। ਇਹ ਸਾਰੀਆਂ ਗੱਲਾਂ ਸਾਨੂੰ ਭਗਵਾਨ ਸ਼ਿਵ ਦੇ ਪਰਿਵਾਰਕ ਪ੍ਰੇਮ ਨੂੰ ਦੇਖ ਕੇ ਸਿੱਖਣ ਨੂੰ ਮਿਲਦੀਆਂ ਹਨ।
ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸਮੂਹ ਸ਼ਿਵ ਭਗਤਾਂ ਨੂੰ ਵਧਾਈਆਂ ਦਿੱਤੀਆਂ।
ਧਿਆਨ ਰਹੇ ਕਿ ਚੋਣਾਂ ਤੋਂ ਪਹਿਲਾਂ ਸਾਰੇ ਰਾਜਨੀਤਿਕ ਆਗੂ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਲਈ ਪਹੁੰਚ ਰਹੇ ਸਨ ਪ੍ਰੰਤੂ ਚੋਣਾਂ ਖਤਮ ਹੁੰਦਿਆਂ ਹੀ ਸ਼ਿਵ ਰਾਤਰੀ ਮੌਕੇ ਕੋਈ ਵੀ ਸਿਆਸੀ ਆਗੂ ਕਿਸੇ ਸ਼ਿਵ ਮੰਦਰ ‘ਚ ਮੱਥਾ ਟੇਕਦਾ ਦਿਖਾਈ ਨਹੀਂ ਦਿੱਤਾ।