ਆਰੋਪੀਆਂ ਨੇ ਸੰਸਦ ਭਵਨ ’ਚ ਦਾਖਲ ਹੋਣ ਦੀ ਡੇਢ ਸਾਲ ਪਹਿਲਾਂ ਬਣਾਈ ਸੀ ਯੋਜਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਭਵਨ ਦੀ ਸੁਰੱਖਿਆ ’ਚ ਲੰਘੇ ਕੱਲ੍ਹ ਲੱਗੀ ਸੰਨ ਦੇ ਮਾਮਲੇ ’ਚ ਲੋਕ ਸਭਾ ਸਕੱਤਰੇਤ ਨੇ ਸਖਤ ਕਦਮ ਚੁੱਕਦਿਆਂ ਇਥੋਂ ਦੇ 8 ਸੁਰੱਖਿਆ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਸੁਰੱਖਿਆ ਕਰਮਚਾਰੀਆਂ ’ਚ ਰਾਮਪਾਲ, ਅਰਵਿੰਦ, ਵੀਰਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰੇਂਦਰ ਸ਼ਾਮਲ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਰੇ ਆਰੋਪੀ ਸ਼ੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜੇ ਹੋਏ ਹਨ। ਇਹ ਸਾਰੇ ਆਰੋਪੀ ਲਗਭਗ ਡੇਢ ਸਾਲ ਪਹਿਲਾਂ ਮੈਸੂਰ ਵਿਚ ਮਿਲੇ ਸਨ, ਜਿਸ ਤੋਂ ਬਾਅਦ ਸਾਗਰ ਨਾਮੀ ਆਰੋਪੀ ਜੁਲਾਈ ਮਹੀਨੇ ’ਚ ਲਖਨਊ ਤੋਂ ਦਿੱਲੀ ਆਇਆ ਸੀ ਪ੍ਰੰਤੂ ਉਹ ਸੰਸਦ ਭਵਨ ’ਚ ਦਾਖਲ ਨਹੀਂ ਹੋ ਸਕਿਆ। ਲੰਘੀ 10 ਦਸੰਬਰ ਨੂੰ ਇਹ ਸਾਰੇ ਆਰੋਪੀ ਇਕ-ਇਕ ਕਰਕੇ ਆਪਣੇ-ਆਪਣੇ ਰਾਜਾਂ ਤੋਂ ਦਿੱਲੀ ਪਹੁੰਚੇ ਅਤੇ ਘਟਨਾ ਵਾਲੇ ਦਿਨ 13 ਦਸੰਬਰ ਨੂੰ ਇਹ ਸਾਰੇ ਆਰੋਪੀ ਇੰਡੀਆ ਗੇਟ ’ਤੇ ਇਕੱਠੇ ਹੋਏ। ਜਿੱਥੇ ਸਾਰਿਆਂ ਨੂੰ ਪੀਲੇ ਰੰਗ ਦਾ ਸਪਰੇ ਵੰਡਿਆ ਗਿਆ। ਸੰਸਦ ਭਵਨ ਸੁਰੱਖਿਆ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ, ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਅਤੇ ਅਨੁਰਾਗ ਠਾਕਰ ਨਾਲ ਇਕ ਮੀਟਿੰਗ ਵੀ ਕੀਤੀ।