ਲੋਕ ਸਭਾ ’ਚ ਵਿਰੋਧੀ ਧਿਰਾਂ ਨੇ ਮੰਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਰਦ ਰੁੱਤ ਸੈਸ਼ਨ ਦੇ 9ਵੇਂ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਭਵਨ ਦੀ ਸੁਰੱਖਿਆ ’ਚ ਲੱਗੇ ਸੰਨ ਦੇ ਮਾਮਲੇ ’ਚ ਹੰਗਾਮਾ ਕੀਤਾ ਗਿਆ। ਰਾਜਸਭਾ ’ਚ ਵਿਰੋਧ ਕਰਦੇ ਹੋਏ ਤਿ੍ਰਣਮੂਲ ਕਾਂਗਰਸ ਦੇ ਸਾਂਸਦ ਡੇਰੇਕ ਓਬ੍ਰਾਈਨ ਵੈਲ ’ਚ ਆ ਗਏ, ਜਿਸ ਤੋਂ ਸਭਾਪਤੀ ਜਗਦੀਪ ਧਨਖੜ ਨਾਰਾਜ਼ ਹੋ ਗਏ। ਉਨ੍ਹਾਂ ਡੇਰੇਕ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ ਅਤੇ ਇਸ ਤੋਂ ਬਾਅਦ ਸਾਂਸਦ ਡੇਰੇਕ ਨੂੰ ਬਾਕੀ ਬਚੇ ਹੋਏ ਸੈਸ਼ਨ ਲਈ ਰਾਜਸਭਾ ਤੋਂ ਸਸਪੈਂਡ ਕਰ ਦਿੱਤਾ। ਲੋਕ ਸਭਾ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਅਜਿਹੇ ਵਿਅਕਤੀਆਂ ਨੂੰ ਸੰਸਦ ’ਚ ਦਾਖਲ ਹੋਣ ਦੇ ਪਾਸ ਨਾ ਦਿੱਤੇ ਜਾਣ, ਜਿਨ੍ਹਾਂ ਕਾਰਨ ਅਰਾਜਕਤਾ ਫੈਲਣ ਦਾ ਡਰ ਹੋਵੇ। ਇਸ ਤੋਂ ਪਹਿਲਾਂ ਜਿਵੇਂ ਹੀ ਸਪੀਕਰ ਓਮ ਬਿਰਲਾ ਲੋਕ ਸਭਾ ਪਹੁੰਚੇ ਤਾਂ ਵਿਰੋਧੀ ਧਿਰ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਵਾਪਰੀ ਘਟਨਾ ਤੋਂ ਸਭ ਚਿੰਤਤ ਹਨ। ਉਨ੍ਹਾਂ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਸਪੀਕਰ ਹੋਣ ਦੇ ਨਾਤੇ ਸਾਰਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ।