ਵਿਜੀਟਰ ਗੈਲਰੀ ’ਚੋਂ ਦੋ ਵਿਅਕਤੀਆਂ ਨੇ ਲੋਕ ਸਭਾ ’ਚ ਮਾਰੀ ਛਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਪਾਸੇ ਜਿੱਥੇ ਦੇਸ਼ ਭਰ ’ਚ ਸੰਸਦ ਭਵਨ ’ਤੇ ਹੋਏ ਹਮਲੇ ਦੀ 22ਵੀਂ ਬਰਸੀ ਮਨਾਈ ਜਾ ਰਹੀ ਸੀ, ਉਥੇ ਹੀ ਅੱਜ ਸੰਸਦ ਭਵਨ ਦੀ ਸੁਰੱਖਿਆ ’ਚ ਇਕ ਵਾਰ ਫਿਰ ਤੋਂ ਸੰਨ੍ਹ ਲੱਗ ਗਈ ਅਤੇ ਦੋ ਨੌਜਵਾਨਾਂ ਨੇ ਵਿਜੀਟਰ ਗੈਲਰੀ ਵਿਚੋਂ ਲੋਕ ਸਭਾ ਵਿਚ ਛਾਲ ਮਾਰ ਦਿੱਤੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਭਾਜਪਾ ਦੇ ਸੰਸਦ ਮੈਂਬਰ ਖਗੇਨ ਮੁਰਮੂ ਆਪਣੀ ਗੱਲ ਲੋਕ ਸਭਾ ਵਿਚ ਰੱਖ ਰਹੇ ਸਨ। ਲੋਕ ਸਭਾ ’ਚ ਦਾਖਲ ਹੋਣ ਵਾਲੇ ਨੌਜਵਾਨਾਂ ਨੇ ਸਦਨ ’ਚ ਸਪਰੇਅ ਕਰ ਦਿੱਤਾ, ਜਿਸ ਨਾਲ ਸਦਨ ’ਚ ਪੀਲੇ ਰੰਗ ਧੂੰਆਂ ਚਾਰੇ ਪਾਸੇ ਫੈਲ ਗਿਆ ਅਤੇ ਸਦਨ ’ਚ ਹਫੜਾ ਦਫੜੀ ਮਚ ਗਈ। ਲੋਕ ਸਭਾ ’ਚ ਛਾਲ ਮਾਰਨ ਵਾਲੇ ਦੋਵੇਂ ਨੌਜਵਾਨਾਂ ਨੂੰ ਅੰਮਿ੍ਰਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਫੜ ਲਿਆ। ਜਿਸ ਤੋਂ ਬਾਅਦ ਕੁਝ ਹੋਰ ਲੋਕ ਸਭਾ ਮੈਂਬਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੋਕ ਸਭਾ ਦੀ ਕਾਰਵਾਈ ਦੌਰਾਨ ਦਾਖਲ ਹੋਏ ਦੋਵੇਂ ਨੌਜਵਾਨ ਵਿਜੀਟਰ ਪਾਸ ’ਤੇ ਸਦਨ ’ਚ ਆਏ ਸਨ। ਇਸੇ ਦੌਰਾਨ ਸਦਨ ਦੇ ਬਾਹਰ ਵੀ ਇਕ ਮਹਿਲਾ ਅਤੇ ਪੁਰਸ਼ ਵੱਲੋਂ ਪੀਲੇ ਰੰਗ ਦਾ ਧੂੰਆਂ ਛੱਡਿਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਨੂੰ ਵੀ ਪੁਲਿਸ ਕਰਮਚਾਰੀਆਂ ਨੇ ਗਿ੍ਰਫ਼ਤਾਰ ਕਰ ਲਿਆ। ਇਸ ਤੋਂ ਬਾਅਦ ਕੁੱਝ ਸਮੇਂ ਲਈ ਲੋਕ ਸਭਾ ਦੀ ਕਾਰਵਾਈ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜੋ ਬਾਅਦ ਵਿਚ ਫਿਰ ਤੋਂ ਸੁਖਾਵੇਂ ਮਾਹੌਲ ਵਿਚ ਸ਼ੁਰੂ ਹੋ ਗਈ ਸੀ।